ਨਿਯਮ ਛਿੱਕੇ ਟੰਗ ਚੱਲ ਰਹੇ ਨੇ ਜ਼ੀਰਕਪੁਰ ਦੇ ਹੋਟਲ ਤੇ ਗੇਸਟ ਹਾਊਸ, ਵਿਗੜਿਆ ਸ਼ਹਿਰ ਦਾ ਨਕਸ਼ਾ; ਅਗਲੇ ਮਹੀਨੇ ਹੋਵੇਗੀ ਵੱਡੀ ਜਾਂਚ
ਤੇਜ਼ੀ ਨਾਲ ਵਿਕਸਿਤ ਹੋ ਰਹੇ ਜ਼ੀਰਕਪੁਰ ਸ਼ਹਿਰ 'ਚ ਹੋਟਲ ਅਤੇ ਗੇਸਟ ਹਾਊਸ ਕਾਰੋਬਾਰ ਖੂਬ ਫਲ-ਫੁੱਲ ਰਿਹਾ ਹੈ। ਇਸ 'ਤੇ ਸਵਾਲ ਉਦੋਂ ਖੜ੍ਹਾ ਹੁੰਦਾ ਹੈ, ਜਦੋਂ ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਅਨੁਸਾਰ ਸਿਰਫ਼ 36 ਹੋਟਲ ਹੀ ਕਾਨੂੰਨੀ ਤੌਰ 'ਤੇ ਮਨਜ਼ੂਰਸ਼ੁਦਾ ਪਾਏ ਗਏ।
Publish Date: Fri, 19 Jun 2026 03:40 PM (IST)
Updated Date: Fri, 19 Jun 2026 03:41 PM (IST)

ਪੱਤਰਕਾਰ, ਜ਼ੀਰਕਪੁਰ (ਮੋਹਾਲੀ) : ਤੇਜ਼ੀ ਨਾਲ ਵਿਕਸਿਤ ਹੋ ਰਹੇ ਜ਼ੀਰਕਪੁਰ ਸ਼ਹਿਰ 'ਚ ਹੋਟਲ ਅਤੇ ਗੇਸਟ ਹਾਊਸ ਕਾਰੋਬਾਰ ਖੂਬ ਫਲ-ਫੁੱਲ ਰਿਹਾ ਹੈ। ਇਸ 'ਤੇ ਸਵਾਲ ਉਦੋਂ ਖੜ੍ਹਾ ਹੁੰਦਾ ਹੈ, ਜਦੋਂ ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਅਨੁਸਾਰ ਸਿਰਫ਼ 36 ਹੋਟਲ ਹੀ ਕਾਨੂੰਨੀ ਤੌਰ 'ਤੇ ਮਨਜ਼ੂਰਸ਼ੁਦਾ ਪਾਏ ਗਏ।
ਬਾਕੀ ਸਾਰੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਹਨ, ਜਿਸ ਕਾਰਨ ਸ਼ਹਿਰ ਦਾ ਢਾਂਚਾ (ਸਟ੍ਰਕਚਰ) ਵਿਗੜ ਰਿਹਾ ਹੈ। ਆਮ ਲੋਕਾਂ ਲਈ ਪਾਰਕਿੰਗ ਅਤੇ ਜਾਮ ਦੀ ਪਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਹੈ। ਮੁੱਖ ਸੜਕਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਵੱਡੀ ਗਿਣਤੀ 'ਚ ਹੋਟਲ, ਗੇਸਟ ਹਾਊਸ ਅਤੇ ਲਾਜ ਚੱਲਣ ਕਾਰਨ ਸ਼ਹਿਰ ਦੀ ਯੋਜਨਾਬੰਦੀ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਬਹਿਸ ਤੇਜ਼ ਹੋ ਗਈ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਕਈ ਹੋਟਲ ਬਿਨਾਂ ਪੂਰੇ ਪਾਰਕਿੰਗ ਪ੍ਰਬੰਧਾਂ ਦੇ ਚੱਲ ਰਹੇ ਹਨ। ਇਸ ਕਾਰਨ ਆਸ-ਪਾਸ ਦੇ ਇਲਾਕਿਆਂ 'ਚ ਟ੍ਰੈਫਿਕ ਜਾਮ ਅਤੇ ਨਾਜਾਇਜ਼ ਪਾਰਕਿੰਗ ਦੀ ਸਮੱਸਿਆ ਵਧ ਰਹੀ ਹੈ। ਇਸ ਤੋਂ ਇਲਾਵਾ ਫਾਇਰ ਸੇਫਟੀ ਮਾਨਕਾਂ, NOC ਅਤੇ ਐਮਰਜੈਂਸੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।
ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਗਈ ਤਾਂ ਭਵਿੱਖ 'ਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸਥਾਨਕ ਪੱਧਰ 'ਤੇ ਇਹ ਮੁੱਦਾ ਵੀ ਚਰਚਾ 'ਚ ਹੈ ਕਿ ਕੁਝ ਇਮਾਰਤਾਂ ਦੇ ਨਕਸ਼ੇ ਹੋਰ ਵਪਾਰਕ ਗਤੀਵਿਧੀਆਂ ਲਈ ਪਾਸ ਕਰਵਾਏ ਗਏ ਸਨ, ਪਰ ਬਾਅਦ 'ਚ ਉਹਨਾਂ 'ਚ ਹੋਟਲ ਜਾਂ ਗੇਸਟ ਹਾਊਸ ਖੋਲ੍ਹ ਦਿੱਤੇ ਗਏ। ਇਸ ਨਾਲ ਬਿਲਡਿੰਗ ਦੀ ਵਰਤੋਂ ਬਦਲਣ ਅਤੇ ਟਾਊਨ ਪਲੈਨਿੰਗ ਨਿਯਮਾਂ ਦੀ ਉਲੰਘਣਾ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸ਼ਹਿਰ ਨਿਵਾਸੀਆਂ ਨੇ ਨਗਰ ਕੌਂਸਲ, ਟਾਊਨ ਪਲੈਨਿੰਗ ਵਿਭਾਗ, ਫਾਇਰ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਚੱਲ ਰਹੇ ਸਾਰੇ ਹੋਟਲਾਂ ਅਤੇ ਗੇਸਟ ਹਾਊਸਾਂ ਦਾ ਵੱਡੇ ਪੱਧਰ 'ਤੇ ਸਰਵੇਖਣ ਕਰਕੇ ਉਹਨਾਂ ਦੀ ਮਨਜ਼ੂਰੀ, ਪਾਰਕਿੰਗ ਪ੍ਰਬੰਧ, ਫਾਇਰ ਸੇਫਟੀ ਅਤੇ ਇਮਾਰਤ ਦੀ ਵਰਤੋਂ ਦੀ ਜਾਂਚ ਕੀਤੀ ਜਾਵੇ।
ਅਗਲੇ ਮਹੀਨੇ ਚੱਲੇਗੀ ਵਿਸ਼ੇਸ਼ ਜਾਂਚ ਮੁਹਿੰਮ
ਮੋਹਾਲੀ ਦੇ ਹੈੱਡ ਫਾਇਰ ਅਫ਼ਸਰ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਲ 2024-25 ਦੌਰਾਨ ਦੋ ਵਿਸ਼ੇਸ਼ ਮੁਹਿੰਮਾਂ ਚਲਾ ਕੇ ਹੋਟਲਾਂ ਦੀ ਜਾਂਚ ਕੀਤੀ ਗਈ ਸੀ। ਜਿਹੜੇ ਅਦਾਰਿਆਂ 'ਚ ਫਾਇਰ ਸੇਫਟੀ ਨਿਯਮਾਂ ਦੀ ਕਮੀ ਪਾਈ ਗਈ ਸੀ, ਉਹਨਾਂ ਨੂੰ ਲੋੜੀਂਦੇ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਕਈ ਹੋਟਲਾਂ ਨੇ ਨਿਰਧਾਰਿਤ ਨਿਯਮਾਂ ਨੂੰ ਪੂਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਅਗਲੇ ਮਹੀਨੇ ਫਿਰ ਤੋਂ ਇੱਕ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇਗੀ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।