ਫਾਰਚੂਨਰ ਗੱਡੀ ਨੂੰ ਬਣਾਇਆ ਨਿਸ਼ਾਨਾ, ਬਾਈਕ ਸਵਾਰ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ; ਪ੍ਰਾਪਰਟੀ ਵਿਵਾਦ ਦੀ ਰੰਜਿਸ਼ ਤਹਿਤ ਵਾਰਦਾਤ ਦਾ ਸ਼ੱਕ ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪੀੜਤ ਪਰਿਵਾਰ ਦਾ ਕਿਸੇ ਨਾਲ ਜਾਇਦਾਦ (ਪ੍ਰਾਪਰਟੀ) ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਹੈ। ਪੁਲਿਸ ਇਸ ਪਹਿਲੂ ਨੂੰ ਗੰਭੀਰਤਾ ਨਾਲ ਧਿਆਨ ’ਚ ਰੱਖ ਕੇ ਜਾਂਚ ਅੱਗੇ ਵਧਾ ਰਹੀ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲ਼ੀਬਾਰੀ ਕਰਨ ਵਾਲੇ ਨੌਜਵਾਨ ਕੌਣ ਸਨ ਅਤੇ ਉਹ ਕਿਸ ਦਿਸ਼ਾ ਵੱਲ ਭੱਜੇ ਹਨ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ ਅਤੇ ਹੋਰ ਤੱਥਾਂ ਦੀ ਜਾਂਚ ਕਰਕੇ ਮੁਲਜ਼ਮਾਂ ਦਾ ਪਤਾ ਲਗਾਉਣ ’ਚ ਜੁਟੀ ਹੋਈ ਹੈ।
Publish Date: Wed, 18 Nov 2026 12:18 PM (IST)
Updated Date: Wed, 18 Nov 2026 12:21 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਸ਼ਤਾਬਗੜ੍ਹ ਰੋਡ 'ਤੇ ਮੰਗਲਵਾਰ ਸ਼ਾਮ ਕਰੀਬ 7 ਵਜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਫਾਰਚੂਨਰ ਕਾਰ ’ਚ ਸਵਾਰ ਪਰਿਵਾਰ 'ਤੇ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਜਿਸ ਸਮੇਂ ਇਹ ਵਾਰਦਾਤ ਵਾਪਰੀ, ਉਸ ਸਮੇਂ ਕਾਰ ’ਚ ਮਾਂ-ਪੁੱਤ ਸਮੇਤ ਕੁੱਲ ਤਿੰਨ ਲੋਕ ਸਵਾਰ ਸਨ। ਗਨੀਮਤ ਇਹ ਰਹੀ ਕਿ ਇਸ ਗੋਲ਼ੀਬਾਰੀ ’ਚ ਕਾਰ ਸਵਾਰ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਚੰਡੀਗੜ੍ਹ ਦੇ ਰਹਿਣ ਵਾਲੇ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਉਹ ਮੈਕ-ਡੀ ਵਾਲੀ ਸਾਈਡ ਤੋਂ ਸ਼ਤਾਬਗੜ੍ਹ ਰੋਡ ਵੱਲ ਆਏ ਸਨ ਅਤੇ ਮੁਹਾਲੀ ਵੱਲ ਜਾ ਰਹੇ ਸਨ। ਇਸੇ ਦੌਰਾਨ ਰਸਤੇ ’ਚ ਬਾਈਕ 'ਤੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋ ਗੋਲ਼ੀਆਂ ਚਲਾਈਆਂ। ਗੋਲ਼ੀਆਂ ਚਲਾਉਣ ਤੋਂ ਤੁਰੰਤ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪੀੜਤ ਪਰਿਵਾਰ ਦਾ ਕਿਸੇ ਨਾਲ ਜਾਇਦਾਦ (ਪ੍ਰਾਪਰਟੀ) ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਹੈ। ਪੁਲਿਸ ਇਸ ਪਹਿਲੂ ਨੂੰ ਗੰਭੀਰਤਾ ਨਾਲ ਧਿਆਨ ’ਚ ਰੱਖ ਕੇ ਜਾਂਚ ਅੱਗੇ ਵਧਾ ਰਹੀ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲ਼ੀਬਾਰੀ ਕਰਨ ਵਾਲੇ ਨੌਜਵਾਨ ਕੌਣ ਸਨ ਅਤੇ ਉਹ ਕਿਸ ਦਿਸ਼ਾ ਵੱਲ ਭੱਜੇ ਹਨ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ ਅਤੇ ਹੋਰ ਤੱਥਾਂ ਦੀ ਜਾਂਚ ਕਰਕੇ ਮੁਲਜ਼ਮਾਂ ਦਾ ਪਤਾ ਲਗਾਉਣ ’ਚ ਜੁਟੀ ਹੋਈ ਹੈ।
ਪੁਲਿਸ ਦਾ ਬਿਆਨ : ਸ਼ੁਰੂਆਤੀ ਜਾਣਕਾਰੀ ਮੁਤਾਬਕ ਮਾਮਲਾ ਪ੍ਰਾਪਰਟੀ ਵਿਵਾਦ ਨਾਲ ਜੁੜਿਆ ਹੋ ਸਕਦਾ ਹੈ। ਫਿਲਹਾਲ ਗੈਂਗਵਾਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਇਹ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵਾਰਦਾਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਥਾਣਾ ਮੁੱਖੀ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ।