ਪੁਲਿਸ ਦੀ ਵੱਡੀ ਕਾਰਵਾਈ: ਜ਼ੀਰਕਪੁਰ ਗੁਦਾਮ ਚੋਰੀ ਮਾਮਲੇ 'ਚ ਗਿਰੋਹ ਦੇ 3 ਮੈਂਬਰ ਕਾਬੂ, ₹42.14 ਲੱਖ ਦੇ 98 LED ਟੀਵੀ ਤੇ ਕੈਂਟਰ ਬਰਾਮਦ ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਐੱਸਪੀ ਵਰੁਣ ਸ਼ਰਮਾ ਦੀਆਂ ਹਦਾਇਤਾਂ 'ਤੇ ਐੱਸਪੀ (ਆਪ੍ਰੇਸ਼ਨ) ਅਕਾਸ਼ਦੀਪ ਔਲਖ, ਐੱਸਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਅਤੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਆਪ੍ਰੇਸ਼ਨ ਸੈੱਲ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਨੇ ਤਕਨੀਕੀ ਅਤੇ ਖੁਫ਼ੀਆ ਸੋਰਸਾਂ ਦੀ ਮਦਦ ਨਾਲ 17 ਨਵੰਬਰ ਨੂੰ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
Publish Date: Wed, 18 Nov 2026 03:46 PM (IST)
Updated Date: Wed, 18 Nov 2026 03:51 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਜ਼ਿਲ੍ਹਾ ਮੁਹਾਲੀ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਜ਼ੀਰਕਪੁਰ ਸਥਿਤ ਇਕ ਗੁਦਾਮ ’ਚੋਂ ਲੱਖਾਂ ਰੁਪਏ ਦੇ ਐੱਲਈਡੀ ਟੀਵੀ ਚੋਰੀ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀਸ਼ੁਦਾ 98 ਐੱਲਈਡੀ ਟੀਵੀ (43 ਇੰਚ) ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 42 ਲੱਖ 14 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਦਾਤ ’ਚ ਵਰਤਿਆ ਗਿਆ ਚੋਰੀ ਦਾ ਕੈਂਟਰ ਵੀ ਬਰਾਮਦ ਕਰ ਲਿਆ ਗਿਆ ਹੈ।
ਕੀ ਸੀ ਪੂਰਾ ਮਾਮਲਾ? ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਮਿਤ (ਵਾਸੀ ਨਰਾਇਣਗੜ੍ਹ, ਅੰਬਾਲਾ) ਨੇ ਥਾਣਾ ਜ਼ੀਰਕਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮੋਦੀਕੁੰਜ ਜ਼ੀਰਕਪੁਰ ਨੇੜੇ 'ਸ਼ਿਵਾਲਿਕ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਲਿਮਟਿਡ' (ਟੀਸੀਐੱਲ ਕੰਪਨੀ) ਦੇ ਗੁਦਾਮ ’ਚ ਨੌਕਰੀ ਕਰਦਾ ਹੈ। ਬੀਤੀ 6 ਨਵੰਬਰ ਦੀ ਸ਼ਾਮ ਨੂੰ ਦੀਵਾਲੀ ਦੀਆਂ ਛੁੱਟੀਆਂ ਕਾਰਨ ਸਟਾਫ਼ ਗੁਦਾਮ ਬੰਦ ਕਰਕੇ ਚਲਾ ਗਿਆ ਸੀ। ਜਦੋਂ 10 ਨਵੰਬਰ ਦੀ ਸਵੇਰ ਨੂੰ ਗੁਦਾਮ ਖੋਲ੍ਹਿਆ ਗਿਆ ਤਾਂ ਸ਼ਟਰ ਟੁੱਟੇ ਹੋਏ ਸਨ ਅਤੇ ਅੰਦਰੋਂ 133 ਐੱਲਈਡੀ ਟੀਵੀ ਗਾਇਬ ਸਨ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇੰਝ ਹੋਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ : ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਐੱਸਪੀ ਵਰੁਣ ਸ਼ਰਮਾ ਦੀਆਂ ਹਦਾਇਤਾਂ 'ਤੇ ਐੱਸਪੀ (ਆਪ੍ਰੇਸ਼ਨ) ਅਕਾਸ਼ਦੀਪ ਔਲਖ, ਐੱਸਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਅਤੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਆਪ੍ਰੇਸ਼ਨ ਸੈੱਲ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਨੇ ਤਕਨੀਕੀ ਅਤੇ ਖੁਫ਼ੀਆ ਸੋਰਸਾਂ ਦੀ ਮਦਦ ਨਾਲ 17 ਨਵੰਬਰ ਨੂੰ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਮੁਲਜ਼ਮਾਂ ਦਾ ਵੇਰਵਾ : ਸਾਹਿਲ ਉਰਫ਼ ਸੋਨੂੰ ਵਾਸੀ ਪਿੰਡ ਜੰਡੋਲੀ, ਹਾਲ ਵਾਸੀ ਰਾਜਪੁਰਾ ਖ਼ਿਲਾਫ਼ ਪਹਿਲਾਂ ਵੀ ਥਾਣਾ ਮਟੌਰ ਅਤੇ ਜ਼ੀਰਕਪੁਰ ’ਚ ਚੋਰੀ ਦੇ ਦੋ ਮਾਮਲੇ ਦਰਜ ਹਨ।
ਦੀਪਕ ਵਾਸੀ ਕੁਰੂਕਸ਼ੇਤਰ, ਹਾਲ ਵਾਸੀ ਰਾਜਪੁਰਾ, ਜੋ ਕਿ ਜ਼ੀਰਕਪੁਰ ਵਿਖੇ ਇਕ ਡਰਾਈ ਫਰੂਟ ਦੀ ਦੁਕਾਨ ’ਚ ਹੋਈ ਚੋਰੀ ਦੇ ਮਾਮਲੇ ’ਚ ਭਗੌੜਾ ਚੱਲ ਰਿਹਾ ਸੀ। (ਪੁਲਿਸ ਅਨੁਸਾਰ ਸਾਹਿਲ ਅਤੇ ਦੀਪਕ ਨੂੰ ਰਾਜਪੁਰਾ ਤੋਂ ਕਾਬੂ ਕੀਤਾ ਗਿਆ)।
ਰਵਿੰਦਰ ਸਿੰਘ ਉਰਫ਼ ਬਹਾਦਰ ਵਾਸੀ ਵਾਰਡ ਬਨੂੜ ਐੱਸਏਐੱਸ ਨਗਰ ਨੂੰ ਬਨੂੜ ਸਥਿਤ ਉਸ ਦੀ ਕੌਸਮੈਟਿਕਸ ਦੀ ਦੁਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁੱਛਗਿੱਛ ਦੌਰਾਨ ਹੋਏ ਅਹਿਮ ਖ਼ੁਲਾਸੇ : ਐੱਸਪੀ ਸੌਰਵ ਜਿੰਦਲ ਅਨੁਸਾਰ ਪੁਲਿਸ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਆਪਣੇ ਦੋ ਹੋਰ ਸਾਥੀਆਂ ਮਨਜੀਤ ਸਿੰਘ ਉਰਫ਼ ਮਨੀ (ਵਾਸੀ ਨਿਆਂ ਸ਼ਹਿਰ ਬਡਾਲਾ, ਖਰੜ) ਅਤੇ ਸ਼ਲੀਨ ਸਿੰਗਲਾ (ਵਾਸੀ ਤਫਾਜ਼ਲਪੁਰਾ, ਪਟਿਆਲਾ) ਨਾਲ ਮਿਲ ਕੇ ਚੋਰੀ ਦੀ ਯੋਜਨਾ ਬਣਾਈ ਸੀ। ਮੁਲਜ਼ਮਾਂ ਨੇ ਪਹਿਲਾਂ ਜ਼ੀਰਕਪੁਰ ਦੇ ਗੁਦਾਮ ਏਰੀਆ ’ਚੋਂ ਇਕ ਕੈਂਟਰ ਚੋਰੀ ਕੀਤਾ ਅਤੇ ਫਿਰ 7 ਨਵੰਬਰ ਨੂੰ ਗੁਦਾਮ ਦਾ ਸ਼ਟਰ ਤੋੜ ਕੇ ਐੱਲਈਡੀ ਟੀਵੀ ਚੋਰੀ ਕੀਤੇ। ਚੋਰੀ ਕੀਤੇ ਟੀਵੀ ਅੱਗੇ ਵੇਚਣ ਲਈ ਬਨੂੜ ਇਲਾਕੇ ’ਚ ਲੁਕਾਏ ਗਏ ਸਨ ਅਤੇ ਕੈਂਟਰ ਨੂੰ ਸੈਕਟਰ-82 ਮੁਹਾਲੀ ਵਿਖੇ ਲਾਵਾਰਿਸ ਹਾਲਤ ’ਚ ਖੜ੍ਹਾ ਕਰ ਦਿੱਤਾ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫ਼ਰਾਰ ਚੱਲ ਰਹੇ ਦੋ ਮੁਲਜ਼ਮਾਂ ਮਨਜੀਤ ਸਿੰਘ ਅਤੇ ਸ਼ਲੀਨ ਸਿੰਗਲਾ ਦੀ ਭਾਲ ਜਾਰੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਕੀ ਰਹਿੰਦੇ ਟੀਵੀ ਵੀ ਬਰਾਮਦ ਕਰ ਲਏ ਜਾਣਗੇ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।