ਨਸ਼ਿਆਂ ਵਿਰੁੱਧ ਜੰਗ ਦੇ ਆਖ਼ਰੀ ਫੇਜ਼ ਦਾ ਆਗਾਜ਼! ਫ਼ਤਹਿ ਬੁਰਜ ਤੋਂ CM ਮਾਨ ਨੇ 23 ਜ਼ਿਲ੍ਹਿਆਂ ਲਈ ਬਾਈਕ ਰੈਲੀ ਨੂੰ ਦਿਖਾਈ ਹਰੀ ਝੰਡੀ
War Against Drugs : ਮੁੱਖ ਮੰਤਰੀ ਨੇ ਕਿਹਾ ਕਿ ਛੱਪੜਚਿੜੀ ਦੀ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਇਤਿਹਾਸਕ ਸੰਘਰਸ਼ ਦੀ ਪ੍ਰਤੀਕ ਹੈ। ਉਸੇ ਦਲੇਰੀ, ਕੁਰਬਾਨੀ ਅਤੇ ਦ੍ਰਿੜ੍ਹਤਾ ਦੀ ਭਾਵਨਾ ਨਾਲ ਪੰਜਾਬ ਹੁਣ ਨਸ਼ਿਆਂ ਵਿਰੁੱਧ ਇਹ ਜੰਗ ਜਿੱਤੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ।
Publish Date: Sat, 10 Oct 2026 04:26 PM (IST)
Updated Date: Sat, 10 Oct 2026 04:31 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਛੱਪੜਚਿੜੀ ਦੀ ਇਤਿਹਾਸਕ ਧਰਤੀ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਅੰਤਿਮ ਤੇ ਨਿਰਣਾਇਕ ਫੇਜ਼ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਲਈ ਇੱਕ ਵਿਸ਼ੇਸ਼ ਬਾਈਕਰਜ਼ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਤਾਂ ਜੋ ਨਸ਼ਿਆਂ ਖ਼ਿਲਾਫ਼ ਇਸ ਲੜਾਈ ਨੂੰ ਇੱਕ ਵਿਆਪਕ 'ਜਨ ਅੰਦੋਲਨ' ਵਿੱਚ ਬਦਲਿਆ ਜਾ ਸਕੇ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਫ਼ਿਲਮ 'ਥਾਪੀ' ਦੀ ਟੀਮ, ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਕੁਲਵੰਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਛੱਪੜਚਿੜੀ ਦੀ ਇਤਿਹਾਸਕ ਧਰਤੀ ਤੋਂ ਅੰਦੋਲਨ ਦਾ ਆਗਾਜ਼
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਛੱਪੜਚਿੜੀ ਦੀ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਇਤਿਹਾਸਕ ਸੰਘਰਸ਼ ਦੀ ਪ੍ਰਤੀਕ ਹੈ। ਉਸੇ ਦਲੇਰੀ, ਕੁਰਬਾਨੀ ਅਤੇ ਦ੍ਰਿੜ੍ਹਤਾ ਦੀ ਭਾਵਨਾ ਨਾਲ ਪੰਜਾਬ ਹੁਣ ਨਸ਼ਿਆਂ ਵਿਰੁੱਧ ਇਹ ਜੰਗ ਜਿੱਤੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ। ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਬਿਨਾਂ ਸਮਝੌਤੇ ਤੋਂ ਸਖ਼ਤ ਕਾਰਵਾਈ ਕਰ ਰਹੀ ਹੈ।
ਮੁਹਿੰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਜਨਤਕ ਭਾਗੀਦਾਰੀ
ਸੁਝਾਅ ਅਤੇ ਸ਼ਿਕਾਇਤ ਬਾਕਸ: ਬਾਈਕ ਰੈਲੀ ਦੇ ਨਾਲ-ਨਾਲ ਇੱਕ ਵਿਸ਼ੇਸ਼ ਵਾਹਨ ਚੱਲੇਗਾ ਜਿਸ ਵਿੱਚ ਸੁਝਾਅ ਅਤੇ ਸ਼ਿਕਾਇਤ ਬਾਕਸ ਹੋਣਗੇ। ਲੋਕ ਇਸ ਵਿੱਚ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਸੂਬੇ ਦੇ ਵਿਕਾਸ ਲਈ ਸੁਝਾਅ ਸਾਂਝੇ ਕਰ ਸਕਦੇ ਹਨ।
* ਸੇਫ਼ ਪੰਜਾਬ ਹੈਲਪਲਾਈਨ: ਸੀ.ਐੱਮ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'Safe Punjab' ਹੈਲਪਲਾਈਨ 'ਤੇ ਤਸਕਰਾਂ ਦੀ ਜਾਣਕਾਰੀ ਬਿਨਾਂ ਝਿਜਕ ਸਾਂਝੀ ਕਰਨ।
* ਸਰਹੱਦੀ ਸੁਰੱਖਿਆ: ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੀਮਾ ਖੇਤਰਾਂ ਵਿੱਚ ਐਂਟੀ-ਡ੍ਰੋਨ ਸਿਸਟਮ (Anti-Drone Systems) ਤਾਇਨਾਤ ਕੀਤੇ ਹਨ।
ਨਸ਼ਾ ਵਿਰੋਧੀ ਕਾਰਵਾਈ ਦੇ ਅਹਿਮ ਅੰਕੜੇ
ਸਰਕਾਰ ਵਲੋਂ ਕੀਤੇ ਗਏ ਯਤਨਾਂ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ:
* ਜ਼ਿਲ੍ਹਾ/ਵਾਰਡ ਰੱਖਿਆ ਕਮੇਟੀਆਂ: ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ 15,000 ਦੇ ਲਗਭਗ 'ਵਿਲੇਜ ਐਂਡ ਵਾਰਡ ਡਿਫੈਂਸ ਕਮੇਟੀਆਂ' ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 1.25 ਲੱਖ ਤੋਂ ਵੱਧ ਵਲੰਟੀਅਰ ਵਜੋਂ ਸੇਵਾਵਾਂ ਦੇ ਰਹੇ ਹਨ।
* ਗ੍ਰਿਫ਼ਤਾਰੀਆਂ ਤੇ ਬਰਾਮਦਗੀ: ਹੁਣ ਤੱਕ 81,000 ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। 3,900 ਕਿੱਲੋ ਹੈਰੋਇਨ ਅਤੇ 983 ਕਿੱਲੋ ਅਫ਼ੀਮ ਜ਼ਬਤ ਕੀਤੀ ਗਈ ਹੈ। ਅਦਾਲਤਾਂ ਵਿੱਚ ਸਜ਼ਾ ਦਿਵਾਉਣ ਦੀ ਦਰ (Conviction Rate) 89% ਤੱਕ ਪਹੁੰਚ ਗਈ ਹੈ।
* ਹੈਲਪਲਾਈਨ ਦਾ ਅਸਰ: ਸੇਫ਼ ਪੰਜਾਬ ਹੈਲਪਲਾਈਨ 'ਤੇ 51,979 ਨਾਗਰਿਕਾਂ ਨੇ ਜਾਣਕਾਰੀ ਦਿੱਤੀ, ਜਿਸ ਨਾਲ 25,339 ਗ੍ਰਿਫ਼ਤਾਰੀਆਂ ਹੋਈਆਂ। ਵਿਲੇਜ ਡਿਫੈਂਸ ਕਮੇਟੀਆਂ ਦੀ ਇਤਲਾਹ 'ਤੇ 4,000 ਤੋਂ ਵੱਧ ਐੱਫ.ਆਈ.ਆਰ. (FIRs) ਦਰਜ ਹੋਈਆਂ।
* ਪੁਲਿਸ ਜਨਤਕ ਬੈਠਕਾਂ: 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੁਲਿਸ ਨੇ 17 ਮਹੀਨਿਆਂ ਵਿੱਚ 75,000 ਤੋਂ ਵੱਧ ਜਨਤਕ ਮੀਟਿੰਗਾਂ ਕੀਤੀਆਂ ਹਨ।
ਮੁਫ਼ਤ ਇਲਾਜ, ਮੁੜ ਵਸੇਬਾ ਅਤੇ 'ਸੂਰਮੇ' ਪਹਿਲਕਦਮੀ
* ਸਰਕਾਰੀ ਨਸ਼ਾ ਛੁਡਾਊ ਕੇਂਦਰ: ਮੁਫ਼ਤ ਇਲਾਜ ਕਾਰਨ ਸਰਕਾਰੀ ਕੇਂਦਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਵਧੀ ਹੈ ਅਤੇ ਹੁਣ ਤੱਕ 40,000 ਤੋਂ ਵੱਧ ਮਰੀਜ਼ ਭਰਤੀ ਹੋ ਕੇ ਇਲਾਜ ਕਰਵਾ ਰਹੇ ਹਨ।
* ਹੁਨਰ ਵਿਕਾਸ: ਮਾਰਚ 2025 ਤੋਂ 21 ਜ਼ਿਲ੍ਹਿਆਂ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਮੁੜ ਨਸ਼ੇ ਵੱਲ ਜਾਣ ਤੋਂ ਰੋਕਣ ਲਈ ਹੁਨਰ ਵਿਕਾਸ (Skill Training) ਅਤੇ ਖੇਡ ਸਿਖਲਾਈ ਦਿੱਤੀ ਜਾ ਰਹੀ ਹੈ।
* 'ਸੂਰਮੇ' ਪਹਿਲ: ਦੋ ਸਾਲਾਂ ਤੋਂ ਨਸ਼ਾ ਮੁਕਤ ਰਹਿ ਰਹੇ ਨੌਜਵਾਨਾਂ ਨੂੰ 'ਸੂਰਮੇ' ਪਹਿਲਕਦਮੀ ਤਹਿਤ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਸਕਣ।
* ਸਕੂਲੀ ਵਿਦਿਆਰਥੀ: ਨਸ਼ਾ ਰੋਕੂ ਜਾਗਰੂਕਤਾ ਪ੍ਰੋਗਰਾਮਾਂ ਤਹਿਤ ਲਗਭਗ 7.5 ਲੱਖ ਵਿਦਿਆਰਥੀਆਂ ਨੂੰ ਕਵਰ ਕੀਤਾ ਗਿਆ ਹੈ।
ਖੇਡਾਂ ਅਤੇ ਰੁਜ਼ਗਾਰ ਰਾਹੀਂ ਨੌਜਵਾਨਾਂ ਦਾ ਮਾਰਗਦਰਸ਼ਨ
ਨੌਜਵਾਨਾਂ ਦੀ ਊਰਜਾ ਨੂੰ ਹਕਾਰਾਤਮਕ ਦਿਸ਼ਾ ਵਿੱਚ ਲਗਾਉਣ ਲਈ ਸਰਕਾਰ ਦੇ ਉਪਰਾਲੇ:
* ਸਰਕਾਰੀ ਨੌਕਰੀਆਂ: ਸਰਕਾਰ ਨੇ ਪੂਰੀ ਪਾਰਦਰਸ਼ਤਾ ਅਤੇ ਯੋਗਤਾ ਦੇ ਆਧਾਰ 'ਤੇ 70,885 ਸਰਕਾਰੀ ਨੌਕਰੀਆਂ ਦਿੱਤੀਆਂ ਹਨ।
* ਖੇਡ ਬਜਟ: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਬਜਟ ਵਧਾ ਕੇ ₹1,791 ਕਰੋੜ ਕੀਤਾ ਗਿਆ ਹੈ।
* ਖੇਡ ਬੁਨਿਆਦੀ ਢਾਂਚਾ: ਪਿੰਡਾਂ ਵਿੱਚ 3,100 ਖੇਡ ਮੈਦਾਨ ਅਤੇ 3,000 ਜਿੱਮ ਤਿਆਰ ਕੀਤੇ ਜਾ ਰਹੇ ਹਨ।
* 'ਖੇਡਾਂ ਵਤਨ ਪੰਜਾਬ ਦੀਆਂ': ਇਸ ਉਪਰਾਲੇ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਨਵਾਂ ਮੋੜ ਦਿੱਤਾ ਹੈ।
ਮੁੱਖ ਮੰਤਰੀ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ (ਜਿਸ ਟੀਮ ਦੇ 11 ਵਿੱਚੋਂ 9 ਖਿਡਾਰੀ ਪੰਜਾਬ ਦੇ ਸਨ) ਅਤੇ ਬਾਸਕਟਬਾਲ ਖਿਡਾਰੀ ਪ੍ਰੀਤਪਾਲ ਸਿੰਘ ਬਰਾੜ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਮਿਲਖਾ ਸਿੰਘ, ਦਾਰਾ ਸਿੰਘ, ਓਲੰਪੀਅਨ ਬਲਬੀਰ ਸਿੰਘ ਅਤੇ ਓਲੰਪੀਅਨ ਸੁਰਜੀਤ ਸਿੰਘ ਦੀ ਖੇਡ ਵਿਰਾਸਤ ਨੂੰ ਵੀ ਯਾਦ ਕੀਤਾ।
ਵਿਕਾਸ ਕਾਰਜ ਅਤੇ ਹੋਰ ਵੱਡੇ ਐਲਾਨ
* ਫ਼ਿਲਮ ਸਿਟੀ ਦਾ ਐਲਾਨ: ਪੰਜਾਬੀ ਮਨੋਰੰਜਨ ਉਦਯੋਗ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਇੱਕ ਵਿਸ਼ਵ ਪੱਧਰੀ ਫ਼ਿਲਮ ਸਿਟੀ ਬਣਾਉਣ ਦੀ ਯੋਜਨਾ ਹੈ।
* ਪਿੰਡਾਂ ਦਾ ਵਿਕਾਸ: ਸੀਚੇਵਾਲ ਅਤੇ ਥਾਪਰ ਮਾਡਲ ਰਾਹੀਂ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।
* ਬੇਅਦਬੀ ਵਿਰੁੱਧ ਸਖ਼ਤ ਕਾਨੂੰਨ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਲਈ ਬਿਨਾਂ ਪੈਰੋਲ ਤੋਂ ਉਮਰ ਕੈਦ ਵਰਗੀ ਸਖ਼ਤ ਸਜ਼ਾ ਦਾ ਕਾਨੂੰਨੀ ਪ੍ਰਬੰਧ ਕੀਤਾ ਗਿਆ ਹੈ।
* ਲੋਕ-ਹਿੱਤੂ ਯੋਜਨਾਵਾਂ: ਸਰਕਾਰ ਦੀਆਂ ਮੁੱਖ ਯੋਜਨਾਵਾਂ ਜਿਵੇਂ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ, ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਬਿਹਤਰ ਸਕੂਲੀ ਸਿੱਖਿਆ ਅਤੇ ਵਿਸ਼ਵ ਪੱਧਰੀ ਸੜਕੀ ਢਾਂਚੇ ਦਾ ਜ਼ਿਕਰ ਕੀਤਾ ਗਿਆ।
ਸੰਬੋਧਨ ਦੇ ਅੰਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰਾਂ (ਭਾਜਪਾ, ਅਕਾਲੀ ਦਲ ਅਤੇ ਕਾਂਗਰਸ) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੀ ਸ਼ਾਨ ਨੂੰ ਢਾਹ ਲਗਾਈ ਸੀ, ਪਰ ਮੌਜੂਦਾ ਸਰਕਾਰ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।