
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਮੁਹਾਲੀ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਕਈ ਪ੍ਰਾਜੈਕਟਾਂ ’ਤੇ ਕੰਮ ਕਰ ਰਹੀ ਹੈ। ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਤੋਂ ਇਲਾਵਾ ਸੈਕਟਰ-79 ਵਿੱਚ ਯੂਪੀਐੱਚਸੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਲਿਵਰ ਇੰਸਟੀਚਿਊਟ ਨੇ ਕੰਮ ਸ਼ੁਰੂ ਕਰ ਦਿੱਤਾ ਹੈ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਹਸਪਤਾਲਾਂ ਦੀ ਉਸਾਰੀ ਅਤੇ ਮੌਜੂਦਾ ਸਿਹਤ ਸੰਸਥਾਵਾਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਮੁਹਾਲੀ ਸਮੇਤ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਵੇਂ ਸਿਹਤ ਕੇਂਦਰ ਬਣਾਉਣ ਦੇ ਨਾਲ ਕਈ ਹਸਪਤਾਲਾਂ ਨੂੰ ਅਪਗਰੇਡ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਵਿਧਾਇਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿੱਚ 24 ਘੰਟੇ ਸਿਹਤ ਸਹੂਲਤਾਂ ਉਪਲਬਧ ਹਨ। ਜਿੱਥੇ ਇਹ ਸਹੂਲਤ ਪੂਰੀ ਤਰ੍ਹਾਂ ਉਪਲਬਧ ਨਹੀਂ ਹੈ, ਉੱਥੇ ਆਉਂਦੇ ਦਿਨਾਂ ਵਿੱਚ 24 ਘੰਟੇ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਨਵੀਆਂ ਇਮਾਰਤਾਂ ਦੀ ਉਸਾਰੀ, ਮੁਰੰਮਤ ਅਤੇ ਨਵੀਨੀਕਰਨ ਲਈ ਈ-ਟੈਂਡਰ ਮੰਗੇ ਗਏ ਹਨ। ਮੁਹਾਲੀ ਦੇ ਸੈਕਟਰ-79 ਵਿੱਚ ਅਰਬਨ ਪ੍ਰਾਇਮਰੀ ਹੈਲਥ ਕੇਅਰ (ਯੂਪੀਐੱਚਸੀ) ਦੀ ਉਸਾਰੀ ਦਾ ਦੂਜਾ ਪੜਾਅ ਸ਼ੁਰੂ ਕਰਨ ਲਈ ਟੈਂਡਰ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਸੈਕਟਰ-66 ਵਿੱਚ ਸਰਕਾਰੀ ਮੈਡੀਕਲ ਕਾਲਜ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਉਸਾਰੀ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਢਕੌਲੀ ਦਾ ਸਿਹਤ ਕੇਂਦਰ ਹੋਵੇਗਾ 50 ਬੈੱਡਾਂ ਦਾ
ਕਸਬਾ ਢਕੌਲੀ ਦੇ 30 ਬੈੱਡਾਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗਰੇਡ ਕਰਕੇ 50 ਬੈੱਡਾਂ ਦਾ ਕੀਤਾ ਜਾਵੇਗਾ। ਬਨੂੜ ਦੇ ਕਮਿਊਨਿਟੀ ਹੈਲਥ ਸੈਂਟਰ ਦੀ ਚਾਰਦੀਵਾਰੀ ਅਤੇ ਰਿਹਾਇਸ਼ੀ ਕਲਾਸ-3 ਤੇ ਕਲਾਸ-4 ਦੇ ਕੁਆਰਟਰਾਂ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹਾ ਹਸਪਤਾਲ ਰੂਪਨਗਰ ਅਤੇ ਜਲੰਧਰ ਦੇ ਜੀਐੱਨਐੱਮ ਨਰਸਿੰਗ ਸਕੂਲਾਂ ਤੇ ਹੋਸਟਲਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਵੀ ਕੀਤਾ ਜਾਣਾ ਹੈ।
ਨਕੋਦਰ, ਕੋਟਕਪੂਰਾ ਤੇ ਪਠਾਨਕੋਟ ਦੇ ਹਸਪਤਾਲਾਂ ’ਚ ਵੀ ਕੰਮ
ਐੱਸਡੀਐੱਚ ਨਕੋਦਰ ਵਿੱਚ ਮੈਨੀਫੋਲਡ ਅਤੇ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਲਗਾਉਣ ਸਮੇਤ ਲੋੜੀਂਦੀ ਮੁਰੰਮਤ ਕੀਤੀ ਜਾਵੇਗੀ। ਕੋਟਕਪੂਰਾ ਦੇ ਐੱਸਡੀਐੱਚ ਵਿੱਚ ਵੀ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਦੀ ਮੁਰੰਮਤ ਹੋਵੇਗੀ। ਪਠਾਨਕੋਟ ਦੇ ਜ਼ਿਲ੍ਹਾ ਹਸਪਤਾਲ ਵਿੱਚ ਫਾਇਰ ਫਾਈਟਿੰਗ ਅਤੇ ਫਾਇਰ ਡਿਟੈਕਸ਼ਨ ਸਿਸਟਮ ਸਥਾਪਤ ਕੀਤਾ ਜਾਵੇਗਾ। ਬੜਾਪਿੰਡ ਵਿੱਚ ਇਮਾਰਤਾਂ ਦੀ ਲੀਕੇਜ ਅਤੇ ਪਖਾਨਿਆਂ ਦੀ ਮੁਰੰਮਤ ਤੇ ਨਵੀਨੀਕਰਨ ਹੋਵੇਗਾ। ਬਾਬਾ ਬਕਾਲਾ ਦੇ ਐੱਸਡੀਐੱਚ ਵਿੱਚ ਨਵੀਂ ਲਿਫਟ ਵੈੱਲ ਅਤੇ ਰਾਜਪੁਰਾ ਵਿੱਚ 15 ਯਾਤਰੀਆਂ ਦੀ ਸਮਰੱਥਾ ਵਾਲੀ ਲਿਫਟ ਲਈ ਲਿਫਟ ਵੈੱਲ ਬਣਾਇਆ ਜਾਵੇਗਾ।
ਮੁਹਾਲੀ ’ਚ ਸਿਹਤ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਮੁਹਾਲੀ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਕਈ ਪ੍ਰਾਜੈਕਟਾਂ ’ਤੇ ਕੰਮ ਕਰ ਰਹੀ ਹੈ। ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਤੋਂ ਇਲਾਵਾ ਸੈਕਟਰ-79 ਵਿੱਚ ਯੂਪੀਐੱਚਸੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਲਿਵਰ ਇੰਸਟੀਚਿਊਟ ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਜਦਕਿ ਸੈਕਟਰ-70 ਵਿੱਚ ਰੀੜ੍ਹ ਦੀ ਹੱਡੀ ਨਾਲ ਸਬੰਧਤ ਹਸਪਤਾਲ ਵੀ ਚੱਲ ਰਿਹਾ ਹੈ। ਸਨੇਟਾ ਵਿੱਚ ਹਸਪਤਾਲ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਆਮ ਆਦਮੀ ਕਲੀਨਿਕ ਵੀ ਖੋਲ੍ਹੇ ਜਾਣਗੇ।
ਸੈਕਟਰ-79 ਦਾ ਮਾਮਲਾ ਕਈ ਵਾਰ ਉਠਾਇਆ : ਬੈਦਵਾਨ
ਕੌਂਸਲਰ ਹਰਜੀਤ ਸਿੰਘ ਬੈਦਵਾਨ ਨੇ ਕਿਹਾ ਕਿ ਉਨ੍ਹਾਂ ਸੈਕਟਰ-79 ਦੇ ਯੂਪੀਐੱਚਸੀ ਦਾ ਮਾਮਲਾ ਕਈ ਵਾਰ ਉਠਾਇਆ ਹੈ। ਪਹਿਲੇ ਪੜਾਅ ਦੀ ਉਸਾਰੀ ਤੋਂ ਬਾਅਦ ਇਹ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਿਹਤ ਸਹੂਲਤ ਦੇਣ ਵੱਲ ਕਦਮ ਵਧਾਇਆ ਹੈ।