ਗਰਮੀ ਕਾਰਨ ਤੇਜ਼ੀ ਨਾਲ ਵਧਣ ਲੱਗਾ ਬੱਚਿਆਂ ’ਚ ਡਾਇਰੀਆ ਦਾ ਕਹਿਰ, ਨਵਜੰਮੇ ਬੱਚਿਆਂ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਦਸਤ-ਉਲਟੀ ਤੋਂ ਪੀੜਤ
ਗਰਮੀ ਦਾ ਲਗਾਤਾਰ ਪ੍ਰਕੋਪ ਦੇ ਵਧਣ ਨਾਲ ਬੱਚਿਆਂ ਵਿਚ ਡਾਇਰੀਆ (ਦਸਤ ਤੇ ਉਲਟੀਆਂ) ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਸਰਕਾਰੀ ਹਸਪਤਾਲ ਫੇਜ਼-6 ਦੀ ਬਾਲ ਰੋਗ ਓਪੀਡੀ ਵਿਚ ਰੋਜ਼ਾਨਾ ਅਜਿਹੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।
Publish Date: Sat, 20 Jun 2026 11:58 AM (IST)
Updated Date: Sat, 20 Jun 2026 12:01 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਗਰਮੀ ਦਾ ਲਗਾਤਾਰ ਪ੍ਰਕੋਪ ਦੇ ਵਧਣ ਨਾਲ ਬੱਚਿਆਂ ਵਿਚ ਡਾਇਰੀਆ (ਦਸਤ ਤੇ ਉਲਟੀਆਂ) ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਸਰਕਾਰੀ ਹਸਪਤਾਲ ਫੇਜ਼-6 ਦੀ ਬਾਲ ਰੋਗ ਓਪੀਡੀ ਵਿਚ ਰੋਜ਼ਾਨਾ ਅਜਿਹੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।
ਨਵਜੰਮੇ ਬੱਚਿਆਂ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਉਲਟੀ, ਦਸਤ ਅਤੇ ਤੇਜ਼ ਬੁਖਾਰ ਤੋਂ ਪੀੜਤ ਹਨ। ਮਾਹਰਾਂ ਮੁਤਾਬਕ, ਅੱਤ ਦੀ ਗਰਮੀ ਵਿਚ ਦੂਸ਼ਿਤ ਪਾਣੀ ਅਤੇ ਬਾਹਰਲੇ ਖਾਣ-ਪੀਣ ਕਾਰਨ ਇਨਫੈਕਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ, ਜੋ ਬੱਚਿਆਂ ਵਿਚ ਇਸ ਬਿਮਾਰੀ ਦਾ ਮੁੱਖ ਕਾਰਨ ਬਣ ਰਿਹਾ ਹੈ।
ਸਰਕਾਰੀ ਹਸਪਤਾਲ ਦੇ ਬਾਲ ਰੋਗ ਮਾਹਰ ਡਾ. ਸਾਹਿਲ ਵਿਕਾਸ ਨੇ ਦੱਸਿਆ ਕਿ ਇਨੀ ਦਿਨੀਂ ਬੱਚਿਆਂ ਦੀ ਓਪੀਡੀ ਵਿਚ ਰੋਜ਼ਾਨਾ ਲਗਪਗ 100 ਬੱਚੇ ਇਲਾਜ ਲਈ ਆ ਰਹੇ ਹਨ। ਇਨ੍ਹਾਂ ’ਚੋਂ ਕਰੀਬ 30 ਬੱਚੇ ਡਾਇਰੀਆ ਤੋਂ ਪੀੜਤ ਹੁੰਦੇ ਹਨ। ਕਈ ਬੱਚਿਆਂ ਨੂੰ ਦਸਤ ਦੇ ਨਾਲ-ਨਾਲ ਉਲਟੀਆਂ ਅਤੇ ਤੇਜ਼ ਬੁਖਾਰ ਦੀ ਵੀ ਸ਼ਿਕਾਇਤ ਹੈ। ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਦੇ ਸਰੀਰ ਵਿਚ ਡਾਇਰੀਆ ਕਾਰਨ ਪਾਣੀ ਦੀ ਕਮੀ ਬਹੁਤ ਤੇਜ਼ੀ ਨਾਲ ਹੁੰਦੀ ਹੈ, ਇਸ ਲਈ ਬਿਨਾਂ ਦੇਰੀ ਕੀਤੇ ਸਹੀ ਸਮੇਂ ਸਿਰ ਇਲਾਜ ਸ਼ੁਰੂ ਕਰਨਾ ਬੇਹੱਦ ਜ਼ਰੂਰੀ ਹੈ।
ਇਹ ਹਨ ਮੁੱਖ ਲੱਛਣ
ਬੱਚੇ ਦਾ ਲਗਾਤਾਰ ਰੋਣਾ, ਪਰ ਰੋਂਦੇ ਸਮੇਂ ਅੱਖਾਂ ’ਚੋਂ ਹੰਝੂ ਨਾ ਨਿਕਲਣਾ, ਪਿਸ਼ਾਬ ਦੀ ਮਾਤਰਾ ਬਹੁਤ ਘੱਟ ਜਾਣਾ ਜਾਂ ਕਈ ਘੰਟਿਆਂ ਤੱਕ ਪਿਸ਼ਾਬ ਨਾ ਕਰਨਾ, ਮੂੰਹ ਦਾ ਸੁੱਕਣਾ ਅਤੇ ਥੁੱਕ ਜਾਂ ਲਾਰ ਦਾ ਬਹੁਤ ਘੱਟ ਬਣਨਾ, ਵਾਰ-ਵਾਰ ਉਲਟੀਆਂ ਅਤੇ ਪਤਲੇ ਦਸਤ ਆਉਣਾ, ਬੱਚੇ ਵਿਚ ਬਹੁਤ ਜ਼ਿਆਦਾ ਸੁਸਤੀ ਅਤੇ ਕਮਜ਼ੋਰੀ ਦਿਖਣਾ ਆਦਿ ਡਾਇਰੀਆ ਦੇ ਮੁੱਖ ਲਛਣ ਹਨ।
ਪੀੜਤ ਨੂੰ ਦਿਓ ਤੁਰੰਤ ਓਆਰਐੱਸ ਦਾ ਘੋਲ
ਪੀੜਤ ਬੱਚੇ ਨੂੰ ਤੁਰੰਤ ਓਆਰਐੱਸ ਦਾ ਘੋਲ ਅਤੇ ਜ਼ਿੰਕ ਸਿਰਪ ਦੇਣਾ ਸ਼ੁਰੂ ਕੀਤਾ ਜਾਵੇ, ਹਮੇਸ਼ਾ ਉਬਾਲਿਆ ਹੋਇਆ ਅਤੇ ਸਾਫ਼ ਪਾਣੀ ਹੀ ਪਿਲਾਓ, ਬੱਚਿਆਂ ਦੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਵਾਓ, ਲੱਛਣ ਵਧਣ 'ਤੇ ਬਿਨਾਂ ਦੇਰੀ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਦਹੀਂ, ਤਾਜ਼ੀ ਲੱਸੀ, ਨਾਰੀਅਲ ਪਾਣੀ, ਹਲਕਾ, ਨਰਮ ਅਤੇ ਤਾਜ਼ਾ ਬਣਿਆ ਹੋਇਆ ਭੋਜਨ (ਖਿਚੜੀ ਜਾਂ ਦਲੀਆ) ਦਾ ਸੇਵਨ ਕੀਤਾ ਜਾਵੇ।
ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹੇਜ਼
ਡਾਇਰੀਆ ਤੋਂ ਪੀੜਤ ਬੱਚਿਆਂ ਨੂੰ ਕੁਝ ਸਮੇਂ ਲਈ ਦੁੱਧ ਦੇਣ ਤੋਂ ਬਚਣਾ ਚਾਹੀਦਾ ਹੈ, ਬਾਹਰਲਾ ਖੁੱਲ੍ਹਾ ਖਾਣਾ, ਜੰਕ ਫੂਡ ਅਤੇ ਤਲੀਆਂ-ਭੁੰਨੀਆਂ ਚੀਜ਼ਾਂ ਬਿਲਕੁਲ ਨਾ ਦਿਓ, ਰੋਡ-ਸਾਈਡ ਜਾਂ ਖੁੱਲ੍ਹੇ ਵਿਚ ਵਿਕਣ ਵਾਲੇ ਕੱਟੇ ਹੋਏ ਫ਼ਲ ਅਤੇ ਜੂਸ ਨਾ ਪਿਲਾਓ। ਸਭ ਤੋਂ ਜ਼ਰੂਰੀ ਡਾਕਟਰ ਦੀ ਸਲਾਹ ਤੋਂ ਬਿਨਾਂ ਬੱਚੇ ਨੂੰ ਆਪਣੇ ਪੱਧਰ ’ਤੇ ਕੋਈ ਵੀ ਐਂਟੀਬਾਇਓਟਿਕ ਜਾਂ ਹੋਰ ਦਵਾਈ ਨਾ ਦਿਓ।
ਬਦਲ ਰਹੇ ਮੌਸਮ ਨੇ ਵਧਾਈ ਚਿੰਤਾ
ਬਦਲਦੇ ਮੌਸਮ ਅਤੇ ਸਾਫ਼-ਸਫ਼ਾਈ ਵਿਚ ਲਾਪਰਵਾਹੀ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਡਾਇਰੀਆ (ਦਸਤ ਰੋਗ) ਦੇ ਮਾਮਲੇ ਚਿੰਤਾ ਵਧਾ ਰਹੇ ਹਨ। ਛੋਟੇ ਬੱਚਿਆਂ ਵਿਚ ਇਹ ਬਿਮਾਰੀ ਤੇਜ਼ੀ ਨਾਲ ਸਰੀਰ ਵਿਚ ਪਾਣੀ ਦੀ ਕਮੀ ਪੈਦਾ ਕਰਕੇ ਗੰਭੀਰ ਸਥਿਤੀ ਦਾ ਕਾਰਨ ਬਣ ਸਕਦੀ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵੱਲੋਂ 16 ਜੂਨ ਤੋਂ 31 ਜੁਲਾਈ ਤੱਕ ਵਿਸ਼ੇਸ਼ ‘ਸਟਾਪ ਡਾਇਰੀਆ ਮੁਹਿੰਮ’ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਨਾਅਰਾ ‘ਸਟਾਪ ਡਾਇਰੀਆ, ਸੇਵ ਲਾਈਵਜ਼’ ਰੱਖਿਆ ਗਿਆ ਹੈ।