ਕੁਦਰਤ ਦੇ ਵਿਹੜੇ 'ਚ ਗੂੰਜਿਆ ਯੋਗ ਦਾ ਸੰਦੇਸ਼: ਗਾਜ਼ੀਪੁਰ ਅਰਬਨ ਫਾਰੈਸਟ ਵਿਖੇ ਉਤਸ਼ਾਹ ਨਾਲ ਮਨਾਇਆ 'ਕੌਮਾਂਤਰੀ ਯੋਗ ਦਿਵਸ'
ਸੁਖਨਾ ਚੋਅ ਕਿਨਾਰੇ ਗਾਜ਼ੀਪੁਰ ਅਰਬਨ ਫਾਰੈਸਟ ਵਿੱਚ ਗ੍ਰੀਨ ਪਲੈਨੇਟ ਸੋਸਾਇਟੀ ਵੱਲੋਂ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਕਿਰਤੀ ਦੇ ਹਰਿਆਲੇ ਅਤੇ ਸ਼ਾਂਤਮਈ ਮਾਹੌਲ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
Publish Date: Sun, 21 Jun 2026 10:53 AM (IST)
Updated Date: Sun, 21 Jun 2026 10:56 AM (IST)

ਜੇ.ਐੱਸ.ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ - ਸੁਖਨਾ ਚੋਅ ਕਿਨਾਰੇ ਗਾਜ਼ੀਪੁਰ ਅਰਬਨ ਫਾਰੈਸਟ ਵਿੱਚ ਗ੍ਰੀਨ ਪਲੈਨੇਟ ਸੋਸਾਇਟੀ ਵੱਲੋਂ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਕਿਰਤੀ ਦੇ ਹਰਿਆਲੇ ਅਤੇ ਸ਼ਾਂਤਮਈ ਮਾਹੌਲ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਯੋਗ ਸੈਸ਼ਨ ਦੀ ਅਗਵਾਈ ਗ੍ਰੀਨ ਪਲੈਨੇਟ ਸੋਸਾਇਟੀ ਦੇ ਪ੍ਰਧਾਨ ਸ੍ਰੀ ਸੂਮਿਤ ਭਾਰਦਵਾਜ ਨੇ ਕੀਤੀ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਹੀ ਨਹੀਂ, ਸਗੋਂ ਮਨੁੱਖੀ ਚੇਤਨਾ ਨੂੰ ਜਾਗਰੂਕ ਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ, ਜੋ ਵਿਅਕਤੀ ਨੂੰ ਆਪਣੇ ਆਪ, ਸਮਾਜ ਅਤੇ ਪ੍ਰਕਿਰਤੀ ਨਾਲ ਤਾਲਮੇਲ ਬਣਾਉਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਅਪਣਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਐਨਐੱਮਆਈਐੱਮਐੱਸ ਯੂਨੀਵਰਸਿਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਯੋਗ ਆਸਨਾਂ ਅਤੇ ਪ੍ਰਾਣਾਯਾਮ ਦਾ ਅਭਿਆਸ ਕੀਤਾ। ਸਮਾਗਮ ਵਿੱਚ ਗ੍ਰੀਨ ਪਲੈਨੇਟ ਸੋਸਾਇਟੀ ਦੇ ਜਗਬੀਰ ਸਿੰਘ ਮਹਲਾ, ਕੇ.ਕੇ. ਸੋਨੀ, ਉਪਾਸਨਾ, ਸੰਜੀਤ ਅਤੇ ਹੋਰ ਮੈਂਬਰ ਵੀ ਹਾਜ਼ਰ ਰਹੇ। ਸਮਾਗਮ ਦੇ ਅੰਤ ਵਿੱਚ ਭਾਗੀਦਾਰਾਂ ਨੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਵਾਤਾਵਰਨ ਸੰਭਾਲ ਲਈ ਜਾਗਰੂਕ ਰਹਿਣ ਦਾ ਸੰਕਲਪ ਲਿਆ। ਪ੍ਰਕਿਰਤੀ ਦੀ ਗੋਦ ਵਿੱਚ ਕਰਵਾਏ ਇਸ ਯੋਗ ਸੈਸ਼ਨ ਨੇ ਸਿਹਤ, ਚੇਤਨਾ ਅਤੇ ਵਾਤਾਵਰਨ ਪ੍ਰਤੀ ਸਾਂਝੀ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ।