- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਸੋਮਵਾਰ ਨੂੰ ਕਿਸਾਨਾਂ ਦੀ ਸਟੇਜ ਤੋਂ ਸਹਿਮਤੀ ਸਬੰਧੀ ਰਸਮੀ ਐਲਾਨ ਕਰਨਗੇ। ਓਧਰ ਸੰਯੁਕਤ ਕਿਸਾਨ ਮੋਰਚਾ ਐੱਸਕੇਐੱਮ ਦੇ ਆਗੂਆਂ ਨੇ ਇਸ ਨੂੰ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੋਹਾਲੀ : ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ’ਤੇ ਲਗਾਏ ਗਏ ਪੱਕੇ ਮੋਰਚੇ ਦੇ ਛੇਵੇਂ ਦਿਨ ਐਤਵਾਰ ਨੂੰ ਕਿਸਾਨਾਂ ਨਾਲ ਗੱਲਬਾਤ ਮਗਰੋਂ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਰਾਜ਼ੀ ਹੋ ਗਈ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਸੋਮਵਾਰ ਨੂੰ ਕਿਸਾਨਾਂ ਦੀ ਸਟੇਜ ਤੋਂ ਸਹਿਮਤੀ ਸਬੰਧੀ ਰਸਮੀ ਐਲਾਨ ਕਰਨਗੇ। ਓਧਰ ਸੰਯੁਕਤ ਕਿਸਾਨ ਮੋਰਚਾ ਐੱਸਕੇਐੱਮ ਦੇ ਆਗੂਆਂ ਨੇ ਇਸ ਨੂੰ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ।
ਪੰਜਾਬ ਭਵਨ ਵਿਖੇ ਖੇਤੀਬੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਐੱਸਕੇਐੱਮ ਦੇ ਮੋਹਰੀ ਆਗੂਆਂ ਦੀ ਸ਼ਾਮ 6 ਵਜੇ ਸ਼ੁਰੂ ਹੋਈ ਮੀਟਿੰਗ ਕਰੀਬ ਤਿੰਨ ਘੰਟੇ ਚੱਲੀ। ਕਿਸਾਨਾਂ ਮੰਗਾਂ ਸਬੰਧੀ ਦੋਵਾਂ ਧਿਰਾਂ ’ਚ ਖੁੱਲ੍ਹ ਕੇ ਚਰਚਾ ਹੋਈ। ਮੀਟਿੰਗ ਵਿਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾ, ਹਰਮੀਤ ਸਿੰਘ ਕਾਦੀਆਂ, ਗੁਰਮੀਤ ਸਿੰਘ ਮਹਿਮਾ, ਹਰਭਜਨ ਸਿੰਘ ਬੁੱਟਰ, ਡਾ. ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ ਚੌਹਾਨ, ਹਰਮੀਤ ਸਿੰਘ ਕਾਦੀਆਂ, ਮਲੂਕ ਸਿੰਘ ਹੀਰ ਕੇ, ਬੂਟਾ ਸਿੰਘ ਬੁਰਜ ਗਿੱਲ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬਲਵਿੰਦਰ ਸਿੰਘ ਰਾਜੂ ਔਲਖ, ਬਲਦੇਵ ਸਿੰਘ ਨਿਹਾਲਗੜ੍ਹ, ਦਲਬੀਰ ਸਿੰਘ ਸਿੱਧੂਪੁਰ, ਵੀਰ ਸਿੰਘ ਬੜਵਾ, ਨਛੱਤਰ ਸਿੰਘ ਜੈਤੋ ਹਾਜ਼ਰ ਸਨ।
ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਲੰਬੀ ਵਿਚਾਰ ਚਰਚਾ ਤੋਂ ਬਾਅਦ ਇਸ ਗੱਲ ’ਤੇ ਸਹਿਮਤੀ ਬਣੀ ਕਿ ਪੰਜਾਬ ਨਾਲ ਪਾਣੀਆਂ ਸਬੰਧੀ ਹੋਏ ਪੁਰਾਣੇ ਗੈਰ ਸੰਵਿਧਾਨਕ ਐਵਾਰਡ ਅਤੇ ਸਮਝੌਤੇ ਰੱਦ ਕਰਨ ਲਈ ਧਾਰਾ 78, 79, 80 ਰੱਦ ਕਰਨ ਲਈ ਇਸ ਲਈ ਇਕ ਮਹੀਨੇ ਦੇ ਅੰਦਰ-ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਸਹਿਕਾਰੀ ਬੈਂਕਾਂ ਦੀ ਇਕ ਮੁਸਤ ਕਰਜ਼ਾ ਸੈਟਲਮੈਂਟ ਸਬੰਧੀ ਵੀ ਵਿਧਾਨ ਸਭਾ ਵਿਚ ਪਾਸ ਕੀਤਾ ਜਾਵੇਗਾ। ਕਿਸਾਨਾਂ ਦੀਆਂ ਮੋਟਰਾਂ ਅਤੇ ਕੇਬਲਾਂ ਚੋਰੀ ਕਰਨ ਵਾਲੇ ਅਨਸਰਾਂ ’ਤੇ ਨਕੇਲ ਕਸੀ ਜਾਵੇਗੀ। ਇਸ ਸਬੰਧੀ ਰੂਪਨਗਰ ਰੇਂਜ ਦੇ ਡੀਆਈਜੀ ਡਾ. ਨਾਨਕ ਸਿੰਘ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸ਼ਹੀਦ ਕਿਸਾਨ ਪਰਿਵਾਰਾਂ ਦੇ ਰਹਿੰਦੇ ਮੁਆਵਜੇ ਅਤੇ ਨੌਕਰੀ ਦੇ ਕੇਸਾਂ ਲਈ ਇਕ ਨੋਡਲ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ। ਭਦੌੜ ਨੇ ਦੱਸਿਆ ਕਿ ਸੋਮਵਾਰ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੁਪਹਿਰ ਲਗਭਗ ਦੋ ਵਜੇ ਕਿਸਾਨਾਂ ਦੀ ਸਟੇਜ ’ਤੇ ਆ ਕੇ ਰਸਮੀ ਐਲਾਨ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਵੇਰੇ ਲਗਭਗ ਸਾਢੇ 9 ਵਜੇ ਲਿਖਤੀ ਭਰੋਸੇ ਵਜੋਂ ਕਿਸਾਨਾਂ ਨੂੰ ਸਰਕਾਰ ਪੱਤਰ ਭੇਜਿਆ ਜਾਵੇਗਾ। ਜਿਸ ’ਤੇ ਐੱਸਕੇਐੱਮ ਦੇ ਸੀਨੀਅਰ ਆਗੂ ਵਿਚਾਰ ਵਟਾਂਦਰਾ ਕਰਨਗੇ।
ਕਿਸਾਨਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਨਹਿਰੀ ਸਿਸਟਮ ’ਚ ਬਹੁਤ ਵੱਡੇ ਪੱਧਰ ’ਤੇ ਸੁਧਾਰ ਕੀਤੇ ਹਨ ਪਰ ਕਿਸਾਨਾਂ ਨੇ ਕਿਹਾ ਕਿ ਮੋਘਿਆਂ ਦੇ ਸਾਈਜ਼ ਵਗੈਰਾ ਘਟਾ ਦਿੱਤੇ ਗਏ ਹਨ ਇਸ ਲਈ ਉਨ੍ਹਾਂ ਨੂੰ ਵਿਗਿਆਨਕ ਆਧਾਰ ’ਤੇ ਦੁਬਾਰਾ ਠੀਕ ਕੀਤਾ ਜਾਵੇ, ਇਸ ਬਾਰੇ ਵੀ ਪੰਜਾਬ ਸਰਕਾਰ ਨੇ ਸਹਿਮਤੀ ਦਿੱਤੀ ਹੈ। ਕਿਸਾਨਾਂ ’ਤੇ ਦਿੱਲੀ ਘੋਲ ਸਮੇਂ ਜਾਂ ਰੇਲਵੇ ਜਾਂ ਚੰਡੀਗੜ੍ਹ ਵਿਚ ਬਣੇ ਹੋਏ ਜਾਂ ਕੋਈ ਹੋਰ ਸਾਰੇ ਕੇਸਾਂ ਦਾ ਵੇਰਵਾ ਦੇਣ ਲਈ ਕਿਹਾ ਗਿਆ ਹੈ।ਪੰਜਾਬ ਸਰਕਾਰ ਨੇ ਕਿਹਾ ਕਿ ਇਨ੍ਹਾਂ ਕੇਸਾਂ ਨੂੰ ਹਮਦਰਦੀ ਨਾਲ ਵਿਚਾਰ ਕੇ ਵਾਪਸ ਲੈ ਲਏ ਜਾਣਗੇ।