ਦਰਦਨਾਕ ਘਟਨਾ: ਵਿਆਹ ਤੋਂ ਇਨਕਾਰ ਕਰਨ 'ਤੇ 19 ਸਾਲਾ ਮੁਟਿਆਰ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਪ੍ਰੇਮੀ ਤੇ ਉਸ ਦੇ ਮਾਪਿਆਂ ਨੂੰ ਠਹਿਰਾਇਆ ਜ਼ਿੰਮੇਵਾਰ ਮੁਹਾਲੀ ਦੇ ਫੇਜ਼-9 ਵਿਖੇ ਕਿਰਾਏ ਦੇ ਮਕਾਨ ’ਚ ਰਹਿ ਰਹੀ 19 ਸਾਲਾ ਮੁਟਿਆਰ ਦੀ ਖ਼ੁਦਕੁਸ਼ੀ ਦੇ ਮਾਮਲੇ ’ਚ ਥਾਣਾ ਫੇਜ਼-8 ਦੀ ਪੁਲਿਸ ਨੇ ਉਸ ਦੇ ਪ੍ਰੇਮੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮ੍ਰਿਤਕਾ ਨੇ ਮੌਤ ਤੋਂ ਪਹਿਲਾਂ ਮੋਬਾਈਲ ਫੋਨ ’ਚ ਵੀਡੀਓ ਰਿਕਾਰਡ ਕਰਕੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਪੁਲਿਸ ਨੇ ਮੁਲਜ਼ਮ ਨੌਜਵਾਨ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Wed, 18 Nov 2026 11:38 AM (IST)
Updated Date: Wed, 18 Nov 2026 11:40 AM (IST)
ਕ੍ਰਾਇਮ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਫੇਜ਼-9 ਵਿਖੇ ਕਿਰਾਏ ਦੇ ਮਕਾਨ ’ਚ ਰਹਿ ਰਹੀ 19 ਸਾਲਾ ਮੁਟਿਆਰ ਦੀ ਖ਼ੁਦਕੁਸ਼ੀ ਦੇ ਮਾਮਲੇ ’ਚ ਥਾਣਾ ਫੇਜ਼-8 ਦੀ ਪੁਲਿਸ ਨੇ ਉਸ ਦੇ ਪ੍ਰੇਮੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮ੍ਰਿਤਕਾ ਨੇ ਮੌਤ ਤੋਂ ਪਹਿਲਾਂ ਮੋਬਾਈਲ ਫੋਨ ’ਚ ਵੀਡੀਓ ਰਿਕਾਰਡ ਕਰਕੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਪੁਲਿਸ ਨੇ ਮੁਲਜ਼ਮ ਨੌਜਵਾਨ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕਾ ਦੇ ਪਿਤਾ ਜੱਗਾ ਸਿੰਘ ਵਾਸੀ ਪਿੰਡ ਬੁਰਜ ਭਲਾਈਕੇ (ਮਾਨਸਾ) ਨੇ ਦੱਸਿਆ ਕਿ ਉਸ ਦੀ ਛੋਟੀ ਧੀ ਕੋਮਲ ਕੌਰ ਕਰੀਬ 10 ਮਹੀਨੇ ਪਹਿਲਾਂ ਰੁਜ਼ਗਾਰ ਲਈ ਮੁਹਾਲੀ ਆਈ ਸੀ। ਉਹ ਆਪਣੀ ਵੱਡੀ ਭੈਣ ਕਾਜਲ ਕੌਰ ਨਾਲ ਫੇਜ਼-9 ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ। ਨਿੱਜੀ ਕੰਪਨੀ ’ਚ ਕੰਮ ਕਰਦਿਆਂ ਉਸ ਦੀ ਜਾਣ-ਪਛਾਣ ਚੰਡੀਗੜ੍ਹ ਦੇ ਸੈਕਟਰ-37 ਸੀ ਦੇ ਰਹਿਣ ਵਾਲੇ ਤੁਸ਼ਾਰ ਨਾਲ ਹੋਈ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਪਹਿਲਾਂ ਨੌਜਵਾਨ ਦੇ ਪਰਿਵਾਰ ਨੇ ਵੀ ਸਹਿਮਤੀ ਦਿੱਤੀ ਸੀ।
ਸ਼ਿਕਾਇਤ ਅਨੁਸਾਰ 13 ਨਵੰਬਰ ਨੂੰ ਕੋਮਲ ਨੇ ਆਪਣੀ ਭੈਣ ਨੂੰ ਦੱਸਿਆ ਕਿ ਤੁਸ਼ਾਰ ਅਤੇ ਉਸ ਦੇ ਮਾਪਿਆਂ ਨੇ ਮੁਹਾਲੀ ’ਚ ਮਿਲ ਕੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਉਹ ਮਾਨਸਿਕ ਤਣਾਅ ’ਚ ਰਹਿਣ ਲੱਗੀ। 14 ਨਵੰਬਰ ਦੀ ਰਾਤ ਉਸ ਦੀ ਭੈਣ ਨੇ ਉਸ ਨੂੰ ਕਮਰੇ ’ਚ ਬੇਹੋਸ਼ ਹਾਲਤ ’ਚ ਦੇਖਿਆ ਅਤੇ ਹਸਪਤਾਲ ਲਿਜਾਇਆ ਗਿਆ।
ਪਿਤਾ ਅਨੁਸਾਰ ਕਮਰੇ ’ਚ ਪਏ ਰਜਿਸਟਰ ਉੱਤੇ ਫੋਨ ’ਚ ਵੀਡੀਓ ਦੇਖਣ ਦਾ ਸੁਨੇਹਾ ਲਿਖਿਆ ਹੋਇਆ ਸੀ। ਫੋਨ ’ਚ ਮਿਲੀ ਵੀਡੀਓ ’ਚ ਕੋਮਲ ਨੇ ਤੁਸ਼ਾਰ ਦੇ ਪਰਿਵਾਰ ਵੱਲੋਂ ਰਿਸ਼ਤੇ ਤੋਂ ਇਨਕਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ।
ਥਾਣਾ ਫੇਜ਼-8 ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਸ਼ਾਰ, ਉਸ ਦੇ ਪਿਤਾ ਸੰਤੋਸ਼ ਕੁਮਾਰ ਅਤੇ ਮਾਤਾ ਰੰਜਨਾ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 108 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਸੰਤੋਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਜਾਂਚ ਜਾਰੀ ਹੈ।