- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਪਾਸੇ, ਦੋਸ਼ੀ ਦੇ ਵਕੀਲ ਨੇ ਉਸ ਦੀ 67 ਸਾਲ ਦੀ ਉਮਰ, ਬਿਮਾਰੀ ਅਤੇ ਪਰਿਵਾਰਕ ਸਥਿਤੀ ਦਾ ਹਵਾਲਾ ਦਿੰਦਿਆਂ ਰਹਿਮ ਦੀ ਅਪੀਲ ਕੀਤੀ ਅਤੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੱਤਾ। ਅਦਾਲਤ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਮਲੇ ਦੇ ਤੱਥਾਂ 'ਤੇ ਵਿਚਾਰ ਕਰਨ ਤੋਂ ਬਾਅਦ ਫਾਂਸੀ ਦੀ ਥਾਂ ਉਮਰ ਕੈਦ ਦੀ ਸਜ਼ਾ ਸੁਣਾਈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁੱਲਾਂਪੁਰ ਗਰੀਬਦਾਸ ਖੇਤਰ ਵਿਚ ਸੁੱਚਾ ਸਿੰਘ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਮੁਹਾਲੀ ਦੀ ਫਾਸਟ ਟ੍ਰੈਕ ਸਪੈਸ਼ਲ ਅਦਾਲਤ ਵੱਲੋਂ ਬੁੱਧਵਾਰ ਨੂੰ ਅਹਿਮ ਫ਼ੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਦੋਸ਼ੀ ਜਗੀਰ ਸਿੰਘ ਉਰਫ਼ ਘੋਲਾ ਨਿਵਾਸੀ ਪਿੰਡ ਪੜੌਲ ਨੂੰ ਧਾਰਾ 302 ਆਈਪੀਸੀ ਤਹਿਤ ਉਮਰ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਦੋਸ਼ੀ ਨੂੰ 6 ਮਹੀਨੇ ਦੀ ਹੋਰ ਬਕਾਇਦਾ ਕੈਦ ਭੁਗਤਣੀ ਪਵੇਗੀ।
ਘਟਨਾ ਦਾ ਪਿਛੋਕੜ :
ਦੱਸਣਯੋਗ ਹੈ ਕਿ ਜੂਨ 2021 ਨੂੰ ਦੁਪਹਿਰ ਸਮੇਂ ਸੁੱਚਾ ਸਿੰਘ ਬੱਕਰੀਆਂ ਚਰਾਉਣ ਗਿਆ ਹੋਇਆ ਸੀ। ਜਦੋਂ ਸ਼ਾਮ ਤੱਕ ਸੁੱਚਾ ਸਿੰਘ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੇਰ ਸ਼ਾਮ ਜਗੀਰ ਸਿੰਘ ਦੇ ਫ਼ੋਨ ਤੋਂ ਸੁੱਚਾ ਸਿੰਘ ਦੀ ਆਪਣੇ ਪੁੱਤਰ ਸੰਦੀਪ ਨਾਲ ਗੱਲ ਹੋਈ ਸੀ ਅਤੇ ਥੋੜਾ ਦੇਰੀ ਨਾਲ ਆਉਣ ਦੀ ਗੱਲ ਕਹੀ। ਇਸ ਤੋਂ ਬਾਅਦ ਉਹ ਭੇਦਭਰੇ ਹਾਲਾਤ 'ਚ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ 17 ਜੂਨ 2021 ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 346 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਸੀ।
ਪਾਲਤੂ ਕੁੱਤੇ 'ਰੌਕੀ' ਨੇ ਲੱਭੀ ਸੀ ਬਿਨਾਂ ਸਿਰ ਤੋਂ ਦੇਹ :
ਜਦੋਂ ਕੁਝ ਦਿਨਾਂ ਬਾਅਦ ਮ੍ਰਿਤਕ ਦਾ ਪਰਿਵਾਰ ਅਤੇ ਰਿਸ਼ਤੇਦਾਰ ਸੁੱਚਾ ਸਿੰਘ ਦੇ ਪਾਲਤੂ ਕੁੱਤੇ (ਰੌਕੀ) ਨੂੰ ਨਾਲ ਲੈ ਕੇ ਜਗੀਰ ਸਿੰਘ ਦੇ ਫਾਰਮ ਹਾਊਸ ਲਾਗੇ ਭਾਲ ਕਰ ਰਹੇ ਸਨ, ਤਾਂ ਰੌਕੀ ਨੇ ਇਕ ਜਗ੍ਹਾ ਕੋਲ ਜਾ ਕੇ ਭੌਂਕਣਾ ਸ਼ੁਰੂ ਕਰ ਦਿੱਤਾ। ਪਰਿਵਾਰ ਵੱਲੋਂ ਖ਼ੁਦਾਈ ਕਰਨ 'ਤੇ ਜ਼ਮੀਨ 'ਚ ਨੱਪੀ ਹੋਈ ਸੁੱਚਾ ਸਿੰਘ ਦੀ ਲਾਸ਼ ਮਿਲੀ, ਜਿਸ ਦਾ ਸਿਰ ਧੜ ਨਾਲੋਂ ਅੱਡ ਸੀ।
ਕਤਲ ਦਾ ਕਾਰਨ :
ਮ੍ਰਿਤਕ ਦੀ ਪਤਨੀ ਸੁਨੀਤਾ ਦੇਵੀ ਅਨੁਸਾਰ ਜਗੀਰ ਸਿੰਘ ਨੇ ਸੁੱਚਾ ਸਿੰਘ ਤੋਂ 40,000 ਰੁਪਏ 'ਚ ਦੋ ਬੱਕਰੀਆਂ ਅਤੇ ਚਾਰ ਮੇਮਣੇ ਖ਼ਰੀਦੇ ਸਨ। ਜਦੋਂ ਸੁੱਚਾ ਸਿੰਘ ਆਪਣੇ ਪੈਸੇ ਮੰਗਦਾ ਸੀ ਤਾਂ ਜਗੀਰ ਸਿੰਘ ਉਸ ਨੂੰ ਧਮਕੀਆਂ ਦਿੰਦਾ ਸੀ। ਇਸੇ ਰੰਜਿਸ਼ ਤਹਿਤ ਉਸ ਦਾ ਕਤਲ ਕਰ ਦਿੱਤਾ ਗਿਆ। ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਦੌਰਾਨ ਮ੍ਰਿਤਕ ਦੇ ਡੀਐੱਨਏ ਤੋਂ ਲਾਸ਼ ਦੀ ਪਛਾਣ ਹੋਈ।
ਫਾਂਸੀ ਦੀ ਮੰਗ 'ਤੇ ਅਦਾਲਤ ਦਾ ਫ਼ੈਸਲਾ :
ਸਰਕਾਰੀ ਪੱਖ ਅਤੇ ਸ਼ਿਕਾਇਤਕਰਤਾ ਦੇ ਵਕੀਲ ਵੱਲੋਂ ਅਦਾਲਤ ’ਚ ਦਲੀਲ ਦਿੱਤੀ ਗਈ ਸੀ ਕਿ ਸੁੱਚਾ ਸਿੰਘ ਦਾ ਕਤਲ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਸੀ, ਇਸ ਲਈ ਇਸ ਮਾਮਲੇ ਵਿਚ ਦੋਸ਼ੀ ਨੂੰ ਫ਼ਾਂਸੀ ਸਜ਼ਾ ਦਿੱਤੀ ਜਾਵੇ।
ਦੂਜੇ ਪਾਸੇ, ਦੋਸ਼ੀ ਦੇ ਵਕੀਲ ਨੇ ਉਸ ਦੀ 67 ਸਾਲ ਦੀ ਉਮਰ, ਬਿਮਾਰੀ ਅਤੇ ਪਰਿਵਾਰਕ ਸਥਿਤੀ ਦਾ ਹਵਾਲਾ ਦਿੰਦਿਆਂ ਰਹਿਮ ਦੀ ਅਪੀਲ ਕੀਤੀ ਅਤੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੱਤਾ। ਅਦਾਲਤ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਮਲੇ ਦੇ ਤੱਥਾਂ 'ਤੇ ਵਿਚਾਰ ਕਰਨ ਤੋਂ ਬਾਅਦ ਫਾਂਸੀ ਦੀ ਥਾਂ ਉਮਰ ਕੈਦ ਦੀ ਸਜ਼ਾ ਸੁਣਾਈ।
ਅਦਾਲਤ ਨੇ ਮ੍ਰਿਤਕ ਸੁੱਚਾ ਸਿੰਘ ਦੀ ਪਤਨੀ ਸੁਨੀਤਾ ਦੇਵੀ ਨੂੰ ਵਿੱਤੀ ਰਾਹਤ ਅਤੇ ਮੁਆਵਜ਼ਾ ਦੇਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐੱਲਐੱਸਏ), ਐੱਸਏਐੱਸ ਨਗਰ ਨੂੰ ਖ਼ਾਸ ਸਿਫ਼ਾਰਸ਼ ਭੇਜੀ ਹੈ।