ਮੁਹਾਲੀ 'ਚ ਹਨੇਰੀ-ਤੂਫ਼ਾਨ ਨੇ ਤਬਾਹੀ ਮਚਾਈ, ਮੰਦਰ ਦਾ ਮੁੱਖ ਗੇਟ ਤੇ ਜੋੜਾਘਰ ਤਹਿਸ ਨਹਿਸ, ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟੀਆਂ
ਇਸੇ ਤਰ੍ਹਾਂ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਫੇਜ਼ 4 ਵਿੱਚ 8-9 ਥਾਂਵਾਂ ਉਤੇ ਦਰੱਖਤ ਡਿੱਗੇ ਅਤੇ ਕੁਝ ਥਾਂਵਾਂ 'ਤੇ ਬਿਜਲੀ ਦੇ ਖੰਭੇ ਅਤੇ ਤਾਰਾਂ ਵੀ ਟੁੱਟੀਆਂ ਹਨ। ਪਾਵਰਕਾਮ ਦੇ ਐਸਡੀਓ ਅਤੇ ਜੇਈ ਨੇ ਲੋਕਾਂ ਨੂੰ ਦੱਸਿਆ ਕਿ ਬਿਜਲੀ ਕਰਮਚਾਰੀ ਹੜਤਾਲ 'ਤੇ ਹਨ।
Publish Date: Sun, 03 May 2026 10:54 AM (IST)
Updated Date: Sun, 03 May 2026 11:00 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਐਤਵਾਰ ਨੂੰ ਸਵੇਰੇ ਅਚਾਨਕ ਆਏ ਤੇਜ਼ ਹਨੇਰੀ-ਤੂਫ਼ਾਨ ਨੇ ਮੁਹਾਲੀ ਸ਼ਹਿਰ ਅਤੇ ਆਸ-ਪਾਸ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਹੈ।
ਮੁਹਾਲੀ ਦੇ ਫੇਜ਼ 7 ਵਿੱਚ ਸਥਿਤ ਸਨਾਤਨ ਧਰਮ ਮੰਦਰ ਦੇ ਮੁੱਖ ਗੇਟ ਉਤੇ ਬੋਹੜ ਦਾ ਬਹੁਤ ਪੁਰਾਣਾ ਦਰੱਖਤ ਡਿੱਗਣ ਨਾਲ ਮੰਦਰ ਦਾ ਮੁੱਖ ਗੇਟ ਅਤੇ ਜੋੜਾਘਰ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਿਆ।
ਜਤਿੰਦਰ ਅਨੰਦ ਨੇ ਦੱਸਿਆ ਕਿ ਮੰਦਰ ਦੇ ਬਾਹਰ ਖੜੇ ਸ਼ਰਧਾਲੂਆਂ ਦੀਆਂ ਦੋ ਗੱਡੀਆਂ ਅਤੇ ਦੋ ਪਹੀਆ ਵਾਹਨ ਵੀ ਨੁਕਸਾਨੇ ਗਏ ਹਨ ਜਦਕਿ ਇਕ ਵਿਅਕਤੀ ਨੂੰ ਬੜੀ ਮੁਸ਼ਕਲ ਨਾਲ ਸਹੀ ਸਲਾਮਤ ਬਾਹਰ ਕੱਢਿਆ ਗਿਆ। ਇੱਥੇ ਹੀ ਬਿਜਲੀ ਦਾ ਖੰਭਾ ਟੁੱਟ ਕੇ ਸੜਕ 'ਤੇ ਡਿੱਗ ਗਿਆ।
ਇੰਜ ਹੀ ਫੇਜ਼ 6 ਵਿੱਚ ਵੀ ਹਨੇਰੀ-ਤੂਫ਼ਾਨ ਨਾਲ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ। ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਕੋਠੀ ਨੰਬਰ 45, ਕੋਠੀ ਨੰਬਰ 87, 435, 518, 767 ਦੇ ਬਾਹਰ ਸੜਕ ਕਿਨਾਰੇ ਖੜੇ ਦਰੱਖਤ ਅਤੇ ਬਿਜਲੀ ਦੇ ਖੰਡੇ ਟੁੱਟ ਕੇ ਘਰਾਂ ਅਤੇ ਗੱਡੀਆਂ ਉਤੇ ਡਿੱਗ ਗਏ ਅਤੇ ਤੁਰੰਤ ਬਿਜਲੀ ਗੁਲ ਹੋਣ ਗਈ।
ਇਸੇ ਤਰ੍ਹਾਂ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਫੇਜ਼ 4 ਵਿੱਚ 8-9 ਥਾਂਵਾਂ ਉਤੇ ਦਰੱਖਤ ਡਿੱਗੇ ਅਤੇ ਕੁਝ ਥਾਂਵਾਂ 'ਤੇ ਬਿਜਲੀ ਦੇ ਖੰਭੇ ਅਤੇ ਤਾਰਾਂ ਵੀ ਟੁੱਟੀਆਂ ਹਨ। ਪਾਵਰਕਾਮ ਦੇ ਐਸਡੀਓ ਅਤੇ ਜੇਈ ਨੇ ਲੋਕਾਂ ਨੂੰ ਦੱਸਿਆ ਕਿ ਬਿਜਲੀ ਕਰਮਚਾਰੀ ਹੜਤਾਲ 'ਤੇ ਹਨ। ਜਿਸ ਕਾਰਨ ਰਾਹਤ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ।
ਫੇਜ਼ 3ਏ ਵਿੱਚ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ ਸੰਨੀ ਸਿੰਘ ਆਹਲੂਵਾਲੀਆ ਦੇ ਬਾਹਰ ਦਰੱਖਤ ਡਿੱਗਣ ਕਾਰਨ ਸੜਕ 'ਤੇ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਇੰਜ ਹੀ ਇਸੇ ਖੇਤਰ ਵਿੱਚ ਫਰੀਂਡਮ ਫਾਈਟਰ ਪਾਰਕ ਵਿੱਚ ਖੜੇ ਕਈ ਦਰੱਖਤ ਟੁੱਟ ਗਏ ਹਨ।
ਸਾਬਕਾ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਦੱਸਿਆ ਕਿ ਫੇਜ਼ ਚਾਰ ਵਿੱਚ ਕੋਠੀ ਨੰਬਰ 87 ਦੇ ਬਾਹਰ ਖੜਾ ਪਿੱਪਲ ਦਾ ਦਰੱਖਤ ਟੁੱਟ ਕੇ ਗੱਡੀਆਂ ਅਤੇ ਦੋ ਪਹੀਆ ਵਾਹਨਾਂ ਉਤੇ ਡਿੱਗ ਗਿਆ ਅਤੇ ਆਵਾਜਾਈ ਪ੍ਰਭਾਵਿਤ ਰਹੀ।
ਇਸ ਤੋਂ ਇਲਾਵਾ ਕਈ ਹੋਰਨਾਂ ਥਾਂਵਾਂ ਉਤੇ ਵੀ ਅਜਿਹੇ ਹਾਲਾਤ ਬਣੇ ਹੋਏ ਹਨ।