
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਬਲਾਸਟ ਕੇਸ ਦੇ ਮੁੱਖ ਦੋਸ਼ੀ ਜਗਰੂਪ ਸਿੰਘ ਉਰਫ਼ ਜੂਪਾ (ਨਿਵਾਸੀ ਪੰਜਵਾਰ, ਜ਼ਿਲ੍ਹਾ ਤਰਨਤਾਰਨ) ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ ਸੈਂਪਲ ਲੈਣ ਲਈ ਏਜੰਸੀ ਨੇ ਤਿਆਰੀ ਕੀਤੀ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਚ ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਡੈਡੀਕੇਟਡ ਫ੍ਰੇਟ ਕੌਰੀਡੋਰ (ਮਾਲਗੱਡੀ ਟ੍ਰੈਕ) 'ਤੇ 27 ਅਪ੍ਰੈਲ 2026 ਦੀ ਰਾਤ ਨੂੰ ਹੋਏ ਆਈਈਡੀ ਧਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਬਲਾਸਟ ਕੇਸ ਦੇ ਮੁੱਖ ਦੋਸ਼ੀ ਜਗਰੂਪ ਸਿੰਘ ਉਰਫ਼ ਜੂਪਾ (ਨਿਵਾਸੀ ਪੰਜਵਾਰ, ਜ਼ਿਲ੍ਹਾ ਤਰਨਤਾਰਨ) ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ ਸੈਂਪਲ ਲੈਣ ਲਈ ਏਜੰਸੀ ਨੇ ਤਿਆਰੀ ਕੀਤੀ ਹੈ।
ਘਟਨਾ ਵਾਲੀ ਥਾਂ ਤੋਂ ਮਿਲੀ ਮ੍ਰਿਤਕ ਦੀ ਦੇਹ ਦੇ ਅੰਗ ਬੁਰੀ ਤਰ੍ਹਾਂ ਖਿੰਡੇ ਹੋਏ ਸਨ। ਪੁਲਿਸ ਨੇ ਮੌਕੇ ਤੋਂ ਬਰਾਮਦ ਮੋਬਾਈਲ ਫੋਨ, ਸਿਮ ਕਾਰਡ, ਤਕਨੀਕੀ ਸਾਖੀਆਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਜੋਂ ਕੀਤੀ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਗਰੂਪ ਆਪ ਧਮਾਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਧਮਾਕਾ ਹੋਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਗੱਲ ਦੀ ਅਧਿਕਾਰਤ ਪੁਸ਼ਟੀ ਕਰਨ ਲਈ ਕਿ ਬਰਾਮਦ ਹੋਈ ਦੇਹ ਅਸਲ ਵਿੱਚ ਜਗਰੂਪ ਸਿੰਘ ਦੀ ਹੀ ਸੀ, ਐੱਨਆਈਏ ਨੇ ਉਸ ਦੀ ਮਾਂ ਬਲਵਿੰਦਰ ਕੌਰ ਅਤੇ ਭਰਾ ਸਤਨਾਮ ਸਿੰਘ ਦੇ ਡੀਐੱਨਏ ਸੈਂਪਲ ਲੈਣ ਲਈ ਮੁਹਾਲੀ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਇਸ ਮਾਮਲੇ ਦੀ ਸੁਣਵਾਈ ਹੋਣ ਦੀ ਉਮੀਦ ਹੈ।
ਜਾਂਚ ਅਧਿਕਾਰੀਆਂ ਅਨੁਸਾਰ, ਜੇਕਰ ਡੀਐਨਏ ਮੈਚ ਹੋ ਜਾਂਦਾ ਹੈ ਤਾਂ ਜਗਰੂਪ ਸਿੰਘ ਵਿਰੁੱਧ ਚੱਲ ਰਹੇ ਕੇਸ ਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਜੇਕਰ ਡੀਐਨਏ ਮੈਚ ਨਹੀਂ ਹੁੰਦਾ ਤਾਂ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈਐੱਸਆਈ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਜਾਂਚ 'ਚ ਖੁਲਾਸਾ ਹੋਇਆ ਹੈ ਕਿ ਮਲੇਸ਼ੀਆ ਅਤੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਇਸ ਸਾਜ਼ਿਸ਼ 'ਚ ਸ਼ਾਮਲ ਸਨ। ਇਸੇ ਦੇ ਆਧਾਰ 'ਤੇ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋ ਦੋਸ਼ੀਆਂ ਮਨਜੀਤ ਸਿੰਘ (ਘਨੌਰ) ਅਤੇ ਗੁਰਵਿੰਦਰ ਸਿੰਘ (ਅੰਬਾਲਾ) ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।