- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਦੇ ਸਿਵਲ ਹਸਪਤਾਲ ਤੋਂ ਸਿਰਫ਼ 2 ਸਿਖਲਾਈ ਪ੍ਰਾਪਤ ਕਾਊਂਸਲਰਾਂ ਨਾਲ ਸ਼ੁਰੂ ਹੋਈ ਇਸ ਪਹਿਲਕਦਮੀ ਦਾ ਵਿਸਥਾਰ ਹੁਣ ਫ਼ਤਿਹਗੜ੍ਹ ਸਾਹਿਬ, ਲੁਧਿਆਣਾ ਤੇ ਜਲੰਧਰ ਦੇ ਸਿਵਲ ਹਸਪਤਾਲਾਂ ਤੱਕ ਹੋ ਚੁੱਕਾ ਹੈ। ਇਨ੍ਹਾਂ ਕੇਂਦਰਾਂ ’ਚ ਪਿਛਲੇ ਦੋ ਸਾਲਾਂ ਦੌਰਾਨ 1,069 ਮਾਮਲੇ ਦਰਜ ਕੀਤੇ ਗਏ ਹਨ, ਜਦਕਿ 1,656 ਮਾਮਲਿਆਂ ਦੀ ਮੁੱਢਲੀ ਜਾਂਚ (ਸਕ੍ਰੀਨਿੰਗ) ਕੀਤੀ ਗਈ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਪੰਜਾਬ ਪੁਲਿਸ ਦੇ ‘ਸਾਂਝ ਰਾਹਤ ਕੇਂਦਰ’ ਅੱਜ ਭਾਈਚਾਰਕ ਪੁਲਿਸਿੰਗ (ਕਮਿਊਨੀਟੀ ਪੁਲਿਸਿੰਗ) ਦੇ ਇਕ ਮਜ਼ਬੂਤ ਮਾਡਲ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਕੇਂਦਰਾਂ ਰਾਹੀਂ ਪੀੜਤ ਤੇ ਸੰਕਟਗ੍ਰਸਤ ਔਰਤਾਂ ਨੂੰ ਮੁਫ਼ਤ ਕਾਊਂਸਲਿੰਗ, ਕਾਨੂੰਨੀ ਸਹਾਇਤਾ, ਤੁਰੰਤ ਪੁਲਿਸ ਦਖ਼ਲ ਤੇ ਮੁੜ ਵਸੇਬਾ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਮੁਹਾਲੀ ਦੇ ਸਿਵਲ ਹਸਪਤਾਲ ਤੋਂ ਸਿਰਫ਼ 2 ਸਿਖਲਾਈ ਪ੍ਰਾਪਤ ਕਾਊਂਸਲਰਾਂ ਨਾਲ ਸ਼ੁਰੂ ਹੋਈ ਇਸ ਪਹਿਲਕਦਮੀ ਦਾ ਵਿਸਥਾਰ ਹੁਣ ਫ਼ਤਿਹਗੜ੍ਹ ਸਾਹਿਬ, ਲੁਧਿਆਣਾ ਤੇ ਜਲੰਧਰ ਦੇ ਸਿਵਲ ਹਸਪਤਾਲਾਂ ਤੱਕ ਹੋ ਚੁੱਕਾ ਹੈ। ਇਨ੍ਹਾਂ ਕੇਂਦਰਾਂ ’ਚ ਪਿਛਲੇ ਦੋ ਸਾਲਾਂ ਦੌਰਾਨ 1,069 ਮਾਮਲੇ ਦਰਜ ਕੀਤੇ ਗਏ ਹਨ, ਜਦਕਿ 1,656 ਮਾਮਲਿਆਂ ਦੀ ਮੁੱਢਲੀ ਜਾਂਚ (ਸਕ੍ਰੀਨਿੰਗ) ਕੀਤੀ ਗਈ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਕੇਂਦਰ ਸੰਕਟਗ੍ਰਸਤ ਔਰਤਾਂ ਨੂੰ ਮਾਨਸਿਕ ਸਦਮੇ ਤੋਂ ਉੱਭਰਨ ਤੇ ਮੁੜ ਆਮ ਜੀਵਨ ਜਿਊਣ ’ਚ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਇਹ ਪਹਿਲਕਦਮੀਆਂ ਔਰਤਾਂ ਦੀ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਸ਼ੁਰੂਆਤੀ ਪੜਾਅ 'ਤੇ ਹੀ ਸਰਗਰਮ ਦਖ਼ਲ ਦੇ ਕੇ ਮਹਿਲਾਵਾਂ ਵਿਰੁੱਧ ਹੋਣ ਵਾਲੀ ਹਿੰਸਾ ਨੂੰ ਰੋਕਿਆ ਜਾ ਸਕਦਾ ਹੈ।
ਸਫ਼ਲਤਾ ਦੀਆਂ ਮੁੱਖ ਉਦਾਹਰਣਾਂ
ਮੁਹਾਲੀ ਕੇਸ : ਪਤੀ ਵੱਲੋਂ ਸਰੀਰਕ ਤਸ਼ੱਦਦ ਤੇ ਜਾਨੋਂ ਮਾਰਨ ਦੀ ਧਮਕੀ ਤੋਂ ਪਰੇਸ਼ਾਨ ਮਹਿਲਾ ਜਦੋਂ ਕੇਂਦਰ ਪਹੁੰਚੀ ਤਾਂ ਟੀਮ ਨੇ ਤੁਰੰਤ ਉਸ ਦੀ ਸੁਰੱਖਿਆ ਯਕੀਨੀ ਬਣਾਈ। ਉਸ ਨੂੰ ਸੁਰੱਖਿਅਤ ਉਸ ਦੇ ਪੇਕੇ ਘਰ ਪਹੁੰਚਾਇਆ ਗਿਆ ਅਤੇ ਮੁਲਜ਼ਮ ਪਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਵਾਈ ਗਈ।
ਗਰਭਵਤੀ ਮਹਿਲਾ ਦਾ ਮੁੜ ਵਸੇਬਾ : ਪਰਿਵਾਰ ਵੱਲੋਂ ਛੱਡੀ ਗਈ ਇਕ ਗੰਭੀਰ ਗਰਭਵਤੀ ਮਹਿਲਾ ਨੂੰ ਪੀਜੀਆਈ ’ਚ ਦਾਖ਼ਲ ਕਰਵਾ ਕੇ ਲਗਭਗ 2 ਮਹੀਨੇ ਇਲਾਜ ਕਰਵਾਇਆ ਗਿਆ। ਗਰਭਪਾਤ ਦੇ ਡੂੰਘੇ ਸਦਮੇ ਦੌਰਾਨ ਟੀਮ ਨੇ ਉਸ ਨੂੰ ਭਾਵਨਾਤਮਕ ਸਹਾਰਾ ਦਿੱਤਾ। ਠੀਕ ਹੋਣ ਉਪਰੰਤ ਉਸਨੂੰ ਰੁਜ਼ਗਾਰ ਦਿਵਾਉਣ ਅਤੇ ਪਰਿਵਾਰ ਨਾਲ ਮੁੜ ਸੰਪਰਕ ਬਣਾਉਣ ਵਿਚ ਮਦਦ ਕੀਤੀ ਗਈ।
‘‘‘‘‘‘‘‘‘‘‘‘‘‘‘‘‘
ਮਹਿਲਾ ਤੇ ਬਾਲ ਸੁਰੱਖਿਆ ਲਈ ਹੋਰ ਮੁਹਿੰਮਾਂ
ਜਾਗ੍ਰਿਤੀ ਪ੍ਰੋਗਰਾਮ : ਮਹਿਲਾ ਮਿੱਤਰਾਂ ਨੇ 12,482 ਸਕੂਲਾਂ ਦਾ ਦੌਰਾ ਕੀਤਾ ; 11.75 ਲੱਖ ਤੋਂ ਵੱਧ ਬੱਚਿਆਂ (6-12 ਸਾਲ) ਅਤੇ 76,000 ਅਧਿਆਪਕਾਂ/ਸਟਾਫ਼ ਨੂੰ ਜਾਗਰੂਕ ਕੀਤਾ।
ਮਹਿਲਾ ਸਹਾਇਤਾ ਡੈਸਕ : ਪਿਛਲੇ 5 ਸਾਲਾਂ 'ਚ ਘਰੇਲੂ ਹਿੰਸਾ, ਸਾਈਬਰ ਅਪਰਾਧ, ਬਾਲ ਵਿਆਹ ਅਤੇ ਲਿੰਗ ਸਮਾਨਤਾ ਵਰਗੇ ਵਿਸ਼ਿਆਂ 'ਤੇ 69,329 ਜਾਗਰੂਕਤਾ ਪ੍ਰੋਗਰਾਮ ਉਲੀਕੇ।
ਲੋਕਾਂ ਤੇ ਪੁਲਿਸ ਵਿਚਕਾਰ ਸਾਂਝ ਮਜ਼ਬੂਤ : ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਸਾਲ 2011 ਤੋਂ ਚੱਲ ਰਹੀ ‘ਸਾਂਝ’ ਪ੍ਰਣਾਲੀ ਨੇ ਜਨਤਾ ਅਤੇ ਪੁਲਿਸ ਵਿਚਕਾਰ ਭਰੋਸਾ ਵਧਾਇਆ ਹੈ। ਯੁਵਾ ਸਾਂਝ, ਜਾਗਰਿਤੀ ਅਤੇ ਸਟੂਡੈਂਟ ਪੁਲਿਸ ਕੈਡੇਟ ਤੋਂ ਬਾਅਦ ਹੁਣ ‘ਸਾਂਝ ਰਾਹਤ ਕੇਂਦਰ’ ਲੋੜਵੰਦ ਮਹਿਲਾਵਾਂ ਨੂੰ ਇਕੋ ਛੱਤ ਹੇਠ ਕਾਊਂਸਲਿੰਗ, ਪੁਲਿਸ ਤੇ ਕਾਨੂੰਨੀ ਸਹਾਇਤਾ ਦੇ ਕੇ ਅਹਿਮ ਭੂਮਿਕਾ ਨਿਭਾ ਰਹੇ ਹਨ।।