- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੁਹਾਲੀ ਦੇ ਰਹਿਣ ਵਾਲੇ 60 ਸਾਲਾ ਸੇਵਾਮੁਕਤ ਫ਼ੌਜੀ ਕਿਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 25 ਅਗਸਤ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਮਨਕੀਰਤ ਔਲਖ ਦੀ ਇਕ ਵੀਡੀਓ ਦੇਖੀ ਸੀ। ਵੀਡੀਓ ਵਿੱਚ ਲੋੜਵੰਦਾਂ ਦੀ ਆਰਥਿਕ ਮਦਦ ਕਰਨ ਦੀ ਗੱਲ ਕਹੀ ਗਈ ਸੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਫ਼ਰਜ਼ੀ ਵੀਡੀਓ ਦਾ ਸਹਾਰਾ ਲੈ ਕੇ ਇਕ ਸੇਵਾਮੁਕਤ ਫ਼ੌਜੀ ਨਾਲ 3.99 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਮੁਹਾਲੀ ਦੇ ਰਹਿਣ ਵਾਲੇ 60 ਸਾਲਾ ਸੇਵਾਮੁਕਤ ਫ਼ੌਜੀ ਕਿਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 25 ਅਗਸਤ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਮਨਕੀਰਤ ਔਲਖ ਦੀ ਇਕ ਵੀਡੀਓ ਦੇਖੀ ਸੀ। ਵੀਡੀਓ ਵਿੱਚ ਲੋੜਵੰਦਾਂ ਦੀ ਆਰਥਿਕ ਮਦਦ ਕਰਨ ਦੀ ਗੱਲ ਕਹੀ ਗਈ ਸੀ। ਵੀਡੀਓ ਵਿੱਚ ਦਿੱਤੇ ਵਟਸਐਪ ਨੰਬਰ ’ਤੇ ਸੰਪਰਕ ਕਰਨ ’ਤੇ ਸਾਹਮਣੇ ਵਾਲਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਲਈ ਅਮਰੀਕਾ ਤੋਂ 40 ਲੱਖ ਰੁਪਏ ਦੀ ਮਦਦ ਮਨਜ਼ੂਰ ਹੋਈ ਹੈ।
ਠੱਗਾਂ ਨੇ ਦੱਸਿਆ ਕਿ ਰਕਮ ਡਾਲਰਾਂ ਵਿੱਚ ਹੈ ਅਤੇ ਇਸ ਨੂੰ ਭਾਰਤੀ ਕਰੰਸੀ ਵਿੱਚ ਬਦਲਣ ਲਈ ਡਾਲਰ ਕਨਵਰਜ਼ਨ ਤੇ ਪ੍ਰੋਸੈਸਿੰਗ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਸਭ ਤੋਂ ਪਹਿਲਾਂ 42,100 ਰੁਪਏ ਕਨਵਰਜ਼ਨ ਫੀਸ ਦੇ ਨਾਂ ’ਤੇ ਲਏ ਗਏ। ਇਸ ਤੋਂ ਬਾਅਦ 25 ਅਗਸਤ ਨੂੰ ਯੂਪੀਆਈ ਰਾਹੀਂ 1.30 ਲੱਖ ਰੁਪਏ ਟਰਾਂਸਫ਼ਰ ਕਰਵਾਏ ਗਏ। ਅਗਲੇ ਦਿਨ ਬੈਂਕ ਦਾ ਫ਼ਰਜ਼ੀ ਸਕ੍ਰੀਨਸ਼ਾਟ ਦਿਖਾ ਕੇ 1.50 ਲੱਖ ਅਤੇ ਬਾਅਦ ਵਿੱਚ 77 ਹਜ਼ਾਰ ਰੁਪਏ ਹੋਰ ਮੰਗਵਾਏ ਗਏ।
ਇਸ ਤਰ੍ਹਾਂ ਵੱਖ-ਵੱਖ ਯੂਪੀਆਈ ਆਈਡੀਜ਼ ’ਤੇ ਕੁੱਲ 3.99 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ ਗਏ। ਜਦੋਂ ਜਾਲਸਾਜ਼ਾਂ ਨੇ 40 ਲੱਖ ਰੁਪਏ ਰਿਲੀਜ਼ ਕਰਨ ਲਈ ਹੋਰ 2.55 ਲੱਖ ਰੁਪਏ ਮੰਗੇ ਤਾਂ ਕਿਸ਼ਨ ਸਿੰਘ ਨੂੰ ਠੱਗੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਹੋਰ ਪੈਸੇ ਭੇਜਣੇ ਬੰਦ ਕਰਕੇ ਸਾਈਬਰ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪੁਲਿਸ ਨੇ ਸ਼ਿਕਾਇਤ ਵਿੱਚ ਦਿੱਤੇ ਪੰਜ ਯੂਪੀਆਈ ਐਡਰੈੱਸ ਅਤੇ ਮੋਬਾਈਲ ਨੰਬਰਾਂ ਦੇ ਆਧਾਰ ’ਤੇ ਸਬੰਧਤ ਬੈਂਕ ਖਾਤਿਆਂ ਦੀ ਜਾਣਕਾਰੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਗਾਇਕ ਦੀ ਵੀਡੀਓ ਨੂੰ ਫ਼ਰਜ਼ੀ ਤਰੀਕੇ ਨਾਲ ਵਰਤਣ ਵਾਲੇ ਗਿਰੋਹ ਦੀ ਪਛਾਣ ਲਈ ਤਕਨੀਕੀ ਟੀਮਾਂ ਜਾਂਚ ਕਰ ਰਹੀਆਂ ਹਨ।