ਚੰਡੀਗੜ੍ਹ 'ਚ ਮਾਹੌਲ ਤਣਾਅਪੂਰਨ, ਪੁਲਿਸ ਨੇ ਰੋਕਿਆ ਗਵਰਨਰ ਹਾਊਸ ਦਾ ਘਿਰਾਓ; ਕੌਮੀ ਇਨਸਾਫ਼ ਮੋਰਚਾ ਦੇ ਸਮਰਥਕਾਂ 'ਤੇ ਦਾਗੇ ਅੱਥਰੂ ਗੈਸ ਦੇ ਗੋਲੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਕੋਲੀਕਾਂਡ ਆਦਿ ਮੁੱਦਿਆਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪਿਛਲੇ ਲੰਬੇ ਸਮੇਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਸਿੱਖਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ।
Publish Date: Sat, 15 Aug 2026 12:05 PM (IST)
Updated Date: Sat, 15 Aug 2026 03:10 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੂਰਾ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਪਰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਤਣਾਅ ਦੀ ਸਥਿਤੀ ਹੈ। ਬਵਾਲ ਦੇ ਡਰੋਂ ਲੋਕ ਘਰਾਂ ਵਿੱਚ ਕੈਦ ਹਨ ਅਤੇ ਸੜਕਾਂ 'ਤੇ ਆਜ਼ਾਦੀ ਨਾਲ ਘੁੰਮਣ ਤੋਂ ਵੀ ਡਰ ਰਹੇ ਹਨ।
ਇਸ ਦੀ ਵਜ੍ਹਾ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਦੇ ਸਮਰਥਕ ਗਵਰਨਰ ਹਾਊਸ ਦਾ ਘੇਰਾਓ ਕਰਨ ਪਹੁੰਚੇ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਚਲਾਇਆ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹੁਣ ਤਸਵੀਰਾਂ ਵਿੱਚ ਸਮਝੋ ਚੰਡੀਗੜ੍ਹ ਦੇ ਹਾਲਾਤ...
ਕੌਮੀ ਇਨਸਾਫ਼ ਮੋਰਚਾ ਦੇ ਸਮਰਥਕ ਮੁਹਾਲੀ 'ਚ ਦਾਖ਼ਲ ਹੋ ਚੁੱਕੇ ਹਨ ਤੇ ਚੰਡੀਗੜ੍ਹ ਕੂਚ ਦੀ ਤਿਆਰੀ 'ਚ ਹਨ।
ਪ੍ਰਦਰਸ਼ਨਕਾਰੀਆਂ ਅਤੇ ਬਾਰਡਰ ਸੀਲ ਹੋਣ ਦੀ ਵਜ੍ਹਾ ਨਾਲ ਪੰਜਾਬ-ਹਿਮਾਚਲ ਪ੍ਰਦੇਸ਼ ਵੱਲੋਂ ਆਉਣ ਵਾਲੀਆਂ ਬੱਸਾਂ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋ ਪਾ ਰਹੀਆਂ ਹਨ। ਯਾਤਰੀਆਂ ਨੂੰ ਬਾਰਡਰ 'ਤੇ ਹੀ ਉਤਾਰਿਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ।
ਮੁਹਾਲੀ ਤੇ ਚੰਡੀਗੜ੍ਹ ਦੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਗਏ ਹਨ ਅਤੇ ਚੰਡੀਗੜ੍ਹ ਅਤੇ ਮੁਹਾਲੀ ਆਉਣ ਵਾਲੇ ਵਿਅਕਤੀਆਂ ਕੋਲੋਂ ਪੁਲਿਸ ਨਾਕਿਆਂ ਉਤੇ ਪੁੱਛਗਿੱਛ ਕਰਨ ਤੋਂ ਬਾਅਦ ਹੀ ਰਾਹਗੀਰ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਛੋਟੀ ਉਮਰ ਦੇ ਬੱਚੇ ਵੀ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਹਨ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ।
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਕੋਲੀਕਾਂਡ ਆਦਿ ਮੁੱਦਿਆਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪਿਛਲੇ ਲੰਬੇ ਸਮੇਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਸਿੱਖਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਸੱਤ ਜਨਵਰੀ 2023 ਤੋਂ ਲੜੀਵਾਰ ਸੰਘਰਸ਼ ਜਾਰੀ ਹੈ। ਲੇਕਿਨ ਹੁਣ ਤੱਕ ਸਮੇਂ ਦੀਅੲਾਂ ਸਰਕਾਰਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਜਿਸ ਕਾਰਨ ਕੌਮੀ ਇਨਸਾਫ਼ ਮੋਰਚੇ ਨੇ ਹੁਣ ਆਰ-ਪਾਸ ਦੀ ਲੜਾਈ ਲੜਨ ਦਾ ਫ਼ੈਸਲਾ ਲਿਆ ਹੈ ਜਿਸ ਤਹਿਤ ਅੱਜ ਆਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ ਦੇ ਰਾਜਪਾਲ ਹਾਊਸ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਭਰ 'ਚੋਂ ਸਿੱਖ ਸੰਗਤ, ਇਨਸਾਫ਼ ਪਸੰਦ ਵਿਅਕਤੀ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੁਹਾਲੀ ਪੱਕੇ ਮੋਰਚੇ ਵਾਲੀ ਥਾਂ ਪਹੁੰਚੇ ਸ਼ੁਰੂ ਹੋ ਗਏ ਹਨ। ਦੁਪਹਿਰ 12 ਵਜੇ ਸਿੱਖ ਸੰਗਤ ਵੱਡੇ ਕਾਫ਼ਲੇ ਦੇ ਰੂਪ 'ਚ ਰਾਜਪਾਲ ਹਾਊਸ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕਰਨਗੇ।