ਤੇਜ਼ ਮੀਂਹ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ, ਟਰਾਲੀਆਂ ਨੂੰ ਬਣਾਇਆ ਆਰਜ਼ੀ 'AC ਮਹਿਲ'; ਚੰਡੀਗੜ੍ਹ ਬਾਰਡਰ 'ਤੇ ਕੀਤਾ ਸ਼ਕਤੀ ਪ੍ਰਦਰਸ਼ਨ Punjab Farmer's March ਲੰਘੀ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਭਾਰੀ ਦਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਕਾਰਨ ਟਰਾਲੀਆਂ 'ਚ ਵਿਛਾਏ ਗੱਦੇ ਪੂਰੀ ਤਰ੍ਹਾਂ ਭਿੱਜ ਗਏ ਹਨ। ਕਿਸਾਨਾਂ ਵੱਲੋਂ ਸੁੱਕਣੇ ਪਾਏ ਗਏ ਕੱਪੜੇ ਅਤੇ ਬਿਸਤਰੇ ਮੁੜ ਬਾਰਿਸ਼ ਦੇ ਪਾਣੀ ਨਾਲ ਤਰ-ਬਤਰ ਹੋ ਗਏ ਹਨ। ਟਰਾਲੀਆਂ ਦੀਆਂ ਛੱਤਾਂ ਤੋਂ ਵੀ ਪਾਣੀ ਚੋਣਾ ਸ਼ੁਰੂ ਹੋ ਗਿਆ ਹੈ।
Publish Date: Fri, 04 Sep 2026 02:57 PM (IST)
Updated Date: Fri, 04 Sep 2026 03:03 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ-ਚੰਡੀਗੜ੍ਹ ਦੀ ਸਰਹੱਦ 'ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਏ ਗਏ ਪੱਕੇ ਮੋਰਚੇ ਦੇ ਚੌਥੇ ਦਿਨ (4 ਸਤੰਬਰ) ਮੌਸਮ ਦੇ ਖਰਾਬ ਮਿਜ਼ਾਜ ਅਤੇ ਤੇਜ਼ ਬਾਰਿਸ਼ ਨੇ ਕਿਸਾਨਾਂ ਦੇ ਸਬਰ ਅਤੇ ਹਿੰਮਤ ਦੀ ਪ੍ਰੀਖਿਆ ਲਈ ਪ੍ਰੰਤੂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਡਟੇ ਹੋਏ ਹਨ।
ਬੀਤੀ ਦੇਰ ਰਾਤ ਮੀਂਹ ਦੇ ਪਾਣੀ ਨਾਲ ਭਿੱਜੇ ਗੱਦੇ ਅਤੇ ਕੱਪੜੇ ਕਿਸਾਨਾਂ ਵੱਲੋਂ ਸੜਕਾਂ ਅਤੇ ਡਿਵਾਈਡਰ ਪੱਟੀ 'ਤੇ ਸੁੱਕਣੇ ਪਾਏ ਗਏ ਸੀ ਲੇਕਿਨ ਅੱਜ ਦੁਪਹਿਰੇ ਅਚਾਨਕ ਸ਼ੁਰੂ ਹੋਈ ਤੇਜ਼ ਬਾਰਿਸ਼ ਨਾਲ ਮੁੜ ਤੋਂ ਭਿੱਜ ਗਏ। ਤੇਜ਼ ਮੀਂਹ ਕਾਰਨ ਸਟੇਜ ਦੀ ਕਾਰਵਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ।
ਜਾਣਕਾਰੀ ਮੁਤਾਬਕ ਲੰਘੀ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਭਾਰੀ ਦਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਕਾਰਨ ਟਰਾਲੀਆਂ 'ਚ ਵਿਛਾਏ ਗੱਦੇ ਪੂਰੀ ਤਰ੍ਹਾਂ ਭਿੱਜ ਗਏ ਹਨ। ਕਿਸਾਨਾਂ ਵੱਲੋਂ ਸੁੱਕਣੇ ਪਾਏ ਗਏ ਕੱਪੜੇ ਅਤੇ ਬਿਸਤਰੇ ਮੁੜ ਬਾਰਿਸ਼ ਦੇ ਪਾਣੀ ਨਾਲ ਤਰ-ਬਤਰ ਹੋ ਗਏ ਹਨ। ਟਰਾਲੀਆਂ ਦੀਆਂ ਛੱਤਾਂ ਤੋਂ ਵੀ ਪਾਣੀ ਚੋਣਾ ਸ਼ੁਰੂ ਹੋ ਗਿਆ ਹੈ।
ਟਰਾਲੀਆਂ ਬਣੀਆਂ 'ਏਸੀ ਮਹਿਲ' ਇਨ੍ਹਾਂ ਔਕੜਾਂ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਕਿਸਾਨਾਂ ਨੇ ਆਪਣੀਆਂ ਟਰਾਲੀਆਂ ਦੇ ਉੱਪਰ ਤਰਪਾਲਾਂ ਅਤੇ ਬੋਰੀਆਂ ਪਾ ਕੇ ਆਰਜ਼ੀ ਛੱਤਾਂ ਤਿਆਰ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਉਹ ਮਜ਼ਾਕੀਆ ਲਹਿਜੇ ਵਿੱਚ ਆਪਣੇ "ਏਸੀ ਮਹਿਲ" ਆਖ ਰਹੇ ਹਨ। ਟਰਾਲੀਆਂ ਦੇ ਅੰਦਰ ਬੈਠ ਕੇ ਕਿਸਾਨ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਆਪਸੀ ਵਿਚਾਰ-ਵਟਾਂਦਰਾ ਕਰਦੇ ਦੇਖੇ ਗਏ ਹਨ। ਮੀਂਹ ਦੇ ਪਾਣੀ ਤੋਂ ਬਚਣ ਲਈ ਟਰਾਲੀ ਵਿਚ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ- ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸਤਨਾਮ ਸਿੰਘ ਬਰਨਾਲਾ, ਅਮਨਦੀਪ ਗੋਰਾ ਰਾਇਸਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤਾਂ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਪ੍ਰੀਖਿਆਵਾਂ ਲੈਂਦੇ ਆ ਰਹੀਆਂ ਹਨ ਲੇਕਿਨ ਹੁਣ ਕੁਦਰਤ ਨੇ ਵੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਹੈ।
ਮੀਂਹ ਵਿੱਚ ਵੀ ਡਟੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੇ ਉਨ੍ਹਾਂ ਦੇ ਸਬਰ ਦਾ ਜਿੰਨਾ ਮਰਜ਼ੀ ਇਮਤਿਹਾਨ ਲੈ ਲਵੇ, ਉਹ ਮੰਗਾਂ ਮੰਨਵਾਏ ਬਿਨਾਂ ਵਾਪਸ ਨਹੀਂ ਪਰਤਣਗੇ। ਉਨ੍ਹਾਂ ਦਾ ਸਪੱਸ਼ਟ ਆਖਿਆ "ਜਿੰਨਾ ਵੀ ਮੀਂਹ ਪਵੇ ਜਾਂ ਪ੍ਰੇਸ਼ਾਨੀ ਆਵੇ, ਅਸੀਂ ਸਰਕਾਰ ਨੂੰ ਮਨਾ ਕੇ ਹੀ ਦਮ ਲਵਾਂਗੇ।" ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਏਕਤਾ- ਡਕੌਂਦਾ) ਦੇ ਮੈਂਬਰਾਂ ਨੇ ਮੁੱਖ ਸਟੇਜ ਤੱਕ ਮਾਰਚ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।