- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲੜੂ ਦੇ ਨੇੜਲੇ ਪਿੰਡ ਘੋਲੂਮਾਜਰਾ ਵਿਖੇ ਬੁੱਧਵਾਰ ਦੇਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਕਾਰੋਬਾਰੀ ਦੇ ਇਕ ਅੰਦਰੂਨੀ ਵਿਵਾਦ ਨੂੰ ਲੈ ਕੇ ਸਕੇ ਭਤੀਜੇ ਨੇ ਆਪਣੇ ਹੀ ਚਾਚੇ 'ਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਗੰਭੀਰ ਫੱਟੜ ਕਰਨ ਮਗਰੋਂ ਆਪਣੇ ਨਾਲ ਲੈ ਗਿਆ।

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਦੇ ਨੇੜਲੇ ਪਿੰਡ ਘੋਲੂਮਾਜਰਾ ਵਿਖੇ ਬੁੱਧਵਾਰ ਦੇਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਕਾਰੋਬਾਰੀ ਦੇ ਇਕ ਅੰਦਰੂਨੀ ਵਿਵਾਦ ਨੂੰ ਲੈ ਕੇ ਸਕੇ ਭਤੀਜੇ ਨੇ ਆਪਣੇ ਹੀ ਚਾਚੇ 'ਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਗੰਭੀਰ ਫੱਟੜ ਕਰਨ ਮਗਰੋਂ ਆਪਣੇ ਨਾਲ ਲੈ ਗਿਆ। ਗੋਲ਼ੀ ਲੱਗਣ ਵਾਲੇ ਚਾਚੇ ਦੀ ਪਛਾਣ ਰਾਹੁਲ ਮਲਿਕ (45) ਵਜੋਂ ਹੋਈ ਹੈ, ਜੋ ਕਿ ਐੱਸਬੀਪੀ ਡੇਰਾਬੱਸੀ ਦਾ ਰਹਿਣ ਵਾਲਾ ਸੀ ਅਤੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ।
ਜਾਣਕਾਰੀ ਮੁਤਾਬਕ ਇਹ ਖ਼ੂਨੀ ਵਾਰਦਾਤ ਘੋਲੂਮਾਜਰਾ ਸਥਿਤ ਜੈ ਅੰਬੇ ਪਲਾਈ ਵੁਡ ਹਾਰਡਵੇਅਰ ਐਂਡ ਕੰਸਟਰਕਸ਼ਨ ਪ੍ਰਾਈਵੇਟ ਲਿਮਿਟਡ ਦੇ ਦਫ਼ਤਰ ਵਿਖੇ ਅੱਜ ਸ਼ਾਮ ਕਰੀਬ ਪੌਣੇ ਅੱਠ ਵਜੇ ਦੇ ਆਸ-ਪਾਸ ਵਾਪਰੀ, ਜਿੱਥੇ ਰਾਹੁਲ ਮਲਿਕ ਮੌਜੂਦ ਸੀ। ਇਸ ਦੌਰਾਨ ਘਰੇਲੂ ਵਾਦ-ਵਿਵਾਦ ਨੂੰ ਲੈ ਕੇ ਦੇ ਚੱਲ ਰਹੇ ਝਗੜੇ ਨੂੰ ਲੈ ਕੇ ਬਹਿਸ ਐਨੀ ਵੱਧ ਗਈ ਕਿ ਮ੍ਰਿਤਕ ਦੇ ਸਕੇ ਭਤੀਜੇ ਸਾਹਿਲ ਨੇ ਪਿਸਤੌਲ ਕੱਢ ਕੇ ਇਸ ਖ਼ੌਫ਼ਨਾਕ ਕਾਂਡ ਨੂੰ ਅੰਜਾਮ ਦੇ ਦਿੱਤਾ। ਇਸ ਰੂਹ ਕੰਬਾਊ ਘਟਨਾ ਮਗਰੋਂ ਹਲਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਰਾਹੁਲ ਮਲਿਕ ਦੀ ਸਕੀ ਭੈਣ (ਸਾਹਿਲ ਦੀ ਭੂਆ) ਮੁਤਾਬਕ ਸਾਹਿਲ ਨੇ ਉਸ ਰਾਹੁਲ 'ਤੇ ਗੋਲ਼ੀਆਂ ਚਲਾਈਆਂ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ, ਮੁਲਜ਼ਮ ਭਤੀਜਾ ਸਾਹਿਲ ਆਪਣੇ ਖ਼ੂਨ ਨਾਲ ਲੱਥਪੱਥ ਹੋ ਚੁੱਕੇ ਚਾਚੇ ਨੂੰ ਖ਼ੁਦ ਹੀ ਗੱਡੀ ਵਿਚ ਪਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਮੂਲ ਰੂਪ ਵਿਚ ਪਾਣੀਪਤ (ਹਰਿਆਣਾ) ਦਾ ਰਹਿਣ ਵਾਲਾ ਹੈ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿਚ ਭਾਰੀ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਘਟਨਾ ਦੀ ਸੂਚਨਾ ਮਿਲਣ ’ਤੇ ਡੇਰਾਬੱਸੀ ਅਤੇ ਲਾਲੜੂ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਉਥੋਂ ਮੌਕੇ ਤੋਂ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਕੱਢ ਕੇ ਲੈ ਗਿਆ। ਇਸ ਮਾਮਲੇ ਵਿਚ ਦੋ ਵਿਅਕਤੀ ਗੋਲ਼ੀ ਲੱਗਣ ਨਾਲ ਫੱਟੜ ਦੱਸੇ ਜਾ ਰਹੇ ਹਨ। ਮੌਕੇ ’ਤੇ ਪੁੱਜੀ ਪੁਲਿਸ ਹਾਲੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਫੋਟੋ ਕੈਪਸ਼ਨ : ਜ਼ਖ਼ਮੀ ਰਾਹੁਲ ਮਲਿਕ ਦੀ ਫਾਈਲ ਫੋਟੋ। 36ਪੀ
ਫੋਟੋ ਕੈਪਸ਼ਨ : ਚੱਲੀ ਗੋਲ਼ੀ ਦਾ ਪਿਆ ਖਾਲੀ ਹੋਲ। 37ਪੀ
ਫੋਟੋ ਕੈਪਸ਼ਨ : ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਪੁੱਛਗਿੱਛ ਕਰਦੇ ਹੋਏ। 38ਪੀ