- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਨਵੀਆਂ ਕਿਤਾਬਾਂ ਨੂੰ ਮੌਜੂਦਾ ਸਮੇਂ ਦੀਆਂ ਲੋੜਾਂ ਅਤੇ ਕੰਪੀਟੈਂਸੀ-ਅਧਾਰਿਤ ਸਿੱਖਿਆ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਬਜਾਏ ਸਮਝ, ਵਿਸ਼ਲੇਸ਼ਣ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਅਗਲੇ ਵਿੱਦਿਅਕ ਸੈਸ਼ਨ ਤੋਂ ਛੇਵੀਂ ਤੋਂ ਅੱਠਵੀਂ ਜਮਾਤ ਲਈ ਨਵੀਆਂ ਪਾਠ-ਪੁਸਤਕਾਂ ਲਾਗੂ ਕਰੇਗਾ। ਇਸ ਮੰਤਵ ਨਾਲ ਸਿੱਖਿਆ ਭਵਨ ਵਿਖੇ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੀਆਂ ਪਾਠ-ਪੁਸਤਕਾਂ ਦੇ ਰਿਵਿਊ ਅਤੇ ਅਪਡੇਟ ਲਈ ਪੰਜ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਵਿਸ਼ਾ ਮਾਹਰਾਂ, ਅਗਾਂਹਵਧੂ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਭਾਗ ਲਿਆ।
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਨਵੀਆਂ ਕਿਤਾਬਾਂ ਨੂੰ ਮੌਜੂਦਾ ਸਮੇਂ ਦੀਆਂ ਲੋੜਾਂ ਅਤੇ ਕੰਪੀਟੈਂਸੀ-ਅਧਾਰਿਤ ਸਿੱਖਿਆ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਬਜਾਏ ਸਮਝ, ਵਿਸ਼ਲੇਸ਼ਣ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਕਿਤਾਬਾਂ ਨੂੰ ਹੋਰ ਆਧੁਨਿਕ, ਪ੍ਰਸੰਗਿਕ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬਾਕੀ ਜਮਾਤਾਂ ਦੀਆਂ ਪਾਠ-ਪੁਸਤਕਾਂ ਦਾ ਰਿਵਿਊ ਵੀ ਪੜਾਅਵਾਰ ਕੀਤਾ ਜਾਵੇਗਾ।
ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਨਵੇਂ ਪਾਠਕ੍ਰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਬੋਰਡ ਵੱਲੋਂ ਪਹਿਲਾਂ ਹੀ ਕਰੀਬ 2000 ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਿਤਾਬਾਂ ਬਦਲਣ ਨਾਲ ਮਕਸਦ ਪੂਰਾ ਨਹੀਂ ਹੋਵੇਗਾ, ਸਗੋਂ ਅਧਿਆਪਕਾਂ ਨੂੰ ਵੀ ਨਵੇਂ ਢੰਗ ਨਾਲ ਪੜ੍ਹਾਉਣ ਲਈ ਤਿਆਰ ਕਰਨਾ ਜ਼ਰੂਰੀ ਹੈ।
ਬੋਰਡ ਮੁਖੀ ਨੇ ਕਿਹਾ ਕਿ ਪਹਿਲੀ ਤੋਂ ਪੰਜਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਦੀਆਂ ਪਾਠ-ਪੁਸਤਕਾਂ ਦਾ ਰਿਵਿਊ ਵੀ ਜਲਦੀ ਪੜਾਅਵਾਰ ਕੀਤਾ ਜਾਵੇਗਾ। ਇਸ ਪਹਿਲ ਨਾਲ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਮਦਦ ਮਿਲੇਗੀ।
ਹੁਨਰ-ਅਧਾਰਿਤ ਸਿੱਖਿਆ 'ਤੇ ਫੋਕਸ
ਵਰਕਸ਼ਾਪ ਦੌਰਾਨ ਮਾਹਰਾਂ ਨੇ ਪਾਠ-ਪੁਸਤਕਾਂ ਨੂੰ ਅਜਿਹੇ ਢੰਗ ਨਾਲ ਤਿਆਰ ਕਰਨ 'ਤੇ ਜ਼ੋਰ ਦਿੱਤਾ, ਜਿਸ ਨਾਲ ਵਿਦਿਆਰਥੀਆਂ ਵਿੱਚ ਸੋਚਣ, ਸਮਝਣ ਅਤੇ ਵਿਹਾਰਕ ਗਿਆਨ ਦੀ ਸਮਰੱਥਾ ਵਿਕਸਿਤ ਹੋਵੇ।
ਅਧਿਆਪਕਾਂ ਦੀ ਸਿਖਲਾਈ ਵੀ ਨਾਲ-ਨਾਲ
ਬੋਰਡ ਅਨੁਸਾਰ ਨਵੇਂ ਪਾਠਕ੍ਰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵੱਡੇ ਪੱਧਰ 'ਤੇ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਤਰੀਕਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਮੁੱਖ ਗੱਲਾਂ
ਅਗਲੇ ਸੈਸ਼ਨ ਤੋਂ 6ਵੀਂ-8ਵੀਂ ਦੀਆਂ ਨਵੀਆਂ ਪਾਠ-ਪੁਸਤਕਾਂ ਲਾਗੂ।
ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੀਆਂ ਕਿਤਾਬਾਂ ਦਾ ਰਿਵਿਊ।
ਕਰੀਬ 2000 ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ ਦੀ ਸਿਖਲਾਈ।
ਪਹਿਲੀ ਤੋਂ ਪੰਜਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਕਿਤਾਬਾਂ ਦਾ ਰਿਵਿਊ ਵੀ ਪੜਾਅਵਾਰ ਹੋਵੇਗਾ।