- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦਾ ਇਕ ਮੁੱਖ ਬਿਜਲੀ ਬੋਰਡ ਪੈਨਲ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਹੈ। ਇਸੇ ਹਾਦਸੇ ਕਾਰਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਪਈ ਹੈ, ਪਰ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ।

ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਗਰਮੀ ਦੇ ਮੌਸਮ ਵਿਚ ਬੜਮਾਜਰਾ ਸਥਿਤ ਰਾਜੀਵ ਕਾਲੋਨੀ ਦੇ ਨਿਵਾਸੀ ਭਿਆਨਕ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਵਿਚ ਪਿਛਲੇ ਕਰੀਬ 20 ਘੰਟਿਆਂ ਤੋਂ ਬਿਜਲੀ ਪੂਰੀ ਤਰ੍ਹਾਂ ਗੁੱਲ ਹੈ, ਜਿਸ ਕਾਰਨ ਸਥਾਨਕ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਲਾਕੇ ਦਾ ਇਕ ਮੁੱਖ ਬਿਜਲੀ ਬੋਰਡ ਪੈਨਲ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਹੈ। ਇਸੇ ਹਾਦਸੇ ਕਾਰਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਪਈ ਹੈ, ਪਰ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ।
ਪਿਛਲੇ 19-20 ਘੰਟੇ ਤੋਂ ਲਗਾਤਾਰ ਬਿਜਲੀ ਬੰਦ ਰਹਿਣ ਕਾਰਨ ਉਨ੍ਹਾਂ ਦੇ ਫ੍ਰੀਜ਼ਰ ਵਿਚ ਰੱਖਿਆ ਸਾਰਾ ਦੁੱਧ, ਦਹੀਂ, ਘਿਓ ਅਤੇ ਮੱਖਣ ਖ਼ਰਾਬ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ। -ਪਾਰਸ ਨਾਥ ਬੜਮਾਜਰਾ ਨਿਵਾਸੀ।
ਬੀਤੀ ਕੱਲ੍ਹ ਰਾਤ 9:00 ਵਜੇ ਤੋਂ ਲਾਈਟ ਗਈ ਹੋਈ ਹੈ। 19 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਜਲੀ ਸ਼ਿਕਾਇਤ ਨੰਬਰ 1912 'ਤੇ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਕੋਈ ਹੁੰਗਾਰਾ (ਰਿਸਪੌਂਸ) ਨਹੀਂ ਮਿਲ ਰਿਹਾ। -ਸੁਨੀਤਾ ਵਰਮਾ ਸਥਾਨਕ ਨਿਵਾਸੀ।
ਪਿਛਲੇ 3-4 ਦਿਨਾਂ ਤੋਂ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਸਨ, ਪਰ ਕੱਲ੍ਹ ਰਾਤ 9 ਵਜੇ ਤੋਂ ਤਾਂ ਲਾਈਟ ਬਿਲਕੁਲ ਆਈ ਹੀ ਨਹੀਂ। ਬਿਜਲੀ ਨਾ ਹੋਣ ਕਾਰਨ ਘਰਾਂ ਵਿਚ ਪਾਣੀ ਦੀ ਵੀ ਕਿੱਲਤ ਹੋ ਗਈ ਹੈ, ਜਿਸ ਕਾਰਨ ਨਾ ਤਾਂ ਘਰ ਵਿਚ ਪਾਣੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਸਹੂਲਤ ਮਿਲ ਰਹੀ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਫ਼ੋਨ ਕੀਤਾ ਗਿਆ, ਪਰ ਕੋਈ ਜਵਾਬ ਨਹੀਂ ਮਿਲਿਆ। -ਅੰਜੂ ਵਾਸੀ ਰਾਜੀਵ ਕਾਲੋਨੀ।
ਇਲਾਕੇ ਦੀ ਵਧਦੀ ਜਨਸੰਖਿਆ ਦੇ ਹਿਸਾਬ ਨਾਲ ਇੱਥੇ ਬਹੁਤ ਛੋਟੇ ਟਰਾਂਸਫਾਰਮਰ ਲਗਾਏ ਗਏ ਹਨ, ਜੋ ਲੋਡ ਨਹੀਂ ਝੱਲ ਪਾਉਂਦੇ। 20 ਘੰਟਿਆਂ ਤੋਂ ਬਿਜਲੀ ਨਾ ਹੋਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਗਰਮੀ ਵਿਚ ਬੁਰਾ ਹਾਲ ਹੈ। ਬਿਜਲੀ ਕਰਮਚਾਰੀ ਫ਼ੋਨ ਚੁੱਕਣ ਨੂੰ ਤਿਆਰ ਨਹੀਂ ਹਨ। ਜੇਕਰ ਮਹਿਕਮੇ ਨੇ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ, ਤਾਂ ਲੋਕ ਵੱਡੀ ਗਿਣਤੀ ਵਿਚ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨਗੇ। -ਪਵਨ ਸਿੰਘ ਸਥਾਨਕ ਨਿਵਾਸੀ।
ਸਥਾਨਕ ਵਸਨੀਕਾਂ ਅਨੁਸਾਰ ਜਿੱਥੇ ਇਕ ਪਾਸੇ ਲੋਕ ਬਿਜਲੀ ਅਤੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ, ਉਥੇ ਹੀ ਬਿਜਲੀ ਦੇ ਬਕਸੇ ਵਿਚ ਮੀਟਰਾਂ ਦੇ ਸੜਨ ਕਾਰਨ ਬਿਜਲੀ ਵਿਭਾਗ ਦੀ ਲਾਪਰਵਾਹੀ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਸ਼ਿਕਾਇਤਾਂ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਮੌਕੇ 'ਤੇ ਨਾ ਪਹੁੰਚਣਾ ਸਥਾਨਕ ਪ੍ਰਸ਼ਾਸਨ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਵੇਂ ਅਤੇ ਵੱਡੇ ਟਰਾਂਸਫਾਰਮਰ ਲਗਾ ਕੇ ਬਿਜਲੀ ਸਪਲਾਈ ਨੂੰ ਤੁਰੰਤ ਬਹਾਲ ਕੀਤਾ ਜਾਵੇ।