- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੀਲੈਂਸ ਦੀ ਟੀਮ ਦਫ਼ਤਰ ਪੁੱਜਣ ਦੀ ਖ਼ਬਰ ਫ਼ੈਲੀ ਤਾਂ ਉੱਥੇ ਮੌਜੂਦ ਪ੍ਰਾਈਵੇਟ ਕਰਿੰਦੇ ਆਪਣੀਆਂ ਸੀਟਾਂ ਛੱਡ ਕੇ ਭੱਜ ਗਏ। ਕੁਝ ਵਿਅਕਤੀ ਆਸ-ਪਾਸ ਦੇ ਸ਼ੋਅਰੂਮਾਂ ਵਿਚ ਜਾ ਕੇ ਦੁਬਕ ਗਏ, ਜਦਕਿ ਦੇਖਦੇ ਹੀ ਦੇਖਦੇ ਆਸ-ਪਾਸ ਦੇ ਹੋਰ ਪਟਵਾਰ ਦਫ਼ਤਰ ਵੀ ਬੰਦ ਹੋ ਗਏ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇ 'ਤੇ ਪ੍ਰਾਈਮ ਸਟੇਟ ਲਾਗੇ ਡੋਮੀਨੋਜ਼ ਦੇ ਪਿੱਛੇ ਸਥਿਤ ਇਕ ਪਟਵਾਰ ਦਫ਼ਤਰ ਵਿਚ ਵੀਰਵਾਰ ਨੂੰ ਵਿਜੀਲੈਂਸ ਬਿਊਰੋ ਦੀ ਛਾਪੇਮਾਰੀ ਦੀ ਖ਼ਬਰ ਨਾਲ ਪੂਰੇ ਖੇਤਰ ਦੇ ਪਟਵਾਰਖਾਨਿਆਂ ਵਿਚ ਭਾਜੜ ਮਚ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਜਿਵੇਂ ਹੀ ਵਿਜੀਲੈਂਸ ਦੀ ਟੀਮ ਦਫ਼ਤਰ ਪੁੱਜਣ ਦੀ ਖ਼ਬਰ ਫ਼ੈਲੀ ਤਾਂ ਉੱਥੇ ਮੌਜੂਦ ਪ੍ਰਾਈਵੇਟ ਕਰਿੰਦੇ ਆਪਣੀਆਂ ਸੀਟਾਂ ਛੱਡ ਕੇ ਭੱਜ ਗਏ। ਕੁਝ ਵਿਅਕਤੀ ਆਸ-ਪਾਸ ਦੇ ਸ਼ੋਅਰੂਮਾਂ ਵਿਚ ਜਾ ਕੇ ਦੁਬਕ ਗਏ, ਜਦਕਿ ਦੇਖਦੇ ਹੀ ਦੇਖਦੇ ਆਸ-ਪਾਸ ਦੇ ਹੋਰ ਪਟਵਾਰ ਦਫ਼ਤਰ ਵੀ ਬੰਦ ਹੋ ਗਏ।
ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਇਕ ਪ੍ਰਾਈਵੇਟ ਡਰਾਇਵਰ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ ਦਿਨੀਂ ਮੁਹਾਲੀ ਦੇ ਤਹਿਸੀਲ ਕੰਪਲੈਕਸ ਵਿਚ ਵੀ ਇਕ ਮਹਿਲਾ ਕਲਰਕ ਨੂੰ ਵੀ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹੇ ਭਰ ਦੇ ਮਾਲ ਵਿਭਾਗ ਦੇ ਦਫ਼ਤਰਾਂ ’ਚ ਬੇਚੈਨੀ ਫ਼ੈਲੀ ਹੋਈ ਹੈ ਕਿਉਂਕਿ ਪਿਛਲੇ ਸਮੇਂ ਤੋਂ ਵਿਰੋਧੀ ਧਿਰਾਂ ਨੇ ਜ਼ਿਕਰ ਕੀਤਾ ਹੈ ਕਿ ਅਜਿਹੇ ਦਫ਼ਤਰਾਂ ’ਚ ਬਿਨਾਂ ਪੈਸੇ ਦਿੱਤੇ ਲੋਕਾਂ ਦੇ ਕੰਮ ਨਹੀਂ ਹੁੰਦੇ ਅਤੇ ਹੁਣ ਵਿਜੀਲੈਂਸ ਟੀਮ ਦੀਆਂ ਤਾਜ਼ਾ ਕਾਰਵਾਈਆਂ ਤੋਂ ਬਾਅਦ ਇਨ੍ਹਾਂ ਦੋਸ਼ਾਂ ’ਤੇ ਮੋਹਰ ਲੱਗਦੀ ਨਜ਼ਰ ਆ ਰਹੀ ਹੈ।
ਬਿਨਾਂ ਕੰਮ ਕਰਵਾਏ ਪਰਤੇ ਲੋਕ
ਰੇਡ ਦੀ ਖ਼ਬਰ ਫ਼ੈਲਦਿਆਂ ਹੀ ਆਪਣੀ ਜ਼ਮੀਨ-ਜਾਇਦਾਦ ਨਾਲ ਸਬੰਧਤ ਕੰਮ ਕਰਵਾਉਣ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜਨਾ ਪਿਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਪਟਵਾਰੀ ਆਪਣੇ ਸਰਕਾਰੀ ਕੰਮਾਂ ਲਈ ਪ੍ਰਾਈਵੇਟ ਕਰਿੰਦੇ ਰੱਖ ਕੇ ਕੰਮ ਕਰਵਾਉਂਦੇ ਹਨ। ਵਿਜੀਲੈਂਸ ਦੀ ਕਾਰਵਾਈ ਬਾਰੇ ਪਤਾ ਲੱਗਦਿਆਂ ਹੀ ਇਹ ਕਰਿੰਦੇ ਮੌਕੇ ਤੋਂ ਗਾਇਬ ਹੋ ਗਏ।
ਰਿਕਾਰਡ ਦੀ ਜਾਂਚ ਜਾਰੀ
ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਨੇ ਸਬੰਧਤ ਦਫ਼ਤਰ ਵਿਚ ਮੌਜੂਦ ਦਸਤਾਵੇਜ਼ਾਂ ਅਤੇ ਹੋਰ ਸਰਕਾਰੀ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਵਿਜੀਲੈਂਸ ਬਿਊਰੋ ਵੱਲੋਂ ਇਸ ਰੇਡ ਦੇ ਮੁੱਖ ਕਾਰਨ, ਕਿਸੇ ਤਰ੍ਹਾਂ ਦੀ ਬਰਾਮਦਗੀ ਜਾਂ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਤੇ ਵਿਜੀਲੈਂਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।