- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਬੰਦੀਆਂ ਦਾ ਦੋਸ਼ ਹੈ ਕਿ ਸੀਨੀਅਰਤਾ ਸੂਚੀਆਂ ਅਤੇ ਸਟੇਸ਼ਨ ਅਲਾਟਮੈਂਟ ’ਚ ਖਾਮੀਆਂ ਕਾਰਨ ਕਈ ਯੋਗ ਅਧਿਆਪਕਾਂ ਨਾਲ ਬੇਇਨਸਾਫ਼ੀ ਹੋਈ ਹੈ। ਵਿਰੋਧ ਦਰਮਿਆਨ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ (ਪ੍ਰਮੋਸ਼ਨ ਸੈੱਲ) ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ 28 ਸਤੰਬਰ ਨੂੰ ਐੱਚਟੀ, ਸੀਐੱਚਟੀ ਤੇ ਸੀਟੀਟੀ ਸਮੇਤ ਵੱਖ-ਵੱਖ ਟੀਚਿੰਗ ਤੇ ਨਾਨ-ਟੀਚਿੰਗ ਕਾਡਰਾਂ ਤੋਂ ਮਾਸਟਰ ਕਾਡਰ ’ਚ ਕੀਤੀਆਂ ਤਰੱਕੀਆਂ ਮਗਰੋਂ ਸਟੇਸ਼ਨ ਅਲਾਟਮੈਂਟ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਡੀਟੀਐੱਫ਼ ਸਮੇਤ ਕਰੀਬ ਦਰਜਨ ਅਧਿਆਪਕ ਜਥੇਬੰਦੀਆਂ ਨੇ ਤਰੱਕੀਆਂ ਅਤੇ ਸਟੇਸ਼ਨ ਵੰਡ ’ਚ ਕਥਿਤ ਤਰੁੱਟੀਆਂ ਦਾ ਵਿਰੋਧ ਕੀਤਾ ਹੈ।
ਜਥੇਬੰਦੀਆਂ ਦਾ ਦੋਸ਼ ਹੈ ਕਿ ਸੀਨੀਅਰਤਾ ਸੂਚੀਆਂ ਅਤੇ ਸਟੇਸ਼ਨ ਅਲਾਟਮੈਂਟ ’ਚ ਖਾਮੀਆਂ ਕਾਰਨ ਕਈ ਯੋਗ ਅਧਿਆਪਕਾਂ ਨਾਲ ਬੇਇਨਸਾਫ਼ੀ ਹੋਈ ਹੈ। ਵਿਰੋਧ ਦਰਮਿਆਨ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ (ਪ੍ਰਮੋਸ਼ਨ ਸੈੱਲ) ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਵਿਭਾਗ ਨੇ ਕਿਹਾ ਹੈ ਕਿ ਕਿਸੇ ਵੀ ਪਦ-ਉੱਨਤ ਕਰਮਚਾਰੀ ਨੂੰ ਅਲਾਟ ਕੀਤੇ ਸਟੇਸ਼ਨ, ਤਰੱਕੀ ਜਾਂ ਸੀਨੀਅਰ-ਜੂਨੀਅਰ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ 5 ਅਕਤੂਬਰ ਤੱਕ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਲਿਖਤੀ ਇਤਰਾਜ਼ ਜਮ੍ਹਾਂ ਕਰਵਾ ਸਕਦਾ ਹੈ। ਚੰਡੀਗੜ੍ਹ ਡੈਪੂਟੇਸ਼ਨ ’ਤੇ ਕੰਮ ਕਰ ਰਹੇ ਕਰਮਚਾਰੀ ਆਪਣੀ ਪ੍ਰਤੀਬੇਨਤੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਮੁਹਾਲੀ ਕੋਲ ਦੇਣਗੇ।
ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਕਰਮਚਾਰੀ ਨੂੰ ਅਲਾਟ ਸਟੇਸ਼ਨ ’ਤੇ ਹਾਜ਼ਰ ਕਰਵਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਉੱਥੇ ਪਹਿਲਾਂ ਕਿਸੇ ਹੋਰ ਕਰਮਚਾਰੀ ਦੀ ਬਦਲੀ ਤਾਂ ਨਹੀਂ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮਿਲੇ ਇਤਰਾਜ਼ਾਂ ਦੀ ਘੋਖ ਕਰ ਕੇ ਟੀਚਰਜ਼ ਟਰਾਂਸਫ਼ਰ ਪਾਲਸੀ ਅਤੇ ਵਿਭਾਗੀ ਨਿਯਮਾਂ ਤਹਿਤ ਸੰਕਲਿਤ ਰਿਪੋਰਟ ਤਿਆਰ ਕਰ ਕੇ ਮੁੱਖ ਦਫ਼ਤਰ ਭੇਜਣ ਲਈ ਕਿਹਾ ਗਿਆ ਹੈ।
ਡੀਟੀਐੱਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਵਿਰੋਧ ਮਗਰੋਂ ਵਿਭਾਗ ਨੇ ਇਤਰਾਜ਼ ਮੰਗੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਈ ਅਧਿਆਪਕਾਂ ਦੀਆਂ ਤਰੱਕੀਆਂ ਦੂਰ-ਦਰਾਡੇ ਸਟੇਸ਼ਨਾਂ ’ਤੇ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਨਿਯਮਾਂ ਦੀ ਅਣਦੇਖੀ ਕਰ ਕੇ ਅਧਿਆਪਕਾਂ ਦੀ ਖੱਜਲ-ਖੁਆਰੀ ਕੀਤੀ ਗਈ ਤਾਂ ਜਥੇਬੰਦੀਆਂ ਵੱਲੋਂ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ।