- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਜਿਹੇ ਬਹਾਨੇ ਉਨ੍ਹਾਂ ਨੂੰ ਸਾਲ 2020 ਤੋਂ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਲਗਾਤਾਰ ਟਾਲਿਆ ਜਾ ਰਹਾ ਹੈ। ਇਸ ਵਤੀਰੇ ਤੋਂ ਤੰਗ ਆ ਕੇ ਮੁਲਾਜ਼ਮ ਜਥੇਬੰਦੀ ਅਤੇ ਸਮੂਹ ਨਾਨ-ਟੀਚਿੰਗ ਸਟਾਫ਼ ਵੱਲੋਂ ਅਸਹਿਯੋਗ ਅੰਦੋਲਨ ਅਤੇ ਲੜੀਵਾਰ ਭੁੱਖ-ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਮੁਹਾਲੀ ਦੇ ਨਾਨ-ਟੀਚਿੰਗ ਸਟਾਫ਼ ਵੱਲੋਂ ਪ੍ਰਸ਼ਾਸਨ ਦੇ ਕਥਿਤ ਲਾਪਰਵਾਹ ਅਤੇ ਪੱਖਪਾਤੀ ਰਵੱਈਏ ਖ਼ਿਲਾਫ਼ ਅੱਜ ਭੁੱਖ-ਹੜਤਾਲ ਸ਼ੁਰੂ ਕੀਤੀ ਗਈ। ਪਹਿਲੇ ਦਿਨ ਪੰਜ ਨਾਨ-ਟੀਚਿੰਗ ਕਰਮਚਾਰੀ ਭੁੱਖ ਹੜਤਾਲ 'ਤੇ ਬੈਠੇ, ਜਦਕਿ ਬਾਕੀ ਸਾਰੇ ਕਰਮਚਾਰੀ ਅਸਹਿਯੋਗ ਅੰਦੋਲਨ ’ਚ ਆਪਣਾ ਯੋਗਦਾਨ ਪਾਉਣਗੇ। ਨਾਨ-ਟੀਚਿੰਗ ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਦੋਸ਼ ਹੈ ਕਿ ਪਿਛਲੇ 35 ਦਿਨਾਂ ਤੋਂ ਲੜੀਵਾਰ ਧਰਨਾ ਚੱਲ ਰਿਹਾ ਹੈ ਪਰ ਇੰਸਟੀਚਿਊਟ ਅਥਾਰਟੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਥਾਰਟੀ ਨੂੰ ਜਗਾਉਣ ਲਈ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਸਮੇਤ ਦੋ ਵਾਰ ਮੋਮਬੱਤੀ ਮਾਰਚ ਵੀ ਕੱਢਿਆ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦਾ ਰਵੱਈਆ ਸਕਾਰਾਤਮਕ ਨਹੀਂ ਰਿਹਾ।
ਕਰਮਚਾਰੀਆਂ ਦਾ ਦੋਸ਼ ਹੈ ਕਿ ਸਾਲ 2022 ’ਚ ਡਾਇਰੈਕਟਰ ਨੇ ਬਿਨਾਂ ਕਿਸੇ ਦੂਰਦਰਸ਼ਤਾ ਦੇ ਇਕ ਆਊਟਸੋਰਸਡ ਕਰਮਚਾਰੀ ਅਤੇ ਉਸ ਸਮੇਂ ਦੇ ਕਾਰਜਕਾਰੀ ਰਜਿਸਟਰਾਰ ਦੀ ਟਿੱਪਣੀ 'ਤੇ ਅਮਲ ਕਰਦਿਆਂ, ਸੰਸਥਾ ਦੀ ਸਰਵਉੱਚ ਅਥਾਰਟੀ 'ਬੋਰਡ ਆਫ਼ ਗਵਰਨਰਜ਼' ਵੱਲੋਂ ਸਾਲ 2003 ਤੋਂ ਮਾਨਤਾ ਪ੍ਰਾਪਤ 'ਪਰਸਨਲ ਪ੍ਰੋਮੋਸ਼ਨ ਸਕੀਮ' ਨੂੰ ਮੁਲਤਵੀ ਕਰ ਦਿੱਤਾ ਸੀ। ਇਹ ਫ਼ੈਸਲਾ ਬਿਨਾਂ ਕਿਸੇ ਕਮੇਟੀ ਜਾਂ ਬੋਰਡ ਆਫ਼ ਡਾਇਰੈਕਟਰਜ਼ ਦੀ ਸਲਾਹ ਦੇ ਲਿਆ ਗਿਆ, ਜਿਸ ਨਾਲ ਲਗਭਗ 130 ਨਾਨ-ਟੀਚਿੰਗ ਕਰਮਚਾਰੀਆਂ ਦਾ ਭਵਿੱਖ ਅੰਧਕਾਰ ’ਚ ਧੱਕਿਆ ਗਿਆ।
ਕਰਮਚਾਰੀਆਂ ਅਨੁਸਾਰ, ਹੁਣ ਡਾਇਰੈਕਟਰ ਇਸ ਮਾਮਲੇ ਦੀ ਜ਼ਿੰਮੇਵਾਰੀ ਕੈਮੀਕਲਸ ਅਤੇ ਫਰਟੀਲਾਈਜ਼ਰਜ਼ ਮੰਤਰਾਲੇ ਦੇ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਪਾਲੇ ’ਚ ਸੁੱਟ ਰਹੇ ਹਨ, ਜਦਕਿ ਅਸਲ ਸਥਿਤੀ ਇਸ ਤੋਂ ਵੱਖਰੀ ਹੈ।
ਐਤਵਾਰ ਨੂੰ ਮਾਮਲੇ ਦਾ ਹੱਲ ਕੱਢਣ ਲਈ ਨਾਨ-ਟੀਚਿੰਗ ਸਟਾਫ਼ ਵੈਲਫੇਅਰ ਐਸੋਸੀਏਸ਼ਨ ਨੇ ਨਾਈਪਰ ਦੇ ਰਜਿਸਟਰਾਰ ਸਮੇਤ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਮੀਟਿੰਗ ਕਰਨ ਦੀ ਅਪੀਲ ਕੀਤੀ ਸੀ। ਡਾਇਰੈਕਟਰ ਨੇ ਇਸ ਬੇਨਤੀ ਨੂੰ ਮੰਨਦਿਆਂ ਸਵੇਰੇ 11:38 ਵਜੇ ਈਮੇਲ ਰਾਹੀਂ ਸੁਨੇਹਾ ਭੇਜ ਕੇ ਸੋਮਵਾਰ ਸ਼ਾਮ 4 ਵਜੇ ਮੀਟਿੰਗ ਤੈਅ ਕੀਤੀ ਸੀ, ਪ੍ਰੰਤੂ ਬਾਅਦ ਦੁਪਹਿਰ 3:34 ਵਜੇ ਇਕ ਹੋਰ ਈਮੇਲ ਭੇਜ ਕੇ ਮੀਟਿੰਗ ਮੁਲਤਵੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਔਸ਼ਧੀ ਵਿਭਾਗ ਦੇ ਉੱਚ ਅਧਿਕਾਰੀ ਨਾਲ ਟੈਲੀਫ਼ੋਨ 'ਤੇ ਹੋਈ ਗੱਲਬਾਤ ਅਨੁਸਾਰ ਅਗਲੇ 2-3 ਦਿਨਾਂ ’ਚ ਫ਼ੈਸਲਾ ਆਉਣ ਦੀ ਸੰਭਾਵਨਾ ਹੈ, ਇਸ ਲਈ ਹੁਣ ਇਹ ਮੀਟਿੰਗ 9 ਅਕਤੂਬਰ ਨੂੰ ਬਾਅਦ ਦੁਪਹਿਰ 3:30 ਵਜੇ ਐਮ.ਬੀ.ਏ. ਹਾਲ ’ਚ ਹੋਵੇਗੀ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਜਿਹੇ ਬਹਾਨੇ ਉਨ੍ਹਾਂ ਨੂੰ ਸਾਲ 2020 ਤੋਂ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਲਗਾਤਾਰ ਟਾਲਿਆ ਜਾ ਰਹਾ ਹੈ। ਇਸ ਵਤੀਰੇ ਤੋਂ ਤੰਗ ਆ ਕੇ ਮੁਲਾਜ਼ਮ ਜਥੇਬੰਦੀ ਅਤੇ ਸਮੂਹ ਨਾਨ-ਟੀਚਿੰਗ ਸਟਾਫ਼ ਵੱਲੋਂ ਅਸਹਿਯੋਗ ਅੰਦੋਲਨ ਅਤੇ ਲੜੀਵਾਰ ਭੁੱਖ-ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।
ਕਰਮਚਾਰੀਆਂ ਨੇ ਮੰਤਰਾਲੇ ਦੇ ਸਕੱਤਰ, ਸੀਨੀਅਰ ਵਿੱਤੀ ਸਲਾਹਕਾਰ ਅਤੇ ਮੰਤਰੀ ਨੂੰ ਗੁਹਾਰ ਲਗਾਈ ਕਿ ਜਦੋਂ ਤੱਕ ਕੋਈ ਹੋਰ ਬਦਲਵਾਂ ਪ੍ਰਬੰਧ ਨਹੀਂ ਹੋ ਜਾਂਦਾ, ਉਦੋਂ ਤੱਕ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਪਾਸ ਕੀਤੀ ਗਈ 'ਪਰਸਨਲ ਪ੍ਰੋਮੋਸ਼ਨ ਸਕੀਮ' ਨੂੰ ਤੁਰੰਤ ਬਹਾਲ ਕੀਤਾ ਜਾਵੇ।