- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਦੀ ਮਾਂ ਦਾ ਦੋਸ਼ ਹੈ ਕਿ ਉਸਦੀ ਲੜਕੀ ਨੂੰ ਰਾਜਸਥਾਨ ਤੋਂ ਰਿਕਵਰ ਕੀਤਾ ਗਿਆ ਹੈ, ਪਰ ਪੁਲਿਸ ਨੇ ਬਿਨਾਂ ਵਜੵਾ ਲੜਕੀ ਨੂੰ ਸਾਰੀ ਰਾਤ ਥਾਣੇ ਵਿੱਚ ਬਿਠਾ ਕੇ ਰੱਖਿਆ ਹੋਇਆ ਹੈ। ਪੀੜਤਾਂ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਨੇ ਗਿਰੋਹ ਨਾਲ ਸਬੰਧਤ ਕੁੱਝ ਸ਼ੱਕੀ ਵਿਅਕਤੀਆਂ ਨੂੰ ਕਰੀਬ ਤਿੰਨ ਦਿਨ ਪਹਿਲਾਂ ਆਪਣੀ ਹਿਰਾਸਤ ਵਿਚ ਲਿਆ ਹੈ ਪਰ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪਿੰਡ ਕੁੰਭੜਾ (ਸੈਕਟਰ-68, ਮੁਹਾਲੀ) ਵਿੱਚ ਲੜਕੀਆਂ ਨੂੰ ਝਾਂਸਾ ਦੇ ਕੇ ਵੇਚਣ ਵਾਲੇ ਗਿਰੋਹ ਦੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਐਸ.ਸੀ./ਬੀ.ਸੀ. ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਕੁੰਭੜਾ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਉਲਝਾਉਣ ਅਤੇ ਪੀੜਤਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਯੂ.ਪੀ. ਤੇ ਰਾਜਸਥਾਨ 'ਚ ਲੜਕੀਆਂ ਵੇਚਣ ਦੇ ਦੋਸ਼
ਪ੍ਰਧਾਨ ਨੇ ਦੋਸ਼ ਲਗਾਇਆ ਕਿ ਮਨਦੀਪ ਕੌਰ ਨਾਂ ਦੀ ਔਰਤ, ਜੋ ਕਿ ਪਿੰਡ ਕੁੰਭੜਾ ਦੀ ਹੀ ਰਹਿਣ ਵਾਲੀ ਹੈ, ਨੇ ਅੰਜਲੀ ਅਤੇ ਵਰਸ਼ਾ ਨਾਂ ਦੀਆਂ ਲੜਕੀਆਂ ਨੂੰ ਫਿਲਮਾਂ ਅਤੇ ਵੀਡੀਓ ਸ਼ੂਟ ਵਿੱਚ ਕੰਮ ਦਿਵਾਉਣ ਅਤੇ ਮੋਟੀ ਸੈਲਰੀ ਦਾ ਲਾਲਚ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਰੋਜ਼ਪੁਰ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ (ਯੂ.ਪੀ.) ਅਤੇ ਰਾਜਸਥਾਨ ਵਿੱਚ ਵੇਚ ਦਿੱਤਾ ਗਿਆ। ਯੂ.ਪੀ. ਵਿੱਚ ਵੇਚੀ ਗਈ ਲੜਕੀ ਨੂੰ ਉਸਦੇ ਪਰਿਵਾਰ ਵਾਲਿਆਂ ਨੇ 1.5 ਲੱਖ ਰੁਪਏ ਦੇ ਕੇ ਛੁਡਵਾਇਆ ਸੀ।
ਪੁਲਿਸ 'ਤੇ ਨਾਬਾਲਗ ਨੂੰ ਰਾਤ ਭਰ ਥਾਣੇ 'ਚ ਰੱਖਣ ਦੇ ਦੋਸ਼
ਪੀੜਤ ਦੀ ਮਾਂ ਦਾ ਦੋਸ਼ ਹੈ ਕਿ ਉਸਦੀ ਲੜਕੀ ਨੂੰ ਰਾਜਸਥਾਨ ਤੋਂ ਰਿਕਵਰ ਕੀਤਾ ਗਿਆ ਹੈ, ਪਰ ਪੁਲਿਸ ਨੇ ਬਿਨਾਂ ਵਜੵਾ ਲੜਕੀ ਨੂੰ ਸਾਰੀ ਰਾਤ ਥਾਣੇ ਵਿੱਚ ਬਿਠਾ ਕੇ ਰੱਖਿਆ ਹੋਇਆ ਹੈ। ਪੀੜਤਾਂ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਨੇ ਗਿਰੋਹ ਨਾਲ ਸਬੰਧਤ ਕੁੱਝ ਸ਼ੱਕੀ ਵਿਅਕਤੀਆਂ ਨੂੰ ਕਰੀਬ ਤਿੰਨ ਦਿਨ ਪਹਿਲਾਂ ਆਪਣੀ ਹਿਰਾਸਤ ਵਿਚ ਲਿਆ ਹੈ ਪਰ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨਾਬਾਲਗ ਬੱਚੀ ਤੋਂ ਅਦਾਲਤ ਵਿੱਚ ਝੂਠਾ ਬਿਆਨ ਦਿਵਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਜੋ ਪੂਰੇ ਮਾਮਲੇ 'ਚ ਸਮਝੌਤਾ ਕਰਵਾਇਆ ਜਾ ਸਕੇ।
ਮਹਿਲਾ ਕਮਿਸ਼ਨ ਅਤੇ ਹਿਊਮਨ ਰਾਈਟਸ ਤੋਂ ਇਨਸਾਫ਼ ਦੀ ਮੰਗ
ਮਹਾਪੰਚਾਇਤ ਦੇ ਪ੍ਰਧਾਨ ਨੇ ਮਹਿਲਾ ਕਮਿਸ਼ਨ ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਗਿਰੋਹ ਅਤੇ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਾਬਾਲਗ ਲੜਕੀ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਅਤੇ ਇਨਸਾਫ਼ ਨਾ ਮਿਲਿਆ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਪੁਲਿਸ ਦਾ ਬਿਆਨ :
ਇਸ ਮਾਮਲੇ ਸਬੰਧੀ ਥਾਣਾ ਫੇਜ-8 ਦੇ ਐੱਸਐੱਚਓ ਗੁਰਮੇਲ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਪੂਰੇ ਮਾਮਲੇ ਸਬੰਧੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਹੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ।
ਜਦੋਂ ਇਸ ਸਬੰਧੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ। ਫਿਲਹਾਲ ਪੂਰੇ ਮਾਮਲੇ 'ਚ ਪੁਲਿਸ ਵਲੋਂ ਅਗਲੇਰੀ ਕੀ ਕਾਰਵਾਈ ਅਰੰਭੀ ਜਾ ਰਹੀ ਹੈ, ਇਹ ਤਾਂ ਪੁਲਿਸ ਅਧਿਕਾਰੀਆਂ ਦੇ ਬਿਆਨ ਤੋਂ ਬਾਅਦ ਹੀ ਸਪਸ਼ਟ ਹੋਵੇਗਾ।