- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਥਾਣਾ ਘੜੂਆਂ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੇ ਵੱਡੇ ਲੜਕੇ ਹਰਤੇਜ ਸਿੰਘ ਮੁਤਾਬਿਕ ਉਨ੍ਹਾਂ ਦਾ ਪਰਿਵਾਰ ਆਪਣੀ ਜ਼ਮੀਨ ਵਿਚ ਘਰ ਬਣਾ ਕੇ ਰਹਿ ਰਿਹਾ ਹੈ ਅਤੇ ਉੱਥੇ ਨਾਲ ਹੀ ਚਾਚਾ ਮੋਹਕਮ ਸਿੰਘ ਦਾ ਵੀ ਘਰ ਹੈ, ਜੋ ਕਿ ਪੰਜਾਬ ਪੁਲਿਸ ’ਚੋਂ ਥਾਣੇਦਾਰ ਸੇਵਾਮੁਕਤ ਹੋਇਆ ਹੈ।

ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਪਿੰਡ ਮਾਮੂਪੁਰ ਵਿਖੇ ਸ਼ੁੱਕਰਵਾਰ ਸਵੇਰੇ ਤੜਕਸਾਰ ਇਕ ਸੇਵਾਮੁਕਤ ਪੁਲਿਸ ਮੁਲਾਜ਼ਮ ਨੇ ਆਪਣੀ ਵੱਡੀ ਭਰਜਾਈ ਕਰਨੈਲ ਕੌਰ (70) ਦਾ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੇ ਛੋਟੇ ਪੁੱਤਰ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਹੈ।
ਪੁਲਿਸ ਥਾਣਾ ਘੜੂਆਂ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੇ ਵੱਡੇ ਲੜਕੇ ਹਰਤੇਜ ਸਿੰਘ ਮੁਤਾਬਿਕ ਉਨ੍ਹਾਂ ਦਾ ਪਰਿਵਾਰ ਆਪਣੀ ਜ਼ਮੀਨ ਵਿਚ ਘਰ ਬਣਾ ਕੇ ਰਹਿ ਰਿਹਾ ਹੈ ਅਤੇ ਉੱਥੇ ਨਾਲ ਹੀ ਚਾਚਾ ਮੋਹਕਮ ਸਿੰਘ ਦਾ ਵੀ ਘਰ ਹੈ, ਜੋ ਕਿ ਪੰਜਾਬ ਪੁਲਿਸ ’ਚੋਂ ਥਾਣੇਦਾਰ ਸੇਵਾਮੁਕਤ ਹੋਇਆ ਹੈ। ਹਰਤੇਜ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਮੋਹਕਮ ਸਿੰਘ ਦਿਮਾਗੀ ਤੌਰ ’ਤੇ ਬਿਮਾਰ ਚੱਲ ਰਿਹਾ ਹੈ ਜਿਸ ਕਾਰਨ ਪਰਿਵਾਰ ਵਾਲਿਆਂ ਨੇ ਉਸ ਨੂੰ ਬੀਤੀ ਰਾਤ ਨਾਲ ਵਾਲੇ ਘਰ ਵਿਚ ਬੰਦ ਕਰ ਦਿੱਤਾ ਸੀ। ਉਸ ਨੇ ਤੜਕੇ 2 ਵਜੇ ਦੇ ਕਰੀਬ ਕੁਹਾੜਾ ਫੜ ਕੇ ਆਪਣਾ ਦਰਵਾਜ਼ਾ ਤੋੜ ਦਿੱਤਾ, ਪਰ ਅਸੀਂ ਰੌਲਾ ਸੁਣ ਕੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਦੀ ਮਾਤਾ ਕਰਨੈਲ ਕੌਰ ਦੂਜੇ ਕਮਰੇ ਵਿਚੋਂ ਦਰਵਾਜ਼ਾ ਖੋਲ੍ਹ ਕੇ ਰੌਲਾ ਬਾਹਰ ਨਿਕਲੀ ਤਾਂ ਮੋਹਕਮ ਸਿੰਘ ਨੇ ਕੁਹਾੜੇ ਨਾਲ ਉਸ ਦੇ ਸਿਰ ’ਤੇ ਕਈ ਵਾਰ ਕੀਤੇ। ਚਾਚੇ ਦੇ ਪੁੱਤਰਾਂ ਨੇ ਮੌਕੇ ’ਤੇ ਪਹੁੰਚ ਕੇ ਮੋਹਕਮ ਸਿੰਘ ਨੂੰ ਕਮਰੇ ’ਚ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ।
---
ਸ਼ਗਨਾਂ ਵਾਲੇ ਘਰ ’ਚ ਵਿਛੇ ਸੱਥਰ
ਇਸ ਮੌਕੇ ਮ੍ਰਿਤਕਾ ਦੇ ਛੋਟੇ ਪੁੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ ਉਸ ਦਾ ਵਿਆਹ ਰੱਖਿਆ ਹੋਇਆ ਹੈ। ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਉਸ ਦੇ ਚਾਚੇ ਨੇ ਸ਼ਗਨਾਂ ਵਾਲੇ ਘਰ ਵਿਚ ਸੱਥਰ ਵਿਛਾ ਦਿੱਤੇ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਹਕਮ ਸਿੰਘ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸਿਵਲ ਹਸਪਤਾਲ ਖਰੜ ਵਿਖੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।