- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਸ਼ਹਿਰ, ਖਰੜ ਅਤੇ ਨੇੜਲੇ ਪਿੰਡਾਂ ਦੀਆਂ ਕਈ ਯੋਗ ਔਰਤਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਨਜ਼ੂਰੀ ਦਾ ਸੁਨੇਹਾ ਤਾਂ ਮਿਲ ਗਿਆ ਹੈ, ਪਰ ਬੈਂਕ ਖਾਤਿਆਂ ਵਿੱਚ ਹਾਲੇ ਤੱਕ ਰਕਮ ਨਹੀਂ ਪਹੁੰਚੀ। ਦੂਜੇ ਪਾਸੇ ਕਈ ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਫਾਰਮ ਹੀ ਨਹੀਂ ਭਰੇ ਗਏ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਪਹਿਲੀ ਕਿਸ਼ਤ ਜਾਰੀ ਹੋਣ ਦੇ ਐਲਾਨ ਦੇ ਪਹਿਲੇ ਹੀ ਦਿਨ ਵੱਡੀ ਗਿਣਤੀ ਔਰਤਾਂ ਦੇ ਮੋਬਾਈਲਾਂ 'ਤੇ ਰਕਮ ਮਨਜ਼ੂਰ ਹੋਣ ਦੇ ਸੁਨੇਹੇ ਤਾਂ ਪਹੁੰਚ ਗਏ, ਪਰ ਬੈਂਕ ਖਾਤਿਆਂ ਵਿੱਚ ਰਕਮ ਜਮ੍ਹਾਂ ਨਹੀਂ ਹੋਈ। ਇਸ ਕਾਰਨ ਲਾਭਪਾਤਰੀਆਂ ਵਿੱਚ ਪੈਸੇ ਆਉਣ ਦੀ ਉਡੀਕ ਬਣੀ ਰਹੀ।
ਮੁਹਾਲੀ ਸ਼ਹਿਰ, ਖਰੜ ਅਤੇ ਨੇੜਲੇ ਪਿੰਡਾਂ ਦੀਆਂ ਕਈ ਯੋਗ ਔਰਤਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਨਜ਼ੂਰੀ ਦਾ ਸੁਨੇਹਾ ਤਾਂ ਮਿਲ ਗਿਆ ਹੈ, ਪਰ ਬੈਂਕ ਖਾਤਿਆਂ ਵਿੱਚ ਹਾਲੇ ਤੱਕ ਰਕਮ ਨਹੀਂ ਪਹੁੰਚੀ। ਦੂਜੇ ਪਾਸੇ ਕਈ ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਫਾਰਮ ਹੀ ਨਹੀਂ ਭਰੇ ਗਏ। ਫੇਜ਼-4 ਦੀ ਚਰਨਜੀਤ ਕੌਰ, ਫੇਜ਼-5 ਦੀ ਅਨੁਪਮਾ, ਕਨਿਕਸ਼ਾ, ਏਕਤਾ ਅਤੇ ਦਿਪਾਲੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਫਾਰਮ ਭਰਨ ਲਈ ਕੋਈ 'ਸਖੀ' ਨਹੀਂ ਆਈ। ਚੱਪੜਚਿੜੀ ਕਲਾਂ ਦੀਆਂ ਪਰਮਜੀਤ ਕੌਰ ਅਤੇ ਜਰਨੈਲ ਕੌਰ ਨੇ ਦੱਸਿਆ ਕਿ ਫਾਰਮ ਭਰਨ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ਵਿੱਚ ਰਕਮ ਨਹੀਂ ਆਈ। ਪਿੰਡ ਦੀ ਸਾਬਕਾ ਸਰਪੰਚ ਰਾਜਵੀਰ ਕੌਰ ਨੇ ਕਿਹਾ ਕਿ ਕਰੀਬ 450 ਔਰਤਾਂ ਦੇ ਫਾਰਮ ਭਰੇ ਗਏ ਸਨ, ਪਰ ਕਿਸੇ ਦੇ ਵੀ ਖਾਤੇ ਵਿੱਚ ਰਕਮ ਨਹੀਂ ਪੁੱਜੀ।
ਇਸ ਦੌਰਾਨ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਭੇਜੇ ਜਾ ਰਹੇ ਸੁਨੇਹਿਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨਿਆਂ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਅਤੇ ਇਹ ਅਗਲੇ 24 ਘੰਟਿਆਂ ਵਿੱਚ ਖਾਤਿਆਂ ਵਿੱਚ ਜਮ੍ਹਾਂ ਹੋ ਜਾਵੇਗੀ। ਇਸ ਕਾਰਨ ਔਰਤਾਂ ਲਗਾਤਾਰ ਆਪਣੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀਆਂ ਹਨ।
ਫਾਰਮ ਨਾ ਭਰਨ ਦੇ ਵੀ ਲੱਗੇ ਦੋਸ਼
ਖਰੜ ਦੀ ਸੰਦੀਪ ਕੌਰ ਧਨੋਆ, ਜਰਨੈਲ ਕੌਰ, ਸਰਬਜੀਤ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਅਮਨਪ੍ਰੀਤ ਕੌਰ ਅਤੇ ਬਲੌਂਗੀ ਦੀ ਕੁਲਵੰਤ ਕੌਰ ਸਮੇਤ ਕਈ ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਫਾਰਮ ਹੀ ਨਹੀਂ ਭਰੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਯੋਜਨਾ ਦੇ ਲਾਭ ਤੋਂ ਵਾਂਝੀਆਂ ਰਹਿ ਗਈਆਂ ਹਨ।
24 ਘੰਟਿਆਂ ਦੀ ਉਡੀਕ
ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਡਾਇਰੈਕਟ ਬੈਨੇਫਿਟ ਟਰਾਂਸਫਰ (ਡੀਬੀਟੀ) ਰਾਹੀਂ ਇੱਕੋ ਸਮੇਂ ਵੱਡੀ ਗਿਣਤੀ ਖਾਤਿਆਂ ਵਿੱਚ ਰਕਮ ਭੇਜਣ ਦੌਰਾਨ ਬੈਂਕਾਂ ਦੀ ਪ੍ਰਕਿਰਿਆ ਪੂਰੀ ਹੋਣ ਵਿੱਚ 24 ਤੋਂ 48 ਘੰਟੇ ਲੱਗ ਸਕਦੇ ਹਨ। ਇਸ ਲਈ ਮਨਜ਼ੂਰੀ ਦੇ ਸੁਨੇਹੇ ਪਹਿਲਾਂ ਭੇਜੇ ਗਏ ਹਨ, ਜਦਕਿ ਰਕਮ ਅਗਲੇ ਕੁਝ ਘੰਟਿਆਂ ਵਿੱਚ ਖਾਤਿਆਂ ਵਿੱਚ ਜਮ੍ਹਾਂ ਹੋ ਸਕਦੀ ਹੈ।
ਦੇਰ ਸ਼ਾਮ ਖਾਤਿਆਂ 'ਚ ਪੈਸੇ ਆਏ, 'ਟੂੰ-ਟੂੰ' ਨਾਲ ਖਿੜੇ ਚਿਹਰੇ
ਮੁਹਾਲੀ ਨੇੜਲੇ ਪਿੰਡ ਚੱਪੜਚਿੜੀ ਖੁਰਦ ਦੀਆਂ ਲਾਭਪਾਤਰੀਆਂ ਭੁਪਿੰਦਰ ਕੌਰ, ਮਨਜੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਦੇਰ ਸ਼ਾਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਯੋਜਨਾ ਦੀ ਰਕਮ ਜਮ੍ਹਾਂ ਹੋ ਗਈ। ਮੋਬਾਈਲ ਫੋਨ 'ਤੇ ਪੈਸੇ ਆਉਣ ਦਾ ਸੁਨੇਹਾ ਮਿਲਣ ਨਾਲ ਹੀ 'ਟੂੰ-ਟੂੰ' ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਗਈ। ਲਾਭਪਾਤਰੀਆਂ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਪਿੰਡ ਦੇ ਨੰਬਰਦਾਰ ਮਨਪ੍ਰੀਤ ਸਿੰਘ ਨੇ ਦਿੱਤੀ।
ਵਿਰੋਧੀ ਧਿਰ ਨੇ ਚੁੱਕੇ ਸਵਾਲ
ਅਕਾਲੀ ਦਲ ਦੀ ਸਾਬਕਾ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਦੋਸ਼ ਲਾਇਆ ਕਿ ਕਈ ਥਾਵਾਂ 'ਤੇ ਸਾਰੀਆਂ ਯੋਗ ਔਰਤਾਂ ਦੇ ਫਾਰਮ ਨਹੀਂ ਭਰੇ ਗਏ। ਉਨ੍ਹਾਂ ਇਸ ਯੋਜਨਾ ਨੂੰ ਲੈ ਕੇ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਕੀਤੀ।