ਹੁਣ ਮੋਬਾਈਲ ਫੋਨ ਤੋਂ ਹੀ ਲਾਲ-ਹਰੀ ਹੋ ਸਕੇਗੀ ਮੋਹਾਲੀ ਦੇ ਟ੍ਰੈਫਿਕ ਸਿਗਨਲਾਂ ਦੀ ਬੱਤੀ, ਗਮਾਡਾ ਲਿਆ ਰਿਹਾ ਹਾਈਟੈੱਕ ਸਿਸਟਮ
ਗਮਾਡਾ ਨੇ ਇਸ ਪ੍ਰਾਜੈਕਟ ਲਈ ਸ਼ਹਿਰ ਦੇ ਚਾਰ ਮਹੱਤਵਪੂਰਨ ਜੰਕਸ਼ਨਾਂ ਦੀ ਚੋਣ ਕੀਤੀ ਹੈ। ਇਨ੍ਹਾਂ 'ਚ ਸੀਪੀ-67-ਸੈਕਟਰ-78, 79, 68 ਅਤੇ 69 ਦਾ ਜੰਕਸ਼ਨ, ਸੋਹਾਣਾ ਮਲਟੀ ਡਾਇਰੈਕਸ਼ਨਲ ਚੌਕ ਅਤੇ 164 ਫੁੱਟ ਚੌੜੀ ਬਾਵਾ ਵ੍ਹਾਈਟ ਹਾਊਸ ਰੋਡ ਤੇ 300 ਫੁੱਟ ਚੌੜੀ ਏਅਰਪੋਰਟ ਰੋਡ ਦਾ ਜੰਕਸ਼ਨ ਸ਼ਾਮਲ ਹੈ। ਇਨ੍ਹਾਂ ਸਾਰੇ ਸਥਾਨਾਂ 'ਤੇ ਨਵੇਂ ਟ੍ਰੈਫਿਕ ਸਿਗਨਲ ਲਗਾਉਣ ਦੇ ਨਾਲ ਹੀ ਉਨ੍ਹਾਂ ਨੂੰ ਨਵੀਨਤਮ ਐਂਡਰਾਇਡ ਪੁਲਿਸ ਕੰਟਰੋਲ ਐਪ ਆਧਾਰਿਤ ਟ੍ਰੈਫਿਕ ਮੈਨੇਜਮੈਂਟ ਸਿਸਟਮ ਨਾਲ ਜੋੜਿਆ ਜਾਵੇਗਾ।
Publish Date: Sat, 28 Nov 2026 09:23 AM (IST)
Updated Date: Sat, 28 Nov 2026 09:25 AM (IST)
ਅਖਿਲ ਵੋਹਰਾ, ਮੋਹਾਲੀ : ਮੋਹਾਲੀ 'ਚ ਹੁਣ ਟ੍ਰੈਫਿਕ ਸਿਗਨਲਾਂ ਦੀ ਲਾਲ ਅਤੇ ਹਰੀ ਬੱਤੀ ਸਿਰਫ਼ ਤੈਅ ਸਮੇਂ ਮੁਤਾਬਕ ਹੀ ਨਹੀਂ ਚੱਲੇਗੀ, ਸਗੋਂ ਲੋੜ ਪੈਣ 'ਤੇ ਪੁਲਿਸ ਮੁਲਾਜ਼ਮ ਮੋਬਾਈਲ ਫੋਨ 'ਤੇ ਐਪ ਰਾਹੀਂ ਵੀ ਇਨ੍ਹਾਂ ਨੂੰ ਕੰਟਰੋਲ ਕਰ ਸਕਣਗੇ। ਸ਼ਹਿਰ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਦੀ ਦਿਸ਼ਾ 'ਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਇਕ ਤਕਨੀਕੀ ਪਹਿਲ ਕਰਨ ਜਾ ਰਹੀ ਹੈ। ਇਸ ਤਹਿਤ ਪਹਿਲੀ ਵਾਰ ਐਂਡਰਾਇਡ ਪੁਲਿਸ ਕੰਟਰੋਲ ਐਪ ਆਧਾਰਿਤ ਹਾਈਟੈੱਕ ਟ੍ਰੈਫਿਕ ਮੈਨੇਜਮੈਂਟ ਸਿਸਟਮ ਸਥਾਪਤ ਕਰਨ ਦੀ ਤਿਆਰੀ ਕੀਤੀ ਗਈ ਹੈ। ਯੋਜਨਾ ਤਹਿਤ ਚਾਰ ਪ੍ਰਮੁੱਖ ਚੌਕਾਂ 'ਤੇ ਆਧੁਨਿਕ ਟ੍ਰੈਫਿਕ ਸਿਗਨਲ ਲਗਾਏ ਜਾਣਗੇ।
ਪੁਲਿਸ ਦੇ ਹੱਥਾਂ 'ਚ ਹੋਵੇਗਾ ਕੰਟਰੋਲ
ਇਸ ਪ੍ਰਾਜੈਕਟ ਦਾ ਸਭ ਤੋਂ ਖ਼ਾਸ ਪਹਿਲੂ ਪੁਲਿਸ ਦੇ ਹੱਥਾਂ 'ਚ ਆਉਣ ਵਾਲਾ ਮੋਬਾਈਲ ਕੰਟਰੋਲ ਹੋਵੇਗਾ। ਅਜੇ ਕਿਸੇ ਵੀਆਈਪੀ ਮੂਵਮੈਂਟ ਜਾਂ ਵਿਸ਼ੇਸ਼ ਪ੍ਰੋਟੋਕੋਲ ਦੌਰਾਨ ਕਿਸੇ ਸੜਕ 'ਤੇ ਆਵਾਜਾਈ ਰੋਕਣ ਜਾਂ ਕਿਸੇ ਦੂਜੇ ਰਸਤੇ ਨੂੰ ਖੋਲ੍ਹਣ ਲਈ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਟ੍ਰੈਫਿਕ ਵਿਵਸਥਾ ਸੰਭਾਲਣੀ ਪੈਂਦੀ ਹੈ।
ਕਈ ਵਾਰ ਚੌਕਾਂ 'ਤੇ ਸਿਗਨਲਾਂ ਦੇ ਸੰਚਾਲਨ 'ਚ ਵੀ ਬਦਲਾਅ ਕਰਨ ਦੀ ਲੋੜ ਪੈਂਦੀ ਹੈ। ਪਰ ਨਵੀਂ ਵਿਵਸਥਾ 'ਚ ਪੁਲਿਸ ਕੰਟਰੋਲ ਐਪ ਰਾਹੀਂ ਸਬੰਧਤ ਟ੍ਰੈਫਿਕ ਸਿਗਨਲ ਨੂੰ ਲੋੜ ਮੁਤਾਬਕ ਲਾਲ ਜਾਂ ਹਰਾ ਕੀਤਾ ਜਾ ਸਕੇਗਾ।
ਯਾਨੀ ਪੁਲਿਸ ਮੁਲਾਜ਼ਮ ਮੋਬਾਈਲ ਰਾਹੀਂ ਹੀ ਟ੍ਰੈਫਿਕ ਸਿਗਨਲਾਂ ਦੇ ਸੰਚਾਲਨ 'ਚ ਬਦਲਾਅ ਕਰ ਸਕਣਗੇ। ਇਸ ਨਾਲ ਵੀਆਈਪੀ ਕਾਫ਼ਲੇ ਦੇ ਲੰਘਣ, ਵਿਸ਼ੇਸ਼ ਪ੍ਰੋਟੋਕੋਲ ਅਤੇ ਹੋਰ ਜ਼ਰੂਰੀ ਹਾਲਾਤ 'ਚ ਆਵਾਜਾਈ ਨੂੰ ਕੰਟਰੋਲ ਕਰਨਾ ਆਸਾਨ ਹੋ ਸਕਦਾ ਹੈ।
ਚਾਰ ਚੌਕਾਂ ਤੋਂ ਹੋਵੇਗੀ ਸ਼ੁਰੂਆਤ
ਗਮਾਡਾ ਨੇ ਇਸ ਪ੍ਰਾਜੈਕਟ ਲਈ ਸ਼ਹਿਰ ਦੇ ਚਾਰ ਮਹੱਤਵਪੂਰਨ ਜੰਕਸ਼ਨਾਂ ਦੀ ਚੋਣ ਕੀਤੀ ਹੈ। ਇਨ੍ਹਾਂ 'ਚ ਸੀਪੀ-67-ਸੈਕਟਰ-78, 79, 68 ਅਤੇ 69 ਦਾ ਜੰਕਸ਼ਨ, ਸੋਹਾਣਾ ਮਲਟੀ ਡਾਇਰੈਕਸ਼ਨਲ ਚੌਕ ਅਤੇ 164 ਫੁੱਟ ਚੌੜੀ ਬਾਵਾ ਵ੍ਹਾਈਟ ਹਾਊਸ ਰੋਡ ਤੇ 300 ਫੁੱਟ ਚੌੜੀ ਏਅਰਪੋਰਟ ਰੋਡ ਦਾ ਜੰਕਸ਼ਨ ਸ਼ਾਮਲ ਹੈ। ਇਨ੍ਹਾਂ ਸਾਰੇ ਸਥਾਨਾਂ 'ਤੇ ਨਵੇਂ ਟ੍ਰੈਫਿਕ ਸਿਗਨਲ ਲਗਾਉਣ ਦੇ ਨਾਲ ਹੀ ਉਨ੍ਹਾਂ ਨੂੰ ਨਵੀਨਤਮ ਐਂਡਰਾਇਡ ਪੁਲਿਸ ਕੰਟਰੋਲ ਐਪ ਆਧਾਰਿਤ ਟ੍ਰੈਫਿਕ ਮੈਨੇਜਮੈਂਟ ਸਿਸਟਮ ਨਾਲ ਜੋੜਿਆ ਜਾਵੇਗਾ।
ਪੁਲਿਸ ਲਈ ਤਕਨੀਕੀ ਹਥਿਆਰ
ਇਸ ਯੋਜਨਾ ਨੂੰ ਆਮ ਟ੍ਰੈਫਿਕ ਸਿਗਨਲ ਲਗਾਉਣ ਦੇ ਪ੍ਰਾਜੈਕਟ ਤੋਂ ਵੱਖਰਾ ਮੰਨਿਆ ਜਾ ਰਿਹਾ ਹੈ। ਇਸ 'ਚ ਪੁਲਿਸ ਨੂੰ ਤਕਨੀਕ ਰਾਹੀਂ ਆਵਾਜਾਈ ਦੇ ਸੰਚਾਲਨ 'ਚ ਬਦਲਾਅ ਕਰਨ ਦੀ ਸਹੂਲਤ ਦੇਣ ਦਾ ਪ੍ਰਬੰਧ ਹੈ।
ਖ਼ਾਸ ਕਰਕੇ ਉਨ੍ਹਾਂ ਹਾਲਾਤ 'ਚ, ਜਦੋਂ ਕਿਸੇ ਇਕ ਰਸਤੇ ਨੂੰ ਕੁਝ ਸਮੇਂ ਲਈ ਖਾਲੀ ਰੱਖਣਾ ਹੋਵੇ ਅਤੇ ਦੂਜੇ ਰਸਤਿਆਂ ਤੋਂ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕਰਨਾ ਹੋਵੇ, ਉਦੋਂ ਇਹ ਸਿਸਟਮ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਚੌਕਾਂ 'ਤੇ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਹੋਰ ਸੁਖਾਲਾ ਅਤੇ ਪ੍ਰਭਾਵਸ਼ਾਲੀ ਬਣਾਉਣ 'ਚ ਮਦਦ ਮਿਲੇਗੀ।
ਗਮਾਡਾ ਵੱਲੋਂ ਆਵਾਜਾਈ ਪ੍ਰਬੰਧਨ ਨੂੰ ਵੀ ਆਧੁਨਿਕ ਤਕਨੀਕ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲੀ ਵਾਰ ਅਜਿਹੇ ਸਿਸਟਮ ਲਗਾਏ ਜਾ ਰਹੇ ਹਨ। ਆਉਣ ਵਾਲੇ ਸਮੇਂ 'ਚ ਜੇਕਰ ਇਹ ਪ੍ਰਯੋਗ ਸਫ਼ਲ ਰਹਿੰਦਾ ਹੈ ਤਾਂ ਸ਼ਹਿਰ ਦੇ ਹੋਰ ਵਿਅਸਤ ਚੌਕਾਂ 'ਤੇ ਵੀ ਅਜਿਹੀ ਵਿਵਸਥਾ ਲਾਗੂ ਕੀਤੀ ਜਾਵੇਗੀ। -ਪ੍ਰੀਤਪਾਲ ਸਿੰਘ, ਐਗਜ਼ੀਕਿਊਟਿਵ ਇੰਜੀਨੀਅਰ, ਗਮਾਡਾ