- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਬੁੱਧਵਾਰ ਨੂੰ ਮੁਹਾਲੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ, ਲੇਕਿਨ ਬੁੜੈਲ ਜੇਲ੍ਹ ਦੇ ਪਿੱਛੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੰਜਾਬ ਪੁਲਿਸ ਅਤੇ ਯੂਟੀ ਪੁਲਿਸ ਨੇ ਬੈਰੀਕੇਟ ਲਗਾ ਕੇ ਉਨ੍ਹਾਂ ਦਾ ਰਾਹ ਡੱਕ ਲਿਆ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਬੁੱਧਵਾਰ ਨੂੰ ਮੁਹਾਲੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ, ਲੇਕਿਨ ਬੁੜੈਲ ਜੇਲ੍ਹ ਦੇ ਪਿੱਛੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੰਜਾਬ ਪੁਲਿਸ ਅਤੇ ਯੂਟੀ ਪੁਲਿਸ ਨੇ ਬੈਰੀਕੇਟ ਲਗਾ ਕੇ ਉਨ੍ਹਾਂ ਦਾ ਰਾਹ ਡੱਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਹੋਈ ਖਿੱਚ-ਧੂਹ ਵਿਚ ਕਈ ਅਧਿਆਪਕ ਜ਼ਖ਼ਮੀ ਹੋ ਗਏ। ਜਿਨ੍ਹਾਂ ’ਚੋਂ ਮਨਜੀਤ ਕੌਰ ਧੂਰੀ ਅਤੇ ਪਰਵਿੰਦਰ ਕੌਰ ਨੂੰ ਹਸਪਤਾਲ ’ਚ ਲਿਜਾਇਆ ਗਿਆ। ਇਸ ਦੌਰਾਨ ਮਹਿਲਾ ਪੁਲਿਸ ਮੁਲਾਜ਼ਮ ਨੇ ਪ੍ਰਦਰਸ਼ਨਕਾਰੀਆਂ ’ਤੇ ਉਸ ਦੀ ਵਰਦੀ ਫਾੜਨ ਦਾ ਦੋਸ਼ ਵੀ ਲਾਇਆ। ਭੀੜ ਨੂੰ ਖਿਦੇੜਨ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਇਸ ਮਗਰੋਂ ਕੱਚੇ ਅਧਿਆਪਕਾਂ ਨੇ ਸਿੱਖਿਆ ਬੋਰਡ ਨੇੜੇ ਲਾਲਬੱਤੀ ਚੌਕ ’ਤੇ ਚੱਕਾ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ, ਮੀਤ ਪ੍ਰਧਾਨ ਲਖਵਿੰਦਰ ਕੌਰ ਕਪੂਰਥਲਾ ਅਤੇ ਹੋਰਨਾਂ ਆਗੂਆਂ ਕਿਹਾ ਕਿ ਕੱਚੇ ਅਧਿਆਪਕ (ਵਲੰਟੀਅਰ) ਆਪਣੀ ਬਹਾਲੀ ਨੂੰ ਲੈ ਕੇ ਲੰਬੇ ਸਮੇ ਤੋਂ ਸੰਘਰਸ਼ ਕਰ ਰਹੇ ਹਨ ਪ੍ਰੰਤੂ ਸਿੱਖਿਆ ਮੰਤਰੀ ਵਾਰ-ਵਾਰ ਬੈਠਕਾਂ ਦਾ ਲਾਰਾ ਲਗਾ ਕੇ ਉਨ੍ਹਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਪ੍ਰਬੰਧਕੀ ਬੈਠਕ ਵਿਚ ਜੇਕਰ ਸਿੱਖਿਆ ਮੰਤਰੀ ਨੇ ਠੋਸ ਹੱਲ ਨਹੀਂ ਕੱਢਿਆਂ ਤਾਂ ਉਹ ਲੜੀਵਾਰ ਧਰਨੇ ਨੂੰ ਭੁੱਖ ਹੜਤਾਲ ’ਚ ਤਬਦੀਲ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਅਮਨਦੀਪ ਕੌਰ ਧਾਲੀਵਾਲ ਹਨੂਮਾਨਗੜ੍ਹ, ਵਰੁਣ ਖੇੜਾ ਫਾਜ਼ਿਲਕਾ, ਜਸਵਿੰਦਰ ਕੌਰ ਜਲੰਧਰ, ਰੁਪਿੰਦਰ ਕੌਰ ਪਟਿਆਲਾ, ਗੁਰਪ੍ਰੀਤ ਸਿੰਘ ਬਠਿੰਡਾ, ਸੁਖਦੀਪ ਸਿੰਘ ਹੁਸ਼ਿਆਰਪੁਰ, ਗੁਰਪ੍ਰੀਤ ਕੌਰ, ਹਰਜੀਤ ਕੌਰ, ਨਿਰਮਲ ਕੌਰ, ਰਵਿੰਦਰ ਕੌਰ, ਨਵਦੀਪ ਸਿੰਘ ਅਕਾਵਾਲੀ, ਮਨਿੰਦਰ ਕੁਮਾਰ ਮਾਨਸਾ, ਗੁਰਸੇਵਕ ਸਿੰਘ, ਅਮਰਜੀਤ ਕੌਰ, ਕਾਤਾਂ ਰਾਣੀ ਮਾਨਸਾ, ਕਰਮਜੀਤ ਕੌਰ, ਜਰਨੈਲ ਸਿੰਘ ਕਾਹਨਗੜ੍ਹ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ, ਵਜ਼ੀਰ ਸਿੰਘ ਬੁਢਲਾਡਾ, ਵੀਰਪਾਲ ਕੌਰ ਅਤੇ ਸਮੂਹ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਦੇਰ ਸ਼ਾਮ ਸਰਕਾਰੀ ਭਰੋਸੇ ਮਗਰੋਂ ਕੱਚੇ ਅਧਿਆਪਕਾਂ ਨੇ ਧਰਨਾ ਖ਼ਤਮ ਕਰ ਦਿੱਤਾ। ਮਨਿੰਦਰ ਕੁਮਾਰ ਮਾਨਸਾ ਨੇ ਦੱਸਿਆ ਕਿ ਮੁਹਾਲੀ ਦੇ ਐੱਸਡੀਐੱਮ ਨੇ ਜਥੇਬੰਦੀ ਨੂੰ ਵੀਰਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਨਾਲ ਸਵੇਰੇ 11 ਵਜੇ ਬੈਠਕ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਜਿਨ੍ਹਾਂ ਸਾਥੀਆਂ ਨੂੰ ਕੋਲ ਆਪਣੇ ਵਹੀਕਲ ਸਨ, ਉਹ ਆਪੋ ਆਪਣੇ ਘਰਾਂ ਨੂੰ ਪਰਤ ਗਏ, ਜਦੋਂਕਿ ਦੂਰ-ਦੁਰਾਡੇ ਵਾਲੇ ਕੱਚੇ ਅਧਿਆਪਕ ਰਾਤ ਗੁਰਦੁਆਰਾ ਅੰਬ ਸਾਹਿਬ ਵਿਚ ਗੁਜ਼ਾਰਨਗੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ, ਮੀਤ ਪ੍ਰਧਾਨ ਲਖਵਿੰਦਰ ਕੌਰ ਕਪੂਰਥਲਾ, ਅਮਨਦੀਪ ਕੌਰ ਧਾਲੀਵਾਲ ਅਤੇ ਵਰੁਣ ਕੁਮਾਰ ਬੈਠਕ ਲਈ ਜਾਣਗੇ।