- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਅਦਬੀ ਦੀ ਜਾਂਚ ਲਈ ਨਵੀਂ ਬਣਾਈ ਜਾਂਚ ਟੀਮ (ਐੱਸਆਈਟੀ) ਬਾਰੇ ਮਜੀਠੀਆ ਨੇ ਕਿਹਾ ਕਿ ਇਹ ਸਭ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਨਿੱਤ ਨਵੀਆਂ ਕਾਰਵਾਈਆਂ ਕਰਦੀ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸ਼ਨਿੱਚਰਵਾਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮੁਹਾਲੀ ਅਦਾਲਤ ’ਚ ਪੇਸ਼ ਹੋਏ। ਪੇਸ਼ੀ ਭੁਗਤਣ ਉਪਰੰਤ ਮਜੀਠੀਆ ਨੇ ਸਰਕਾਰ 'ਤੇ ਸਿਆਸੀ ਹਮਲੇ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਫਸਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਖ਼ੁਦ ਇਸ ਕੇਸ ਦੇ ਖੋਜ ਅਫ਼ਸਰ ਵਾਂਗ ਕੰਮ ਕਰ ਰਹੇ ਹਨ।
ਬੇਅਦਬੀ ਦੀ ਜਾਂਚ ਲਈ ਨਵੀਂ ਬਣਾਈ ਜਾਂਚ ਟੀਮ (ਐੱਸਆਈਟੀ) ਬਾਰੇ ਮਜੀਠੀਆ ਨੇ ਕਿਹਾ ਕਿ ਇਹ ਸਭ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਨਿੱਤ ਨਵੀਆਂ ਕਾਰਵਾਈਆਂ ਕਰਦੀ ਹੈ। ਉਨ੍ਹਾਂ ਮੁੱਖ ਮੰਤਰੀ ਦੀ ਇਕ ਕਥਿਤ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਹਰਿਆਣਾ ਪੁਲਿਸ ਨੇ ਯਾਦਵ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਜੀਠੀਆ ਨੇ ਸਰਕਾਰ ਦੀਆਂ ਨੀਤੀਆਂ 'ਤੇ ਵੀ ਕੀਤੇ ਤਿੱਖੇ ਹਮਲੇ
ਲੈਂਡ ਪੂਲਿੰਗ ਯੋਜਨਾ : ਉਨ੍ਹਾਂ ਲੈਂਡ ਪੂਲਿੰਗ ਯੋਜਨਾ ਨੂੰ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਤੇ ਬਿਲਡਰਾਂ ਨੂੰ ਲਾਭ ਪਹੁੰਚਾਉਣ ਵਾਲੀ ਸਾਜ਼ਿਸ਼ ਕਰਾਰ ਦਿੱਤਾ।
ਮਹਿਲਾਵਾਂ ਨੂੰ ਵਿੱਤੀ ਸਹਾਇਤਾ : ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੇ ਜਾਣ ਵਾਲੇ ਮਹੀਨਾਵਾਰ ਭੱਤੇ ਸਬੰਧੀ ਮਜੀਠੀਆ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਕਰੋੜਾਂ ਦੇ ਕਰਜ਼ੇ ਹੇਠ ਹੈ, ਅਜਿਹੇ ’ਚ ਇਹ ਯੋਜਨਾ ਸਿਰਫ਼ ਵੋਟਾਂ ਬਟੋਰਨ ਲਈ ਲੋਕਾਂ ਨੂੰ ਮੂਰਖ ਬਣਾਉਣ ਦਾ ਇਕ ਜ਼ਰੀਆ ਹੈ। ਉਨ੍ਹਾਂ ਯਾਦ ਦਿਵਾਇਆ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਦੇ ਡੀਏ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ।
ਮਜੀਠੀਆ ਸਮੇਤ ਸਾਥੀਆਂ ਨੂੰ ਮਿਲੀ ਪੱਕੀ ਜ਼ਮਾਨਤ
ਦੂਜੇ ਪਾਸੇ, ਅੰਮ੍ਰਿਤਸਰ ਵਿਖੇ ਮਜੀਠਾ ਥਾਣੇ ਦੇ ਬਾਹਰ ਹੋਏ ਹਮਲੇ ਦੇ ਮਾਮਲੇ ’ਚ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਮਜੀਠੀਆ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਤੇ ਅਕਾਲੀ ਆਗੂ ਜਤਿੰਦਰ ਸਿੰਘ ਨੂੰ ਪੱਕੀ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਮਾਮਲੇ ’ਚ ਬੀਤੇ ਦਿਨੀਂ ਅਦਾਲਤ ਵੱਲੋਂ ਸੁਣਵਾਈ ਮੁਕੰਮਲ ਕਰਕੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ, ਜਿਸ 'ਤੇ ਅੱਜ ਬਾਅਦ ਦੁਪਹਿਰ ਮੁੜ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਇਸ ਤੋਂ ਪਹਿਲਾਂ ਅਦਾਲਤ ਨੇ ਮਜੀਠੀਆ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਪੁਲਿਸ ਜਾਂਚ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਪੱਕੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।