Mohali News ਇੰਸਟਾਗ੍ਰਾਮ 'ਤੇ ਦੋਸਤੀ ਤੇ ਵਿਵਾਦ... ਮੁਟਿਆਰ ਦੇ ਦਫ਼ਤਰ ਤੱਕ ਪਹੁੰਚ ਕੇ ਨੌਜਵਾਨ ਨੇ ਕੀਤੀ ਕੁੱਟਮਾਰ, ਥਾਣੇ ਪਹੁੰਚਿਆ ਮਾਮਲਾ
ਇੰਟਰਨੈੱਟ ਮੀਡੀਆ ਰਾਹੀਂ ਹੋਈ ਪਛਾਣ ਇੱਕ ਮੁਟਿਆਰ ਲਈ ਪਰੇਸ਼ਾਨੀ ਦਾ ਕਾਰਨ ਬਣ ਗਈ। ਇੰਸਟਾਗ੍ਰਾਮ 'ਤੇ ਮਿਲੇ ਇੱਕ ਨੌਜਵਾਨ ਨੇ ਜ਼ੀਰਕਪੁਰ ਦੇ ਭਭਾਤ ਖੇਤਰ ਸਥਿਤ ਮੁਟਿਆਰ ਦੇ ਦਫ਼ਤਰ ਵਿੱਚ ਪਹੁੰਚ ਕੇ ਪਹਿਲਾਂ ਗਾਲੀ-ਗਲੋਚ ਕੀਤਾ ਅਤੇ ਬਾਅਦ ਵਿੱਚ ਉਸਦੀ ਕੁੱਟਮਾਰ ਕਰ ਦਿੱਤੀ।
Publish Date: Mon, 15 Jun 2026 05:59 PM (IST)
Updated Date: Mon, 15 Jun 2026 06:01 PM (IST)

ਸੰਵਾਦ ਸਹਿਯੋਗੀ, ਜ਼ੀਰਕਪੁਰ (ਮੋਹਾਲੀ)। ਇੰਟਰਨੈੱਟ ਮੀਡੀਆ ਰਾਹੀਂ ਹੋਈ ਪਛਾਣ ਇੱਕ ਮੁਟਿਆਰ ਲਈ ਪਰੇਸ਼ਾਨੀ ਦਾ ਕਾਰਨ ਬਣ ਗਈ। ਇੰਸਟਾਗ੍ਰਾਮ 'ਤੇ ਮਿਲੇ ਇੱਕ ਨੌਜਵਾਨ ਨੇ ਜ਼ੀਰਕਪੁਰ ਦੇ ਭਭਾਤ ਖੇਤਰ ਸਥਿਤ ਮੁਟਿਆਰ ਦੇ ਦਫ਼ਤਰ ਵਿੱਚ ਪਹੁੰਚ ਕੇ ਪਹਿਲਾਂ ਗਾਲੀ-ਗਲੋਚ ਕੀਤਾ ਅਤੇ ਬਾਅਦ ਵਿੱਚ ਉਸਦੀ ਕੁੱਟਮਾਰ ਕਰ ਦਿੱਤੀ।
ਮੁਲਜ਼ਮ ਜਾਂਦਾ-ਜਾਂਦਾ ਮੁਟਿਆਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਗਿਆ। ਥਾਣਾ ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਅਭਿਸ਼ੇਕ ਸ਼ਰਮਾ ਉਰਫ਼ ਗੌਰਵ, ਨਿਵਾਸੀ ਸਵਾਈ ਮਾਧੋਪੁਰ (ਰਾਜਸਥਾਨ) ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਭਾਰਤੀ ਕੁਸ਼ਵਾਹਾ ਮੂਲ ਰੂਪ ਵਿੱਚ ਜਬਲਪੁਰ (ਮੱਧ ਪ੍ਰਦੇਸ਼) ਦੀ ਰਹਿਣ ਵਾਲੀ ਹੈ ਅਤੇ ਮੌਜੂਦਾ ਸਮੇਂ ਵਿੱਚ ਸ਼ਿਵਾਲਿਕ ਵਿਹਾਰ, ਭਭਾਤ ਵਿੱਚ ਰਹਿੰਦੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਸਨੇ ਦੱਸਿਆ ਕਿ ਉਹ ਪਿਛਲੇ ਕਰੀਬ ਚਾਰ ਸਾਲਾਂ ਤੋਂ ਜ਼ੀਰਕਪੁਰ ਵਿੱਚ ਰਹਿ ਰਹੀ ਹੈ ਅਤੇ ਪ੍ਰਾਈਵੇਟ ਕੰਮ ਕਰਦੀ ਹੈ।
ਮੁਲਜ਼ਮ ਅਭਿਸ਼ੇਕ ਨਾਲ ਉਸਦੀ ਪਛਾਣ ਇੰਸਟਾਗ੍ਰਾਮ ਰਾਹੀਂ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਆਨਲਾਈਨ ਕੰਮ ਨਾਲ ਜੁੜਿਆ ਸੰਪਰਕ ਵੀ ਰਿਹਾ। ਪੀੜਤਾ ਅਨੁਸਾਰ, ਜਦੋਂ ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ, ਉਸੇ ਦੌਰਾਨ ਮੁਲਜ਼ਮ ਅਚਾਨਕ ਉੱਥੇ ਪਹੁੰਚ ਗਿਆ ਅਤੇ ਉੱਚੀ ਆਵਾਜ਼ ਵਿੱਚ ਬੋਲਦਿਆਂ ਗਾਲੀ-ਗਲੋਚ ਕਰਨ ਲੱਗਾ।
ਜਦੋਂ ਮੁਟਿਆਰ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸਨੂੰ ਰੋਕ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਟਿਆਰ ਦੇ ਰੌਲਾ ਪਾਉਣ 'ਤੇ ਰਾਹੁਲ, ਯੋਗੇਸ਼, ਵੈਭਵ ਅਤੇ ਮੋਨਿਕਾ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੂੰ ਦੇਖ ਕੇ ਮੁਲਜ਼ਮ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੋਇਆ ਫ਼ਰਾਰ ਹੋ ਗਿਆ।
ਪੀੜਤਾ ਨੇ ਇਸ ਤੋਂ ਬਾਅਦ ਥਾਣਾ ਜ਼ੀਰਕਪੁਰ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ 115(2), 126(2) ਅਤੇ 351(2) ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੂਰੂ ਕਰ ਦਿੱਤੀ ਹੈ।