'ਸਾਰੇ ਵਾਅਦੇ ਪੂਰੇ ਕੀਤੇ ਹੁਣ ਵੀ ਜੋ ਕਹਾਂਗੇ, ਉਹ ਕਰਾਂਗੇ', ਪਿਤਾ ਨੂੰ ਦੁਬਾਰਾ ਪਾਰਟੀ ਟਿਕਟ ਮਿਲਣ ਤੋਂ ਬਾਗੋਬਾਗ ਮੁਹਾਲੀ ਦੇ ਮੇਅਰ
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਮੁਹਾਲੀ ਹਲਕੇ ਦੇ ਪਿੰਡਾਂ ਵਿਚ ਲੋਕ ਮਿਲਣੀਆਂ ਕਰ ਰਹੇ ਹਨ ਅਤੇ ਲੋਕਾਂ ਦੀ ਕਚਹਿਰੀ ਵਿੱਚ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਬਾਬਤ ਆਪਣਾ ਰਿਪੋਰਟ ਕਾਰਡ ਵੀ ਜਨਤਕ ਕਰ ਰਹੇ ਹਨ।
Publish Date: Sat, 31 Oct 2026 03:32 PM (IST)
Updated Date: Sat, 31 Oct 2026 03:35 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਉਸ ਦੇ ਪਿਤਾ ਕੁਲਵੰਤ ਸਿੰਘ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਸ਼ਨ-2027 ਲਈ ਮੁਹਾਲੀ ਤੋਂ ਦੁਬਾਰਾ ਚੋਣ ਮੈਦਾਨ ਵਿਚ ਉਤਾਰਨ ਲਈ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਮੁਹਾਲੀ ਹਲਕੇ ਦੇ ਪਿੰਡਾਂ ਵਿਚ ਲੋਕ ਮਿਲਣੀਆਂ ਕਰ ਰਹੇ ਹਨ ਅਤੇ ਲੋਕਾਂ ਦੀ ਕਚਹਿਰੀ ਵਿੱਚ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਬਾਬਤ ਆਪਣਾ ਰਿਪੋਰਟ ਕਾਰਡ ਵੀ ਜਨਤਕ ਕਰ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਜਾਵੇ ਲੋਕ ਮਿਲਣੀਆਂ ਦੌਰਾਨ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਹੁਣ ਵੀ ਜੋ ਕਹਾਂਗੇ, ਉਹ ਹਰ ਹਾਲ ਵਿੱਚ ਕਰਾਂਗੇ।
ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਮੇਅਰ ਨੇ ਕਿਹਾ ਕਿ ਇਨ੍ਹਾਂ ਤਿੰਨੇ ਰਵਾਇਤੀ ਪਾਰਟੀਆਂ ਨੇ ਵਿਕਾਸ ਦੇ ਨਾਂਅ ਸਿਰਫ਼ ਲੋਕਾਂ ਨੂੰ ਮੂਰਖ਼ ਬਣਾਇਆ ਹੈ। ਇਨ੍ਹਾਂ ਪਾਰਟੀਆਂ ਨੇ ਸਿਰਫ਼ ਨੀਂਹ ਪੱਥਰ ਹੀ ਰੱਖੇ ਹਨ, ਜੋ ਹੁਣ ਤੱਕ ਪੂਰੇ ਨਹੀਂ ਹੋਏ। ਇਹੀ ਨਹੀਂ ਜ਼ਿਆਦਾਤਰ ਨੀਂਹ ਪੱਥਰਾਂ ਦੀਆਂ ਨੇਮ ਪਲੇਟਾਂ ਵੀ ਗਾਇਬ ਹੋ ਗਈਆਂ ਹਨ। ਉਨ੍ਹਾਂ ਇਹ ਗੱਲ ਬੜੇ ਦਾਅਵੇ ਨਾਲ ਆਖੀ ਕਿ ਅਗਲੇ ਵਰ੍ਹੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਹੂੰਝਾਫੇਰ ਜਿੱਤ ਹਾਸਲ ਕਰੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਦੁਬਾਰਾ ਆਪ ਦੀ ਸਰਕਾਰ ਬਣੇਗੀ।