'ਮੇਰੇ ਫੋਨ 'ਚ VIDEO ਦੇਖੋ...', ਵਿਆਹ ਤੋਂ ਮੁੱਕਰਿਆ ਪ੍ਰੇਮੀ ਤਾਂ ਮੁਟਿਆਰ ਨੇ ਚੁੱਕਿਆ ਖ਼ੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਖੋਲ੍ਹੇ ਰਾਜ਼
Mohali News : 13 ਨਵੰਬਰ ਨੂੰ ਕੋਮਲ ਨੇ ਆਪਣੀ ਵੱਡੀ ਭੈਣ ਕਾਜਲ ਨੂੰ ਦੱਸਿਆ ਸੀ ਕਿ ਤੁਸ਼ਾਰ, ਉਸ ਦਾ ਪਿਤਾ ਸੰਤੋਸ਼ ਕੁਮਾਰ ਤੇ ਮਾਤਾ ਰੰਜਨਾ ਉਸ ਨੂੰ ਮੁਹਾਲੀ ਵਿਚ ਮਿਲੇ ਸਨ, ਜਿੱਥੇ ਉਨ੍ਹਾਂ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲ ਕਾਰਨ ਕੋਮਲ ਕਾਫ਼ੀ ਮਾਨਸਿਕ ਤਣਾਅ 'ਚ ਰਹਿਣ ਲੱਗ ਪਈ ਸੀ। 14 ਨਵੰਬਰ ਦੀ ਰਾਤ ਨੂੰ ਜਦੋਂ ਕੋਮਲ ਕਮਰੇ ਵਿੱਚ ਇਕੱਲੀ ਸੀ, ਤਾਂ ਉਸ ਨੇ ਛੱਤ ਵਾਲੇ ਪੱਖੇ ਨਾਲ ਚੁੰਨੀ ਦਾ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
Publish Date: Tue, 17 Nov 2026 01:27 PM (IST)
Updated Date: Tue, 17 Nov 2026 01:33 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਫੇਜ਼-9 ਵਿਖੇ ਕਿਰਾਏ ਦੇ ਮਕਾਨ 'ਚ ਰਹਿ ਰਹੀ 19 ਸਾਲਾ ਇਕ ਮੁਟਿਆਰ ਵੱਲੋਂ ਪ੍ਰੇਮੀ ਤੇ ਉਸ ਦੇ ਪਰਿਵਾਰ ਵੱਲੋਂ ਵਿਆਹ ਤੋਂ ਇਨਕਾਰ ਕੀਤੇ ਜਾਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕਾ ਨੇ ਆਪਣੇ ਮੋਬਾਈਲ ਫੋਨ 'ਚ ਇਕ ਵੀਡੀਓ ਰਿਕਾਰਡ ਕਰ ਕੇ ਆਪਣੀ ਮੌਤ ਲਈ ਨੌਜਵਾਨ ਤੇ ਉਸ ਦੇ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ ਫੇਜ਼-8 ਦੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਮੁਲਜ਼ਮ ਨੌਜਵਾਨ, ਉਸ ਦੇ ਪਿਤਾ ਅਤੇ ਮਾਤਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਕੇ ਮੁੱਖ ਮੁਲਜ਼ਮ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੰਪਨੀ 'ਚ ਕੰਮ ਕਰਦਿਆਂ ਹੋਈ ਸੀ ਜਾਣ-ਪਛਾਣ
ਥਾਣਾ ਫੇਜ਼-8 ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕਾ ਦੇ ਪਿਤਾ ਜੱਗਾ ਸਿੰਘ ਵਾਸੀ ਪਿੰਡ ਬੁਰਜ ਭਲਾਈਕੇ (ਜ਼ਿਲ੍ਹਾ ਮਾਨਸਾ) ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਉਨ੍ਹਾਂ ਦੀ ਵੱਡੀ ਧੀ ਕਾਜਲ ਕੌਰ ਮੁਹਾਲੀ ਵਿਖੇ ਨੌਕਰੀ ਕਰਦੀ ਹੈ, ਜਦਕਿ ਛੋਟੀ ਧੀ ਕੋਮਲ ਕੌਰ (19) ਕਰੀਬ 10 ਮਹੀਨੇ ਪਹਿਲਾਂ ਰੁਜ਼ਗਾਰ ਲਈ ਮੋਹਾਲੀ ਆਈ ਸੀ। ਕੋਮਲ ਇੱਥੋਂ ਦੀ ਇੱਕ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ ਅਤੇ ਦੋਵੇਂ ਭੈਣਾਂ ਪਿਛਲੇ 3-4 ਮਹੀਨਿਆਂ ਤੋਂ ਫੇਜ਼-9 ਵਿੱਚ ਕਿਰਾਏ 'ਤੇ ਰਹਿ ਰਹੀਆਂ ਸਨ। ਪਿਤਾ ਅਨੁਸਾਰ ਕੋਮਲ ਦੀ ਕੰਪਨੀ ਵਿੱਚ ਹੀ ਕੰਮ ਕਰਦੇ ਚੰਡੀਗੜ੍ਹ ਦੇ ਸੈਕਟਰ-37 ਸੀ ਨਿਵਾਸੀ ਤੁਸ਼ਾਰ ਨਾਲ ਜਾਣ-ਪਛਾਣ ਹੋਈ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਬੀਤੀ 14 ਜੂਨ 2026 ਨੂੰ ਕੋਮਲ ਤੁਸ਼ਾਰ ਦੇ ਘਰ ਚੰਡੀਗੜ੍ਹ ਵੀ ਗਈ ਸੀ, ਜਿੱਥੇ ਤੁਸ਼ਾਰ ਦੇ ਮਾਪਿਆਂ ਨੇ ਵਿਆਹ ਲਈ ਸਹਿਮਤੀ ਦੇ ਦਿੱਤੀ ਸੀ, ਪਰ ਬਾਅਦ ਵਿੱਚ ਉਹ ਆਪਣੀ ਗੱਲ ਤੋਂ ਮੁੱਕਰ ਗਏ।
ਮੁਹਾਲੀ ਸੱਦ ਕੇ ਕੀਤਾ ਵਿਆਹ ਤੋਂ ਇਨਕਾਰ
ਸ਼ਿਕਾਇਤਕਰਤਾ ਅਨੁਸਾਰ 13 ਨਵੰਬਰ ਨੂੰ ਕੋਮਲ ਨੇ ਆਪਣੀ ਵੱਡੀ ਭੈਣ ਕਾਜਲ ਨੂੰ ਦੱਸਿਆ ਸੀ ਕਿ ਤੁਸ਼ਾਰ, ਉਸ ਦਾ ਪਿਤਾ ਸੰਤੋਸ਼ ਕੁਮਾਰ ਤੇ ਮਾਤਾ ਰੰਜਨਾ ਉਸ ਨੂੰ ਮੁਹਾਲੀ ਵਿਚ ਮਿਲੇ ਸਨ, ਜਿੱਥੇ ਉਨ੍ਹਾਂ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲ ਕਾਰਨ ਕੋਮਲ ਕਾਫ਼ੀ ਮਾਨਸਿਕ ਤਣਾਅ 'ਚ ਰਹਿਣ ਲੱਗ ਪਈ ਸੀ। 14 ਨਵੰਬਰ ਦੀ ਰਾਤ ਨੂੰ ਜਦੋਂ ਕੋਮਲ ਕਮਰੇ ਵਿੱਚ ਇਕੱਲੀ ਸੀ, ਤਾਂ ਉਸ ਨੇ ਛੱਤ ਵਾਲੇ ਪੱਖੇ ਨਾਲ ਚੁੰਨੀ ਦਾ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਵੱਡੀ ਭੈਣ ਕਾਜਲ ਕਮਰੇ ਵਿੱਚ ਆਈ ਤਾਂ ਕੋਮਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਉਸ ਨੇ ਕੈਂਚੀ ਨਾਲ ਚੁੰਨੀ ਕੱਟ ਕੇ ਹੇਠਾਂ ਉਤਾਰਿਆ।
ਰਜਿਸਟਰ 'ਤੇ ਸੁਨੇਹਾ ਲਿਖ ਕੇ ਫੋਨ 'ਚ ਬਣਾਈ ਵੀਡੀਓ
ਕਮਰੇ 'ਚ ਬੈੱਡ 'ਤੇ ਪਏ ਹਿਸਾਬ-ਕਿਤਾਬ ਵਾਲੇ ਰਜਿਸਟਰ ਉੱਪਰ ਕੋਮਲ ਨੇ ਲਾਲ ਸਿਆਹੀ ਨਾਲ ਲਿਖਿਆ ਹੋਇਆ ਸੀ ਕਿ 'ਮੇਰੇ ਫੋਨ 'ਚ ਵੀਡੀਓ ਦੇਖੋ'। ਕਾਜਲ ਨੇ ਕੋਮਲ ਦੇ ਫਿੰਗਰਪ੍ਰਿੰਟ ਨਾਲ ਫੋਨ ਖੋਲ੍ਹਿਆ ਤਾਂ ਉਸ ਵਿੱਚ ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਮਿਲੀ। ਵੀਡੀਓ 'ਚ ਕੋਮਲ ਨੇ ਦੱਸਿਆ ਕਿ ਤੁਸ਼ਾਰ ਦੇ ਪਰਿਵਾਰ ਨੂੰ ਪਿਛਲੇ 8 ਮਹੀਨਿਆਂ ਤੋਂ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਸੀ ਅਤੇ ਉਹ ਉਨ੍ਹਾਂ ਦੇ ਘਰ ਵੀ ਜਾਂਦੀ ਰਹੀ ਹੈ। ਉਸ ਨੇ ਦੱਸਿਆ ਕਿ ਮੋਹਾਲੀ ਵਾਕ ਵਿਖੇ ਹੋਈ ਆਖ਼ਰੀ ਮੁਲਾਕਾਤ ਦੌਰਾਨ ਤੁਸ਼ਾਰ ਦੇ ਪਿਤਾ ਨੇ ਸੋਚ ਕੇ ਦੱਸਣ ਦੀ ਗੱਲ ਕਹੀ ਸੀ, ਪਰ ਬਾਅਦ ਵਿੱਚ ਉਸ ਦੀ ਭੈਣ ਨੂੰ ਫੋਨ ਕਰਕੇ ਕੁੜੀ ਦਾ ਸੁਭਾਅ ਸਹੀ ਨਾ ਹੋਣ ਦਾ ਬਹਾਨਾ ਲਗਾ ਕੇ ਰਿਸ਼ਤੇ ਤੋਂ ਮਨ੍ਹਾ ਕਰ ਦਿੱਤਾ। ਕੋਮਲ ਨੇ ਆਪਣੀ ਮੌਤ ਲਈ ਤੁਸ਼ਾਰ ਅਤੇ ਉਸ ਦੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗੀ ਅਤੇ ਇਨਸਾਫ਼ ਦੀ ਗੁਹਾਰ ਲਗਾਈ।
ਪੁਲਿਸ ਵੱਲੋਂ ਇਕ ਮੁਲਜ਼ਮ ਗ੍ਰਿਫ਼ਤਾਰ
ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਿਤਾ ਜੱਗਾ ਸਿੰਘ ਅਤੇ ਭੈਣ ਕਾਜਲ ਕੌਰ ਨੇ ਸਿਵਲ ਹਸਪਤਾਲ ਫੇਜ਼-6 ਪਹੁੰਚ ਕੇ ਥਾਣਾ ਫੇਜ਼-8 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਥਾਣਾ ਫੇਜ਼-8 ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਸ਼ਾਰ, ਉਸ ਦੇ ਪਿਤਾ ਸੰਤੋਸ਼ ਕੁਮਾਰ ਅਤੇ ਮਾਤਾ ਰੰਜਨਾ ਖ਼ਿਲਾਫ਼ ਬੀਐੱਨਐੱਸ (BNS) ਦੀ ਧਾਰਾ 108 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਦੇ ਪਿਤਾ ਸੰਤੋਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।