ਮੁਹਾਲੀ 'ਚ ਸਨਸਨੀਖੇਜ਼ ਵਾਰਦਾਤ: ਲੜਕੀ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਵਾਉਣ ਦੇ ਲੱਗੇ ਦੋਸ਼, 3 ਮੁਲਜ਼ਮ ਗ੍ਰਿਫ਼ਤਾਰ
ਮੁਹਾਲੀ ਵਿਚ ਇਕ ਬੇਹੱਦ ਹੈਰਾਨੀਜਨਕ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੀ 21 ਸਾਲਾ ਲੜਕੀ ਨੂੰ ਉਸ ਦੇ ਪੀਜੀ ਤੋਂ ਕੰਮ ’ਤੇ ਜਾਂਦੇ ਸਮੇਂ ਦਿਨ-ਦਿਹਾੜੇ ਅਗਵਾ ਕਰ ਲਿਆ ਗਿਆ। ਮੁਹਾਲੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦੇ 6 ਘੰਟਿਆਂ ਦੇ ਅੰਦਰ ਲੜਕੀ ਨੂੰ ਸੁਰੱਖਿਅਤ ਬਰਾਮਦ ਕਰ ਕੇ ਮੁੱਖ ਮੁਲਜ਼ਮ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Fri, 26 Jun 2026 12:04 PM (IST)
Updated Date: Fri, 26 Jun 2026 12:06 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਵਿਚ ਇਕ ਬੇਹੱਦ ਹੈਰਾਨੀਜਨਕ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੀ 21 ਸਾਲਾ ਲੜਕੀ ਨੂੰ ਉਸ ਦੇ ਪੀਜੀ ਤੋਂ ਕੰਮ ’ਤੇ ਜਾਂਦੇ ਸਮੇਂ ਦਿਨ-ਦਿਹਾੜੇ ਅਗਵਾ ਕਰ ਲਿਆ ਗਿਆ। ਮੁਹਾਲੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦੇ 6 ਘੰਟਿਆਂ ਦੇ ਅੰਦਰ ਲੜਕੀ ਨੂੰ ਸੁਰੱਖਿਅਤ ਬਰਾਮਦ ਕਰ ਕੇ ਮੁੱਖ ਮੁਲਜ਼ਮ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤ ਅਨੁਸਾਰ 24 ਜੂਨ ਦੀ ਸਵੇਰ ਨੂੰ ਜਦੋਂ ਲੜਕੀ ਆਪਣੇ ਪੀ.ਜੀ. ਤੋਂ ਡਿਊਟੀ ਲਈ ਨਿਕਲੀ ਤਾਂ ਉੱਥੇ ਇਕ ਚਿੱਟੇ ਰੰਗ ਦੀ ਕਾਰ ਆ ਕੇ ਰੁਕੀ। ਕਾਰ ’ਚੋਂ ਉਤਰੇ ਨੌਜਵਾਨ ਨੇ ਲੜਕੀ ਨੂੰ ਵਾਲਾਂ ਤੋਂ ਫੜ ਕੇ ਜ਼ਬਰਨ ਗੱਡੀ ’ਚ ਖਿੱਚ ਲਿਆ ਅਤੇ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਮੁੱਖ ਮੁਲਜ਼ਮ ਦੀ ਪਛਾਣ ਭਵਿਆ ਕੁਮਾਰ ਵਜੋਂ ਹੋਈ। ਪੀੜਤ ਦੇ ਪਰਿਵਾਰ ਦਾ ਦੋਸ਼ ਹੈ ਕਿ ਭਵਿਆ ਪਹਿਲਾਂ ਵੀ ਲੜਕੀ ਨੂੰ ਅਕਸਰ ਪਰੇਸ਼ਾਨ ਕਰਦਾ ਰਹਿੰਦਾ ਸੀ।
ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਜ਼ਬਰਨ ਮਨਸਾ ਦੇਵੀ ਮੰਦਰ ਲੈ ਗਏ।
ਉੱਥੇ ਲੜਕੀ ਦੀ ਮਰਜ਼ੀ ਤੋਂ ਬਿਨ੍ਹਾਂ ਭਵਿਆ ਨੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ। ਜ਼ਬਰਨ ਵਿਆਹ ਦੀ ਰਸਮ ਪੂਰੀ ਕਰਨ ਤੋਂ ਬਾਅਦ ਮੁਲਜ਼ਮ ਇਸ ਵਿਆਹ ਨੂੰ ਕਾਨੂੰਨੀ ਰੂਪ ਦੇਣ ਲਈ ਲੜਕੀ ਨੂੰ ਲੈ ਕੇ ਮੁਹਾਲੀ ਅਦਾਲਤ ਵਿਖੇ ਮੈਰਿਜ ਰਜਿਸਟਰ ਕਰਵਾਉਣ ਪਹੁੰਚ ਗਏ।
ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਕੋਰਟ ਕੰਪਲੈਕਸ ਵਿਚ ਮੌਜੂਦ ਹਨ। ਪੁਲਿਸ ਨੇ ਬਿਨਾਂ ਦੇਰੀ ਕੀਤੇ ਅਦਾਲਤ ਵਿਚ ਛਾਪੇਮਾਰੀ ਕਰ ਕੇ ਮੁੱਖ ਮੁਲਜ਼ਮ ਭਵਿਆ ਕੁਮਾਰ ਅਤੇ ਉਸ ਦੇ ਸਾਥੀ ਵਿਸ਼ਾਲ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ।