ਮੁਹਾਲੀ ਡਿੰਪਲ ਕਤਲ ਕਾਂਡ: ਮੁਲਜ਼ਮ ਹਰਜਿੰਦਰ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਕੀਤੇ ਕਈ ਅਹਿਮ ਖ਼ੁਲਾਸੇ, ਸਾਹਮਣੇ ਆਈ ਕਤਲ ਦੀ ਅਸਲ ਵਜ੍ਹਾ
ਮੁਹਾਲੀ ਦੇ ਸੈਕਟਰ-66 ਸਥਿਤ ਇਕ ਪ੍ਰਾਈਵੇਟ ਕੰਪਨੀ ’ਚ ਸਾਬਕਾ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ। ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾ ਡਿੰਪਲ ਖੱਤਰੀ ਮੁਲਜ਼ਮ ਹਰਜਿੰਦਰ ਸਿੰਘ ਨਾਲ ਗੱਲਬਾਤ ਨਹੀਂ ਕਰ ਰਹੀ ਸੀ ਅਤੇ ਉਸ ਨੇ ਦੂਰੀ ਬਣਾ ਲਈ ਸੀ, ਜਿਸ ਕਾਰਨ ਮੁਲਜ਼ਮ ਨੂੰ ਅਹਿਸਾਸ ਹੋ ਰਿਹਾ ਸੀ ਕਿ ਡਿੰਪਲ ਉਸ ਨੂੰ ਹਮੇਸ਼ਾ ਲਈ ਛੱਡ ਦੇਵੇਗੀ ਅਤੇ ਸ਼ਹਿਰ ਛੱਡ ਕੇ ਚਲੀ ਜਾਵੇਗੀ। ਇਸ ਲਈ ਗੁੱਸੇ ਵਿਚ ਆ ਕੇ ਮੁਲਜ਼ਮ ਹਰਜਿੰਦਰ ਨੇ ਦਫ਼ਤਰ ਦੇ ਅੰਦਰ ਵੜ ਕੇ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ।
Publish Date: Mon, 22 Jun 2026 11:55 AM (IST)
Updated Date: Mon, 22 Jun 2026 11:59 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਸੈਕਟਰ-66 ਸਥਿਤ ਇਕ ਪ੍ਰਾਈਵੇਟ ਕੰਪਨੀ ’ਚ ਸਾਬਕਾ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ। ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾ ਡਿੰਪਲ ਖੱਤਰੀ ਮੁਲਜ਼ਮ ਹਰਜਿੰਦਰ ਸਿੰਘ ਨਾਲ ਗੱਲਬਾਤ ਨਹੀਂ ਕਰ ਰਹੀ ਸੀ ਅਤੇ ਉਸ ਨੇ ਦੂਰੀ ਬਣਾ ਲਈ ਸੀ, ਜਿਸ ਕਾਰਨ ਮੁਲਜ਼ਮ ਨੂੰ ਅਹਿਸਾਸ ਹੋ ਰਿਹਾ ਸੀ ਕਿ ਡਿੰਪਲ ਉਸ ਨੂੰ ਹਮੇਸ਼ਾ ਲਈ ਛੱਡ ਦੇਵੇਗੀ ਅਤੇ ਸ਼ਹਿਰ ਛੱਡ ਕੇ ਚਲੀ ਜਾਵੇਗੀ। ਇਸ ਲਈ ਗੁੱਸੇ ਵਿਚ ਆ ਕੇ ਮੁਲਜ਼ਮ ਹਰਜਿੰਦਰ ਨੇ ਦਫ਼ਤਰ ਦੇ ਅੰਦਰ ਵੜ ਕੇ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਕਤਲ ਵਿਚ ਵਰਤੋਂ ਕਰਨ ਲਈ ਆਨਲਾਈਨ ਤਿੰਨ ਚਾਕੂ ਮੰਗਵਾਏ ਸਨ ਅਤੇ ਜਿਹੜਾ ਚਾਕੂ ਮੁਲਜ਼ਮ ਨੂੰ ਤੇਜ਼ਧਾਰ ਲੱਗਿਆ, ਉਸਨੇ ਉਸੇ ਚਾਕੂ ਨਾਲ ਡਿੰਪਲ ਦਾ ਕਤਲ ਕਰ ਦਿੱਤਾ। ਦੂਜੇ ਪਾਸੇ ਮੁਲਜ਼ਮ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ੁਰੂਆਤ ਵਿਚ ਡਿੰਪਲ ਨਾਲ ਆਮੋ-ਸਾਹਮਣੇ ਗੱਲ ਕਰਕੇ ਉਸ ਨੂੰ ਦੁਬਾਰਾ ਮਨਾਉਣ ਦੇ ਇਰਾਦੇ ਨਾਲ ਗਿਆ ਸੀ ਪਰ ਇਸ ਦੌਰਾਨ ਡਿੰਪਲ ਨਾਲ ਹੋਈ ਬਹਿਸ ਤੋਂ ਬਾਅਦ ਉਸ ਨੇ ਤਾਬੜਤੋੜ ਵਾਰ ਕਰ ਦਿੱਤੇ।
ਦਫ਼ਤਰ ਵਿਚ ਮੌਜੂਦ ਬਾਕੀ ਕਰਮਚਾਰੀ ਅਚਾਨਕ ਹੋਏ ਇਸ ਹਮਲੇ ਕਾਰਨ ਬਚਾਅ ਨਹੀਂ ਕਰ ਸਕੇ ਅਤੇ ਡਿੰਪਲ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਇਸ ਤੋਂ ਬਾਅਦ ਮੁਲਜ਼ਮ ਹਰਜਿੰਦਰ ਸਿੰਘ ਨੇ ਉਸੇ ਚਾਕੂ ਨਾਲ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸਨੂੰ ਜ਼ਖ਼ਮੀ ਹਾਲਤ ਵਿਚ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਮੁਲਜ਼ਮ ਦੇ ਮਾਨਸਿਕ ਹਾਲਤ
ਪੁਲਿਸ ਦੀ ਜਾਂਚ ਵਿਚ ਮੁਲਜ਼ਮ ਹਰਜਿੰਦਰ ਸਿੰਘ ਦੇ ਸੁਭਾਅ ਅਤੇ ਮਾਨਸਿਕ ਸਥਿਤੀ ਨੂੰ ਲੈ ਕੇ ਵੀ ਇਕ ਅਹਿਮ ਗੱਲ ਸਾਹਮਣੇ ਆਈ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਡਿੰਪਲ ਅਤੇ ਮੁਲਜ਼ਮ ਹਰਜਿੰਦਰ ਵਿਚ ਗੱਲਬਾਤ ਨਾ ਹੋਣ ਕਾਰਨ ਉਹ ਕਾਫ਼ੀ ਸਮੇਂ ਤੋਂ ਕੰਪਨੀ ਵਿਚ ਵੀ ਕਿਸੇ ਹੋਰ ਕਰਮਚਾਰੀ ਨਾਲ ਬਹੁਤਾ ਤਾਲਮੇਲ ਨਹੀਂ ਰੱਖਦਾ ਸੀ ਅਤੇ ਅਕਸਰ ਇਕੱਲਾ-ਇਕੱਲਾ ਰਹਿੰਦਾ ਸੀ।
ਕੰਪਨੀ ਦੇ ਸੂਤਰਾਂ ਮੁਤਾਬਕ ਕਈ ਵਾਰ ਤਾਂ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ, ਜਿਸ ਕਾਰਨ ਪੁਲਿਸ ਹੁਣ ਉਸ ਦੇ ਇਸ ਅਜੀਬ ਸੁਭਾਅ ਅਤੇ ਮਾਨਸਿਕ ਹਾਲਤ ਨੂੰ ਕੇਸ ਦੀ ਜਾਂਚ ਨਾਲ ਜੋੜ ਕੇ ਦੇਖ ਰਹੀ ਹੈ।
ਪੁਲਿਸ ਦੀ ਅਗਲੀ ਕਾਰਵਾਈ ਅਤੇ ਪੁਖ਼ਤਾ ਸਬੂਤ
ਮੁਲਜ਼ਮ ਨੂੰ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤੇ ਚਾਕੂ ਸਮੇਤ ਹੋਰ ਡਿਜੀਟਲ ਸਬੂਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮੌਕੇ ਤੋਂ ਮਿਲੇ ਸਬੂਤਾਂ ਨੂੰ ਫੋਰੈਂਸਿਕ ਜਾਂਚ ਲਈ ਵੀ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਥਾਣਾ ਫੇਜ਼-11 ਦੇ ਐੱਸਐੱਚਓ ਇੰਸਪੈਕਟਰ ਅਮਨ ਬੈਦਵਾਣ ਨੂੰ ਸੌਂਪੀ ਗਈ ਹੈ।
ਪੁਲਿਸ ਮੁਲਜ਼ਮ ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਸ ਕੋਲੋਂ ਹੋਰ ਪੁੱਛਗਿੱਛ ਕਰਕੇ ਕਤਲ ਦੇ ਅਸਲ ਕਾਰਨਾਂ ਅਤੇ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਜਾਂਚ ਕਰ ਸਕਦੀ ਹੈ।