ਯੋਗ ਦਿਵਸ 'ਤੇ ਵਿਧਾਇਕ ਕੁਲਜੀਤ ਰੰਧਾਵਾ ਦਾ ਵੱਡਾ ਸੰਦੇਸ਼: ਨਰੋਏ ਪੰਜਾਬ ਲਈ ਰੋਜ਼ਾਨਾ ਜੀਵਨ 'ਚ ਯੋਗ ਅਪਣਾਉਣਾ ਜ਼ਰੂਰੀ
12ਵੇਂ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ ‘ਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੀਰਮੁਛੈਲਾ ਸਥਿਤ ਬਾਲੀਵੁੱਡ ਹਾਈਟਸ ਅਤੇ ਲਾ ਪ੍ਰੈਜ਼ੀਮਾ ਸੁਸਾਇਟੀ ਵਿੱਚ ਲੋਕਾਂ ਨਾਲ ਮਿਲ ਕੇ ਸੀ.ਐੱਮ. ਦੀ ਯੋਗਸ਼ਾਲਾ ਦੌਰਾਨ ਯੋਗਾ ਅਭਿਆਸ ਕੀਤਾ ਅਤੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ।
Publish Date: Sun, 21 Jun 2026 12:17 PM (IST)
Updated Date: Sun, 21 Jun 2026 12:18 PM (IST)

ਜੇ.ਐੱਸ.ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ - 12ਵੇਂ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ ‘ਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੀਰਮੁਛੈਲਾ ਸਥਿਤ ਬਾਲੀਵੁੱਡ ਹਾਈਟਸ ਅਤੇ ਲਾ ਪ੍ਰੈਜ਼ੀਮਾ ਸੁਸਾਇਟੀ ਵਿੱਚ ਲੋਕਾਂ ਨਾਲ ਮਿਲ ਕੇ ਸੀ.ਐੱਮ. ਦੀ ਯੋਗਸ਼ਾਲਾ ਦੌਰਾਨ ਯੋਗਾ ਅਭਿਆਸ ਕੀਤਾ ਅਤੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ।
ਯੋਗਾ ਸੈਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਇਲਾਕਿਆਂ ਵਿੱਚ ਚੱਲ ਰਹੀਆਂ ਮੁੱਖ ਮੰਤਰੀ ਦੀਆਂ ਯੋਗਸ਼ਾਲਾਵਾਂ ਨਾਲ ਜੁੜਨ ਅਤੇ ਨਿਯਮਿਤ ਯੋਗਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੋਗਾ ਸਿਰਫ਼ ਕਸਰਤ ਨਹੀਂ, ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਸੰਤੁਲਿਤ ਰੱਖਣ ਦੀ ਇੱਕ ਪ੍ਰਭਾਵਸ਼ਾਲੀ ਵਿਧੀ ਹੈ ਨਿਯਮਿਤ ਯੋਗ ਅਭਿਆਸ ਮਨ ਨੂੰ ਸ਼ਾਂਤੀ, ਸਥਿਰਤਾ ਅਤੇ ਸਕਾਰਾਤਮਕ ਊਰਜਾ ਪ੍ਰਦਾਨ ਕਰਦਾ ਹੈ, ਜੋ ਇੱਕ ਖੁਸ਼ਹਾਲ ਅਤੇ ਤੰਦਰੁਸਤ ਜੀਵਨ ਲਈ ਬੇਹੱਦ ਜ਼ਰੂਰੀ ਹੈ।
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸੀ.ਐੱਮ. ਦੀ ਯੋਗਸ਼ਾਲਾ ਮੁਹਿੰਮ ਰਾਹੀਂ ਜ਼ਿਲ੍ਹੇ ਭਰ ਵਿੱਚ ਮਾਹਿਰ ਟ੍ਰੇਨਰ ਹਜ਼ਾਰਾਂ ਲੋਕਾਂ ਨੂੰ ਯੋਗਾ ਨਾਲ ਜੋੜ ਕੇ ਸਿਹਤਮੰਦ ਪੰਜਾਬ ਦੀ ਨੀਂਹ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ, ਵਰਿੰਦਰ ਕੌਰ, ਅਮਨਦੀਪ ਸਿੰਘ, ਪੁਨੀਤ ਸਿੰਗਲਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।