
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਅਨੁਸਾਰ 21 ਅਗਸਤ ਨੂੰ ਲੜਕੀ ਆਪਣੇ ਨਾਨਕੇ ਘਰ ਜਾਣ ਲਈ ਨਿਕਲੀ ਸੀ। ਰਸਤੇ ਵਿਚ ਜਾਣਕਾਰ ਦੀਪਕ ਕੁਮਾਰ ਦੇ ਘਰ ਅੱਗੇ ਲੰਘਣ ਸਮੇਂ ਦੋਵਾਂ ਦੀ ਗੱਲਬਾਤ ਹੋਈ, ਜਿੱਥੇ ਲੜਕੀ ਦੇ ਪਿਤਾ ਦੇ ਪਹੁੰਚਣ 'ਤੇ ਬਹਿਸਬਾਜ਼ੀ ਹੋ ਗਈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਇੰਡਸਟ੍ਰੀਅਲ ਏਰੀਆ ਵਿਖੇ ਬੀਤੇ ਦਿਨੀਂ 16 ਸਾਲਾ ਨਾਬਾਲਿਗ ਲੜਕੀ 'ਤੇ ਸੈਨੇਟਾਈਜ਼ਰ ਪਾ ਕੇ ਅੱਗ ਲਗਾਉਣ ਦੇ ਮਾਮਲੇ ਵਿਚ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿਛਲੇ 7 ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਪੀੜਤ ਲੜਕੀ ਨੇ ਆਖ਼ਰਕਾਰ ਰੱਖੜੀ ਵਾਲੇ ਦਿਨ ਦਮ ਤੋੜ ਦਿੱਤਾ। ਆਪਣੇ 6 ਸਾਲਾ ਛੋਟੇ ਭਰਾ ਆਸ਼ੀਸ਼ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਹੀ ਲੜਕੀ ਦੇ ਸਾਹਾਂ ਦੀ ਡੋਰ ਟੁੱਟ ਗਈ, ਜਿਸ ਨਾਲ ਪੂਰੇ ਪਰਿਵਾਰ 'ਚ ਮਾਤਮ ਛਾ ਗਿਆ।
ਸਿਹਤ ਵਿਚ ਲਗਾਤਾਰ ਆ ਰਹੀ ਸੀ ਗਿਰਾਵਟ
ਘਟਨਾ ਤੋਂ ਬਾਅਦ ਪੀੜਤਾ ਨੂੰ ਪਹਿਲਾਂ ਸਿਵਲ ਹਸਪਤਾਲ ਫੇਜ਼-6 ਲਿਜਾਇਆ ਗਿਆ ਸੀ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ ਗਿਆ। ਸ਼ੁਰੂਆਤ ਵਿਚ ਬੋਲਣ ਦੀ ਸਥਿਤੀ ਵਿਚ ਹੋਣ ਕਰਕੇ ਉਸ ਨੇ ਦੀਪਕ ਅਤੇ ਉਸ ਦੇ ਪਰਿਵਾਰ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਸੀ, ਪਰ ਬਾਅਦ ਵਿਚ ਉਸ ਦੀ ਹਾਲਤ ਵਿਗੜਦੀ ਗਈ ਅਤੇ ਉਹ ਇਸ਼ਾਰਿਆਂ ਵਿਚ ਗੱਲ ਕਰਨ ਲੱਗੀ। ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸ਼ੁੱਕਰਵਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਜਾਣਕਾਰੀ ਅਨੁਸਾਰ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਆਪਣੇ 4 ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਸੀ।
ਗੁਆਂਢੀ ਨਾਲ ਵਿਵਾਦ ਤੋਂ ਬਾਅਦ ਵਾਪਰੀ ਸੀ ਘਟਨਾ
ਪੁਲਿਸ ਅਨੁਸਾਰ 21 ਅਗਸਤ ਨੂੰ ਲੜਕੀ ਆਪਣੇ ਨਾਨਕੇ ਘਰ ਜਾਣ ਲਈ ਨਿਕਲੀ ਸੀ। ਰਸਤੇ ਵਿਚ ਜਾਣਕਾਰ ਦੀਪਕ ਕੁਮਾਰ ਦੇ ਘਰ ਅੱਗੇ ਲੰਘਣ ਸਮੇਂ ਦੋਵਾਂ ਦੀ ਗੱਲਬਾਤ ਹੋਈ, ਜਿੱਥੇ ਲੜਕੀ ਦੇ ਪਿਤਾ ਦੇ ਪਹੁੰਚਣ 'ਤੇ ਬਹਿਸਬਾਜ਼ੀ ਹੋ ਗਈ। ਇਸੇ ਰੰਜਿਸ਼ ਤਹਿਤ ਦੀਪਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੜਕੀ ਦੇ ਘਰ ਦੀ ਉੱਪਰਲੀ ਮੰਜ਼ਿਲ 'ਚ ਦਾਖ਼ਲ ਹੋਇਆ, ਉਸ 'ਤੇ ਸੈਨੇਟਾਈਜ਼ਰ ਛਿੜਕ ਕੇ ਅੱਗ ਲਗਾ ਦਿੱਤੀ ਅਤੇ ਫ਼ਰਾਰ ਹੋ ਗਿਆ। ਪਰਿਵਾਰ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਸੀ।
ਕਤਲ ਦੀ ਧਾਰਾ ਜੋੜੀ, ਤਿੰਨ ਗ੍ਰਿਫ਼ਤਾਰ
ਮੁਹਾਲੀ ਦੇ ਡੀਐੱਸਪੀ ਸਿਟੀ-1 ਗੁਰਚਰਨ ਸਿੰਘ ਨੇ ਦੱਸਿਆ ਕਿ ਲੜਕੀ ਦੀ ਮੌਤ ਤੋਂ ਬਾਅਦ ਥਾਣਾ ਫੇਜ਼-1 ਪੁਲਿਸ ਨੇ ਕੇਸ ਵਿਚ ਬੀਐੱਨਐੱਸ ਦੀ ਕਤਲ ਦੀ ਧਾਰਾ 103(1) ਜੋੜ ਦਿੱਤੀ ਹੈ। ਪੁਲਿਸ ਹੁਣ ਤੱਕ ਮੁੱਖ ਮੁਲਜ਼ਮ ਦੀਪਕ ਕੁਮਾਰ, ਉਸ ਦੇ ਪਿਤਾ ਅਤੇ ਚਾਚੇ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।