
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਮੋਹਾਲੀ ’ਚ ਇਕ ਹਫ਼ਤੇ ਵਿਚ ਤਿੰਨ ਸਫਲ ਲਿਵਰ ਟਰਾਂਸਪਲਾਂਟ ਸਰਜਰੀਆਂ ਕਰ ਕੇ ਸਿਹਤ ਵਿਭਾਗ ਨੇ ਨਵਾਂ ਇਤਿਹਾਸ ਰਚਿਆ ਹੈ। ਇਹ ਪ੍ਰਾਪਤੀ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ’ਚ ਉੱਚ ਪੱਧਰੀ ਟਰਾਂਸਪਲਾਂਟ ਸੇਵਾਵਾਂ ਵਿਕਸਤ ਕਰਨ ਦੀ ਦਿਸ਼ਾ ਵੱਲ ਇਕ ਵੱਡਾ ਕਦਮ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੋਹਾਲੀ : ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਮੋਹਾਲੀ ’ਚ ਇਕ ਹਫ਼ਤੇ ਵਿਚ ਤਿੰਨ ਸਫਲ ਲਿਵਰ ਟਰਾਂਸਪਲਾਂਟ ਸਰਜਰੀਆਂ ਕਰ ਕੇ ਸਿਹਤ ਵਿਭਾਗ ਨੇ ਨਵਾਂ ਇਤਿਹਾਸ ਰਚਿਆ ਹੈ। ਇਹ ਪ੍ਰਾਪਤੀ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ’ਚ ਉੱਚ ਪੱਧਰੀ ਟਰਾਂਸਪਲਾਂਟ ਸੇਵਾਵਾਂ ਵਿਕਸਤ ਕਰਨ ਦੀ ਦਿਸ਼ਾ ਵੱਲ ਇਕ ਵੱਡਾ ਕਦਮ ਹੈ।
ਮੋਹਾਲੀ ਲਿਵਰ ਇੰਸਟੀਚਿਊਟ ਵਿਖੇ ਮਰੀਜ਼ਾਂ ਦੇ ਅੰਗਦਾਨੀ (ਡੋਨਰਜ਼) ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਕ ਹਫ਼ਤੇ ਵਿਚ ਤਿੰਨ ਲਿਵਰ ਟਰਾਂਸਪਲਾਂਟ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਨ੍ਹਾਂ ਕੇਸਾਂ ’ਚ ਪਰਿਵਾਰਕ ਪਿਆਰ, ਤਿਆਗ ਅਤੇ ਮਜ਼ਬੂਤ ਰਿਸ਼ਤਿਆਂ ਦੀਆਂ ਭਾਵਨਾਤਮਕ ਕਹਾਣੀਆਂ ਵੀ ਸਾਹਮਣੇ ਆਈਆਂ ਹਨ। ਇਕ ਮਾਮਲੇ ’ਚ ਪਤਨੀ ਨੇ ਆਪਣੇ ਪਤੀ ਨੂੰ, ਇੰਜ ਹੀ ਮਾਂ ਨੇ ਆਪਣੀ ਧੀ ਅਤੇ ਤੀਜੇ ਕੇਸ ’ਚ ਪੁੱਤਰ ਨੇ ਆਪਣੇ ਪਿਤਾ ਨੂੰ ਲਿਵਰ ਦਾ ਹਿੱਸਾ ਦਾਨ ਕੀਤਾ। ਇਨ੍ਹਾਂ ਤਿੰਨ ਨਵੇਂ ਟਰਾਂਸਪਲਾਂਟਾਂ ਨਾਲ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਮੋਹਾਲੀ ਵਿਖੇ ਹੁਣ ਤੱਕ ਕੁੱਲ ਪੰਜ ਸਫਲ ਲਿਵਰ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਭਰ ’ਚ ਲਿਵਰ ਟਰਾਂਸਪਲਾਂਟ ਸੇਵਾਵਾਂ ਦਾ ਵਿਸਥਾਰ ਕਰਨ ਲਈ ਸੂਬਾ ਸਰਕਾਰ ਵੱਲੋਂ ਇਕ ਵਿਆਪਕ ਮਾਡਲ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਬ-ਐਂਡ-ਸਪੋਕ ਮਾਡਲ ਤਹਿਤ ਲਿਵਰ ਇੰਸਟੀਚਿਊਟ ਮੋਹਾਲੀ ਮੁੱਖ ਧੁਰੇ ਵਜੋਂ ਕੰਮ ਕਰੇਗਾ, ਜਦਕਿ ਸਰਕਾਰੀ ਮੈਡੀਕਲ ਕਾਲਜ ਇਸ ਦੀਆਂ ਤਾਰਾਂ ਵਜੋਂ ਕੰਮ ਕਰਦੇ ਹੋਏ ਮਰੀਜ਼ਾਂ ਦੀ ਪਛਾਣ, ਮੁਲਾਂਕਣ, ਰੈਫਰਲ ਅਤੇ ਟਰਾਂਸਪਲਾਂਟ ਤੋਂ ਬਾਅਦ ਦੀ ਦੇਖਭਾਲ ’ਚ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਸੰਸਥਾਵਾਂ ’ਚ ‘ਔਰਗਨ ਟਰਾਂਸਪਲਾਂਟ’ ਅਤੇ ਇਸ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਔਰਗਨ ਟਰਾਂਸਪਲਾਂਟ ਦੇ ਸਮੁੱਚੇ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮਿਲ ਸਕਣ।
ਮੋਹਾਲੀ ਅਤੇ ਪਟਿਆਲਾ ’ਚ ਜਲਦ ਸ਼ੁਰੂ ਹੋਣਗੀਆਂ ਗੁਰਦਿਆਂ ਦੀਆਂ ਟਰਾਂਸਪਲਾਂਟ ਸੇਵਾਵਾਂ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਮੋਹਾਲੀ ਅਤੇ ਪਟਿਆਲਾ ਵਿਚ ਗੁਰਦਾ ਟਰਾਂਸਪਲਾਂਟ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਨਾਲ ਪੰਜਾਬ ਦੀ ਸਰਕਾਰੀ ਸਿਹਤ ਪ੍ਰਣਾਲੀ ’ਚ ਉੱਚ ਪੱਧਰੀ ਟਰਾਂਸਪਲਾਂਟ ਸੇਵਾਵਾਂ ਦੀ ਉਪਲਬਧਤਾ ’ਚ ਹੋਰ ਵਾਧਾ ਹੋਵੇਗਾ। ਮੰਤਰੀ ਨੇ ਇੰਸਟੀਚਿਊਟ ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਮਰਪਣ ਭਾਵਨਾ, ਪੇਸ਼ੇਵਰ ਯੋਗਤਾ ਅਤੇ ਸਾਂਝੇ ਯਤਨਾਂ ਸਦਕਾ ਇਹ ਵਿਸ਼ੇਸ਼ ਸਰਜਰੀਆਂ ਕੀਤੀਆਂ ਗਈਆਂ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਲਿਵਰ ਇੰਸਟੀਚਿਊਟ ਵਿਚ 239 ਫਾਈਬਰੋਸਕੈਨ ਨਾਮਾਤਰ ਦਰਾਂ ’ਤੇ ਕੀਤੇ ਗਏ ਹਨ ਜਦਕਿ 139 ਇਨਡੋਰ ਮਰੀਜ਼ਾਂ ਨੂੰ ਇਲਾਜ ਤੇ ਦੇਖਭਾਲ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ’ਚ 170 ਹੋਰ ਬੈੱਡ ਸ਼ਾਮਲ ਕੀਤੇ ਜਾਣ ਨਾਲ ਇਸ ਦੀ ਸਮਰੱਥਾ ’ਚ ਹੋਰ ਵਾਧਾ ਹੋਵੇਗਾ ਅਤੇ ਵੱਡੀ ਗਿਣਤੀ ’ਚ ਮਰੀਜ਼ਾਂ ਨੂੰ ਵਿਸ਼ੇਸ਼ ਲਿਵਰ ਅਤੇ ਬਿਲੀਅਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ।