- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ED ਅਨੁਸਾਰ ਏਬੀਐੱਸ ਟਾਊਨਸ਼ਿਪਸ ਦੀ ਰਕਮ ਵੱਖ-ਵੱਖ ਐੱਲਐੱਲਪੀ ਕੰਪਨੀਆਂ ਰਾਹੀਂ ਅਜੈ ਸਹਿਗਲ ਤੇ ਉਸ ਦੇ ਭਰਾ ਸੰਜੇ ਸਹਿਗਲ ਦੇ ਨਿੱਜੀ ਖਾਤਿਆਂ ’ਚ ਭੇਜੀ ਗਈ। ਇਸ ’ਚੋਂ 24.22 ਕਰੋੜ ਰੁਪਏ ਆਈਕਨ ਗਰੁੱਪ ਦੇ ਮੁਹਾਲੀ ਸਥਿਤ ਡਾਊਨਟਾਊਨ ਪ੍ਰਾਜੈਕਟ ’ਚ ਨਿਵੇਸ਼ ਕੀਤੇ ਗਏ।

ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਚ ਕਥਿਤ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 253.66 ਕਰੋੜ ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਅਸਥਾਈ ਤੌਰ ’ਤੇ ਕੁਰਕ ਕੀਤੀਆਂ ਹਨ। 26 ਨਵੰਬਰ ਨੂੰ ਪੀਐੱਮਐੱਲਏ ਦੀ ਧਾਰਾ 5(1) ਤਹਿਤ ਕੀਤੀ ਕਾਰਵਾਈ ’ਚ ਸਨਟੈਕ ਸਿਟੀ, ਡਿਸਟ੍ਰਿਕਟ ਸੈਵਨ ਤੇ ਲਾ ਕੈਨੇਲਾ ਦੀਆਂ ਸੰਪਤੀਆਂ, ਤਿੰਨ ਲਗਜ਼ਰੀ ਗੱਡੀਆਂ ਅਤੇ ਆਈਕਨ ਗਰੁੱਪ ’ਚ ਸੰਜੇ ਸਹਿਗਲ ਦੀ 38.46 ਫ਼ੀਸਦੀ ਹਿੱਸੇਦਾਰੀ ਅਟੈਚ ਕੀਤੀ ਗਈ। ਈਡੀ ਅਨੁਸਾਰ ਮਾਮਲੇ ’ਚ 348.01 ਕਰੋੜ ਰੁਪਏ ਦੀ ਅਪਰਾਧਕ ਕਮਾਈ ਦਾ ਪਤਾ ਲੱਗਾ ਹੈ।
ਜਾਂਚ ਅਜੈ ਸਹਿਗਲ, ਇੰਡੀਅਨ ਕੋ-ਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਅਤੇ ਏਬੀਐੱਸ ਟਾਊਨਸ਼ਿਪਸ ਸਮੇਤ ਹੋਰਨਾਂ ਖ਼ਿਲਾਫ਼ ਚੱਲ ਰਹੀ ਹੈ। ਈਡੀ ਦਾ ਦੋਸ਼ ਹੈ ਕਿ 30.49 ਏਕੜ ਜ਼ਮੀਨ ਦੇ ਮਾਲਕਾਂ ਦੇ ਜਾਅਲੀ ਦਸਤਖ਼ਤਾਂ ਤੇ ਅੰਗੂਠਿਆਂ ਵਾਲੇ ਸਹਿਮਤੀ ਪੱਤਰਾਂ ਰਾਹੀਂ ਸੀਐੱਲਯੂ ਮਨਜ਼ੂਰੀ ਲਈ ਗਈ। ਇਹ ਦਸਤਾਵੇਜ਼ ਉਸ ਸਮੇਂ ਸੁਸਾਇਟੀ ਦੇ ਸਕੱਤਰ ਰਹੇ ਅਜੈ ਸਹਿਗਲ ਦੇ ਕਹਿਣ ’ਤੇ ਤਿਆਰ ਕੀਤੇ ਗਏ ਸਨ। ਇਨ੍ਹਾਂ ਦੇ ਆਧਾਰ ’ਤੇ 3 ਜੂਨ 2016 ਨੂੰ 108.58 ਏਕੜ ਦੀ ਸੀਐੱਲਯੂ ਮਨਜ਼ੂਰ ਹੋਈ ਅਤੇ 20 ਮਾਰਚ 2018 ਨੂੰ ਗਮਾਡਾ ਨੇ ਲਾਇਸੈਂਸ ਜਾਰੀ ਕੀਤਾ।