- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਵੇਖਣ ਦੌਰਾਨ ਵਿਗਿਆਨੀਆਂ ਨੇ ਵੱਖ-ਵੱਖ ਪਿੰਡਾਂ ਦੇ ਝੋਨੇ ਦੇ ਖੇਤਾਂ ਦਾ ਦੌਰਾ ਕਰ ਕੇ ਬੌਣੇ (ਡਵਾਰਫਿੰਗ) ਵਾਇਰਸ ਦੇ ਲੱਛਣਾਂ ਜਿਵੇਂ ਕਿ ਪੌਦਿਆਂ ਦਾ ਮਧਰਾ ਰਹਿ ਜਾਣਾ, ਵੱਧ ਟਿੱਲਰ ਨਿਕਲਣਾ, ਪੱਤਿਆਂ ਦਾ ਪੀਲਾ ਪੈਣਾ ਤੇ ਪੌਦਿਆਂ ਦੇ ਵਾਧੇ ’ਚ ਕਮੀ ਆਦਿ ਦੀ ਜਾਂਚ ਕੀਤੀ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਤੇ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ (ਐੱਫ਼ਏਐੱਸਸੀ) ਦੀ ਸਾਂਝੀ ਟੀਮ ਨੇ ਮੁਹਾਲੀ ਨੇੜਲੇ ਪਿੰਡ ਮਜਾਤ, ਮਜਾਤੜੀ, ਧੜਾਕ, ਗੜਾਂਗਾਂ, ਸ਼ਾਹਪੁਰ, ਕਾਲੇਵਾਲ, ਸਹੋਲੀ, ਘੜੂਆਂ, ਬਦਨਪੁਰ, ਬਰੌਲੀ ਤੇ ਸਿੰਘਪੁਰਾ ਦੇ ਖੇਤਾਂ ਦਾ ਦੌਰਾ ਕਰ ਕੇ ਝੋਨੇ ਦੀ ਫ਼ਸਲ ’ਚ ਬੌਣੇ ਵਾਇਰਸ ਦੀ ਸਥਿਤੀ ਤੇ ਇਸ ਦੇ ਫੈਲਾਅ ਲਈ ਜ਼ਿੰਮੇਵਾਰ ਕੀਟਾਂ ਦੀ ਨਿਗਰਾਨੀ ਲਈ ਸਰਵੇਖਣ ਕੀਤਾ। ਇਹ ਸਰਵੇਖਣ ਐੱਫਏਐੱਸਸੀ ਦੇ ਸੀਨੀਅਰ ਐਕਸਟੈਂਸ਼ਨ ਸਪੈਸ਼ਲਿਸਟ (ਐਗਰੋਨੋਮੀ) ਡਾ. ਆਰਐੱਸ ਘੁੰਮਣ ਤੇ ਪੀਏਯੂ ਦੇ ਕੀਟ ਵਿਗਿਆਨ ਵਿਭਾਗ ਦੀ ਡਾ. ਰੂਬਲਜੋਤ ਕੂੰਨਰ ਦੀ ਅਗਵਾਈ ਹੇਠ ਕੀਤਾ ਗਿਆ।
ਸਰਵੇਖਣ ਦੌਰਾਨ ਵਿਗਿਆਨੀਆਂ ਨੇ ਵੱਖ-ਵੱਖ ਪਿੰਡਾਂ ਦੇ ਝੋਨੇ ਦੇ ਖੇਤਾਂ ਦਾ ਦੌਰਾ ਕਰ ਕੇ ਬੌਣੇ (ਡਵਾਰਫਿੰਗ) ਵਾਇਰਸ ਦੇ ਲੱਛਣਾਂ ਜਿਵੇਂ ਕਿ ਪੌਦਿਆਂ ਦਾ ਮਧਰਾ ਰਹਿ ਜਾਣਾ, ਵੱਧ ਟਿੱਲਰ ਨਿਕਲਣਾ, ਪੱਤਿਆਂ ਦਾ ਪੀਲਾ ਪੈਣਾ ਤੇ ਪੌਦਿਆਂ ਦੇ ਵਾਧੇ ’ਚ ਕਮੀ ਆਦਿ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਚਿੱਟੀ ਪਿੱਠ ਵਾਲਾ ਟਿੱਡਾ (ਵ੍ਹਾਈਟ-ਬੈਕਡ ਪਲਾਂਟ ਹੌਪਰ), ਜੋ ਇਸ ਵਾਇਰਸ ਨੂੰ ਫੈਲਾਉਣ ਵਾਲਾ ਮੁੱਖ ਕੀਟ ਹੈ, ਦੀ ਮੌਜੂਦਗੀ ਦਾ ਵੀ ਮੁਆਇਨਾ ਕੀਤਾ ਗਿਆ। ਸਰਵੇਖਣ ਦੌਰਾਨ ਕੁਝ ਖੇਤਾਂ ਵਿਚ ਵ੍ਹਾਈਟ-ਬੈਕਡ ਪਲਾਂਟ ਹੌਪਰ ਦੀ ਮੌਜੂਦਗੀ ਪਾਈ ਗਈ।
ਵਿਗਿਆਨੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ, ਖ਼ਾਸ ਕਰ ਕੇ ਵਾਧੇ ਦੇ ਸ਼ੁਰੂਆਤੀ ਪੜਾਅ ਦੌਰਾਨ, ਨਿਯਮਿਤ ਨਿਗਰਾਨੀ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖੇਤ ’ਚ ਬੌਣੇਪਣ ਦੇ ਲੱਛਣ ਜਾਂ ਕੀਟਾਂ ਦਾ ਅਸਧਾਰਨ ਹਮਲਾ ਨਜ਼ਰ ਆਵੇ ਤਾਂ ਤੁਰੰਤ ਨਜ਼ਦੀਕੀ ਪੀਏਯੂ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ, ਖੇਤੀਬਾੜੀ ਵਿਭਾਗ ਜਾਂ ਪੀਏਯੂ ਲੁਧਿਆਣਾ ਨਾਲ ਸੰਪਰਕ ਕੀਤਾ ਜਾਵੇ।
ਇਸ ਮੌਕੇ ਕਿਸਾਨਾਂ ਨੂੰ ਵ੍ਹਾਈਟ-ਬੈਕਡ ਪਲਾਂਟ ਹੌਪਰ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਿਫ਼ਾਰਸ਼ਸ਼ੁਦਾ ਕੀਟਨਾਸ਼ਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਗਿਆਨੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੀ ਫ਼ਸਲ ਦੀ ਸੁਰੱਖਿਆ ਤੇ ਪੰਜਾਬ ’ਚ ਟਿਕਾਊ ਝੋਨਾ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਪੂਰੇ ਸੀਜ਼ਨ ਦੌਰਾਨ ਖੇਤਾਂ ਦੀ ਨਿਯਮਿਤ ਨਿਗਰਾਨੀ ਜਾਰੀ ਰੱਖੀ ਜਾਵੇਗੀ।