ਪਾਣੀ ਬਿੱਲਾਂ ਦੀ ਵਸੂਲੀ ਦਾ ਮਾਮਲਾ ਭਖਿਆ, ਸਾਬਕਾ ਮੰਤਰੀ ਸਿੱਧੂ ਨੇ ਲਾਏ ਗੰਭੀਰ ਦੋਸ਼; ਵਿਜੀਲੈਂਸ ਤੋਂ ਜਾਂਚ ਮੰਗੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗਰਾਮ ਪੰਚਾਇਤ ਵੱਲੋਂ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਹ ਵਿਧਾਇਕ ਦੀ ਸ਼ਹਿ 'ਤੇ ਹੀ ਹੋ ਰਹੀ ਹੈ।
Publish Date: Tue, 22 Sep 2026 04:17 PM (IST)
Updated Date: Tue, 22 Sep 2026 04:21 PM (IST)
ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਹੋਰ। ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੀ ਜੂਹ ਵਿਚ ਪਿੰਡ ਜੁਝਾਰ ਨਗਰ ’ਚ ਪਾਣੀ ਬਿੱਲਾਂ ਦੀ ਵਸੂਲੀ ਨੂੰ ਲੈ ਕੇ ਸਿਆਸਤ ਭਖ ਗਈ ਹੈ। ਪਿੰਡ ਵਾਸੀਆਂ ਬਾਬਾ ਕਸ਼ਮੀਰ ਸਿੰਘ, ਸਾਬਕਾ ਸਰਪੰਚ ਰਾਜ ਕੁਮਾਰ ਰਾਜੂ ਅਤੇ ਹੈਪੀ ਮਲਿਕ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਕਾਰ ਇਕਬਾਲ ਸਿੰਘ ’ਤੇ ਧੱਕੇਸ਼ਾਹੀ ਕਰਨ ਅਤੇ ਬਿੱਲਾਂ ਦੀ ਵਸੂਲੀ ਲਈ ਨੋਟਿਸ ਭੇਜਣ ਅਤੇ ਕੁਨੈਕਸ਼ਨ ਕੱਟਣ ਦਾ ਦੋਸ਼ ਲਾਇਆ ਹੈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਮੁੱਚੇ ਮਾਮਲੇ ਦੀ ਵਿਜੀਲੈਂਸ ਬਿਊਰੋ ਜਾਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਪਾਣੀ ਦੀ ਸਪਲਾਈ ਦਾ ਪ੍ਰਬੰਧ ਵਾਟਰ ਸਪਲਾਈ ਵਿਭਾਗ ਵੱਲੋਂ ਮਹਿਜ਼ ਦੋ ਮਹੀਨੇ ਪਹਿਲਾਂ ਹੀ ਪੰਚਾਇਤ ਨੂੰ ਸੌਂਪਿਆ ਗਿਆ ਸੀ, ਉਸ ਦੇ ਹਜ਼ਾਰਾਂ ਰੁਪਏ ਦੇ ਬਿੱਲ ਆਉਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਅਤੇ ਸਵਾਲ ਖੜ੍ਹੇ ਹੋ ਰਹੇ ਹਨ। ਪੰਚਾਇਤ ਵੱਲੋਂ ਕਰੀਬ 500 ਪਰਿਵਾਰਾਂ ਨੂੰ ਪਾਣੀ ਦੇ ਬਿੱਲ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ ਕਈ ਪਰਿਵਾਰਾਂ ਨੂੰ 4,000 ਤੋਂ 7,000 ਰੁਪਏ ਤੱਕ ਦੇ ਬਿੱਲ ਮਿਲੇ ਹਨ। ਇਸ ਦੇ ਨਾਲ ਹੀ ਬਿੱਲ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਪਾਣੀ ਦੇ ਕੁਨੈਕਸ਼ਨ ਕੱਟਣ ਦੀ ਦਿੱਤੀ ਗਈ ਚੇਤਾਵਨੀ ਨੇ ਮਾਮਲੇ ਨੂੰ ਹੋਰ ਗਰਮਾ ਦਿੱਤਾ ਹੈ।
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗਰਾਮ ਪੰਚਾਇਤ ਵੱਲੋਂ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਹ ਵਿਧਾਇਕ ਦੀ ਸ਼ਹਿ 'ਤੇ ਹੀ ਹੋ ਰਹੀ ਹੈ।
ਸਿੱਧੂ ਨੇ ਦੱਸਿਆ ਕਿ ਪੰਚਾਇਤ ਦੀ ਕਮੇਟੀ ਵੱਲੋਂ ਲੋਕਾਂ ਨੂੰ ਤਿੰਨ-ਤਿੰਨ ਮਹੀਨਿਆਂ ਦੇ ਪਾਣੀ ਦੇ ਬਿੱਲ ਭੇਜੇ ਗਏ ਹਨ, ਜਿਨ੍ਹਾਂ ਦੀ ਰਕਮ ਹਜ਼ਾਰਾਂ ਰੁਪਏ ਵਿੱਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਣੀ ਬਿੱਲਾਂ ਦੀ ਵਸੂਲੀ ਲਈ ਸਰਪੰਚ ਦੇ ਪਰਿਵਾਰਕ ਮੈਂਬਰ ਹੀ ਘਰ-ਘਰ ਜਾ ਕੇ ਪੈਸੇ ਇਕੱਠੇ ਕਰ ਰਹੇ ਹਨ। ਕੁਝ ਥਾਵਾਂ 'ਤੇ ਪਾਣੀ ਦੇ ਕੁਨੈਕਸ਼ਨ ਕੱਟਣ ਤੋਂ ਬਾਅਦ, ਉਨ੍ਹਾਂ ਨੂੰ ਦੁਬਾਰਾ ਜੋੜਨ (ਰੀ-ਕੁਨੈਕਟ ਕਰਨ) ਬਦਲੇ ਵੀ ਲੋਕਾਂ ਤੋਂ ਹਜ਼ਾਰਾਂ ਰੁਪਏ ਮੰਗਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਜਦੋਂ ਵਾਟਰ ਸਪਲਾਈ ਦਾ ਪ੍ਰਬੰਧ ਪੰਚਾਇਤ ਕੋਲ ਆਏ ਅਜੇ ਮਹਿਜ਼ ਦੋ ਮਹੀਨੇ ਹੋਏ ਹਨ, ਤਾਂ ਤਿੰਨ ਮਹੀਨਿਆਂ ਦੇ ਬਿੱਲ ਕਿਸ ਆਧਾਰ ਅਤੇ ਕਿਸ ਨਿਯਮ ਤਹਿਤ ਤਿਆਰ ਕੀਤੇ ਗਏ ਹਨ?
ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਬਿਲਾਂ ਦਾ ਸਾਰਾ ਹਿਸਾਬ-ਕਿਤਾਬ ਜਨਤਕ ਕੀਤਾ ਜਾਵੇ ਅਤੇ ਇਕੱਠੀ ਕੀਤੀ ਜਾ ਰਹੀ ਰਕਮ ਦੀ ਪ੍ਰਕਿਰਿਆ ਦੀ ਪੜਤਾਲ ਹੋਵੇ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਇਹ ਬਿੱਲ ਕਿਸ ਨਿਯਮ ਨਾਲ ਲਗਾਏ ਗਏ ਹਨ ਅਤੇ ਵਸੂਲਿਆ ਜਾ ਰਿਹਾ ਸਰਕਾਰੀ ਪੈਸਾ ਕਿਸ ਦੇ ਖਾਤੇ ਵਿੱਚ ਜਾ ਰਿਹਾ ਹੈ।
ਉਧਰ, ਜੁਝਾਰ ਨਗਰ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਵਿਰੋਧੀ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰਾ ਕੁੱਝ ਨਿਯਮਾਂ ਤਹਿਤ ਕੀਤਾ ਜਾ ਰਿਹਾ ਹੈ। ਪਾਣੀ ਦੇ ਨਵੇਂ ਕੁਨੈਕਸ਼ਨ ਦੇ 25 ਹਜ਼ਾਰ ਲੈਣ ਅਤੇ ਸੀਵਰੇਜ ਦੇ 20 ਹਜ਼ਾਰ ਲੈਣ ਦੇ ਦੋਸ਼ ਨਿਰ੍ਹਾ ਝੂਠ ਹਨ। ਸਰਪੰਚ ਨੇ ਦੱਸਿਆ ਕਿ ਅੱਧਾ ਪਿੰਡ ਪਾਣੀ ਦਾ ਬਿੱਲ ਦੇ ਰਿਹਾ ਹੈ ਅਤੇ ਅੱਧਾ ਪਿੰਡ ਪੈਸੇ ਨਹੀਂ ਦੇ ਰਿਹਾ ਹੈ। ਜਿਨ੍ਹਾਂ ਵੱਲ ਬਕਾਇਆ ਖੜਾ ਹੈ, ਉਨ੍ਹਾਂ ਨੂੰ ਹੀ ਨੋਟਿਸ ਭੇਜੇ ਜਾ ਰਹੇ ਹਨ। ਨਾਲ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਕਿਸੇ ਨੇ ਬਿੱਲਾਂ ਦਾ ਭੁਗਤਾਨ ਕੀਤਾ ਹੋਇਆ ਹੈ ਤਾਂ ਉਹ ਸਬੂਤ ਦਿਖਾ ਦੇਵੇ ਤਾਂ ਉਸ ਦਾ ਬਿੱਲ ਮੁਆਫ਼ ਕਰ ਦਿੱਤਾ ਜਾਵੇਗਾ।