- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੋਕਲ ਪੁਆਇੰਟ ਦੀਆਂ ਜ਼ਿਆਦਾਤਰ ਸੜਕਾਂ ਖਸਤਾ ਹਾਲ ਹਨ। ਥਾਂ-ਥਾਂ ਪਏ ਖੱਡੇ ਬਰਸਾਤ ਦੌਰਾਨ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਖ਼ਾਸ ਕਰਕੇ ਦੁਪਹੀਆ ਵਾਹਨ ਚਾਲਕਾਂ, ਔਰਤਾਂ ਅਤੇ ਪੈਦਲ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜੇ ਇਸ ਖੇਤਰ ਤੋਂ ਸਭ ਤੋਂ ਵੱਧ ਟੈਕਸ ਵਸੂਲਿਆ ਜਾਂਦਾ ਹੈ ਤਾਂ ਵਿਕਾਸ ਕਾਰਜਾਂ ਨੂੰ ਵੀ ਉਸੇ ਅਨੁਪਾਤ ਵਿੱਚ ਤਰਜੀਹ ਮਿਲਣੀ ਚਾਹੀਦੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਸਭ ਤੋਂ ਵੱਧ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਾ ਮੁਹਾਲੀ ਦਾ ਸਨਅਤੀ ਖੇਤਰ (ਫੋਕਲ ਪੁਆਇੰਟ) ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਹੈ। ਉਦਯੋਗਪਤੀਆਂ ਦਾ ਦਾਅਵਾ ਹੈ ਕਿ ਲੱਖਾਂ-ਕਰੋੜਾਂ ਰੁਪਏ ਦਾ ਟੈਕਸ ਅਦਾ ਕਰਨ ਦੇ ਬਾਵਜੂਦ ਖੇਤਰ ਨੂੰ ਸੜਕਾਂ, ਪਾਰਕਿੰਗ, ਜਨਤਕ ਆਵਾਜਾਈ, ਸਫ਼ਾਈ ਅਤੇ ਸੁਰੱਖਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਇਸ ਕਾਰਨ ਉਦਯੋਗਪਤੀਆਂ ਅਤੇ ਹਜ਼ਾਰਾਂ ਮੁਲਾਜ਼ਮਾਂ ਵਿੱਚ ਸੂਬਾ ਸਰਕਾਰ, ਗਮਾਡਾ ਅਤੇ ਨਗਰ ਨਿਗਮ ਪ੍ਰਤੀ ਨਾਰਾਜ਼ਗੀ ਹੈ।
ਫੋਕਲ ਪੁਆਇੰਟ ਦੀਆਂ ਜ਼ਿਆਦਾਤਰ ਸੜਕਾਂ ਖਸਤਾ ਹਾਲ ਹਨ। ਥਾਂ-ਥਾਂ ਪਏ ਖੱਡੇ ਬਰਸਾਤ ਦੌਰਾਨ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਖ਼ਾਸ ਕਰਕੇ ਦੁਪਹੀਆ ਵਾਹਨ ਚਾਲਕਾਂ, ਔਰਤਾਂ ਅਤੇ ਪੈਦਲ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜੇ ਇਸ ਖੇਤਰ ਤੋਂ ਸਭ ਤੋਂ ਵੱਧ ਟੈਕਸ ਵਸੂਲਿਆ ਜਾਂਦਾ ਹੈ ਤਾਂ ਵਿਕਾਸ ਕਾਰਜਾਂ ਨੂੰ ਵੀ ਉਸੇ ਅਨੁਪਾਤ ਵਿੱਚ ਤਰਜੀਹ ਮਿਲਣੀ ਚਾਹੀਦੀ ਹੈ।
ਪਾਰਕਿੰਗ ਅਤੇ ਜਨਤਕ ਆਵਾਜਾਈ ਦੀ ਘਾਟ ਨਾਲ ਵਧ ਰਹੀਆਂ ਮੁਸ਼ਕਲਾਂ
ਫੋਕਲ ਪੁਆਇੰਟ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਇਸ ਕਾਰਨ ਹਜ਼ਾਰਾਂ ਕਰਮਚਾਰੀ ਆਪਣੇ ਵਾਹਨ ਸੜਕਾਂ ਅਤੇ ਫੁੱਟਪਾਥਾਂ 'ਤੇ ਖੜ੍ਹੇ ਕਰਨ ਲਈ ਮਜਬੂਰ ਹਨ। ਕਈ ਵਪਾਰਕ ਇਮਾਰਤਾਂ ਵਿੱਚ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਾਰਨ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ਿਆਂ, ਢਾਬਿਆਂ, ਰੇਹੜੀਆਂ ਅਤੇ ਫੜ੍ਹੀਆਂ ਕਾਰਨ ਸੜਕਾਂ ਤੰਗ ਹੋ ਜਾਂਦੀਆਂ ਹਨ ਅਤੇ ਦਫ਼ਤਰੀ ਸਮੇਂ ਰੋਜ਼ਾਨਾ ਟ੍ਰੈਫਿਕ ਜਾਮ ਲੱਗਦਾ ਹੈ।
ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਫੋਕਲ ਪੁਆਇੰਟ ਵਰਗੇ ਮਹੱਤਵਪੂਰਨ ਉਦਯੋਗਿਕ ਖੇਤਰ ਵਿੱਚ ਅਜੇ ਤੱਕ ਸਿਟੀ ਬੱਸ ਜਾਂ ਸੀਟੀਯੂ ਸੇਵਾ ਸ਼ੁਰੂ ਨਾ ਹੋਣਾ ਹੈਰਾਨੀਜਨਕ ਹੈ। ਉਦਯੋਗਪਤੀ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਜਨਤਕ ਆਵਾਜਾਈ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਰੋਜ਼ਾਨਾ ਮਹਿੰਗੀਆਂ ਕੈਬਾਂ ਅਤੇ ਆਟੋ ਰਿਕਸ਼ਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਟੀ ਬੱਸ ਸੇਵਾ ਦੇ ਰੂਟ ਵਿੱਚ ਫੋਕਲ ਪੁਆਇੰਟ ਨੂੰ ਸ਼ਾਮਲ ਕੀਤਾ ਜਾਵੇ।
ਸਫ਼ਾਈ, ਰੋਸ਼ਨੀ ਅਤੇ ਸੁਰੱਖਿਆ ਵੀ ਵੱਡੀ ਚਿੰਤਾ
ਸੋਸ਼ਲ ਵਰਕਰ ਅਤੁਲ ਸ਼ਰਮਾ ਨੇ ਦੱਸਿਆ ਕਿ ਫੋਕਲ ਪੁਆਇੰਟ ਦੇ ਪਾਰਕਾਂ ਦੀ ਹਾਲਤ ਖਸਤਾ ਹੈ। ਰੱਖ-ਰਖਾਅ ਦੀ ਘਾਟ ਕਾਰਨ ਝਾੜੀਆਂ ਅਤੇ ਜੰਗਲੀ ਘਾਹ ਨੇ ਪਾਰਕਾਂ ਨੂੰ ਘੇਰ ਲਿਆ ਹੈ। ਕਈ ਥਾਵਾਂ ਸਟਰੀਟ ਲਾਈਟਾਂ ਬੰਦ ਰਹਿੰਦੀਆਂ ਹਨ, ਜਿਸ ਕਾਰਨ ਰਾਤ ਸਮੇਂ ਸਾਰਾ ਇਲਾਕਾ ਹਨੇਰੇ ਵਿੱਚ ਡੁੱਬ ਜਾਂਦਾ ਹੈ। ਇਸ ਦੇ ਨਾਲ ਹੀ ਸਫ਼ਾਈ ਪ੍ਰਬੰਧ ਵੀ ਡਾਵਾਂਡੋਲ ਹੈ ਅਤੇ ਕਈ ਥਾਵਾਂ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ।
‘ਉਦਯੋਗਿਕ ਖੇਤਰ ਦਾ ਆਪਣਾ ਪੁਲਿਸ ਥਾਣਾ ਹੋਣ ਦੇ ਬਾਵਜੂਦ ਨਿਯਮਤ ਪੁਲਿਸ ਗਸ਼ਤ ਨਹੀਂ ਹੁੰਦੀ। ਸ਼ਾਮ ਨੂੰ ਡਿਊਟੀ ਤੋਂ ਬਾਅਦ ਘਰ ਜਾਣ ਵਾਲੀਆਂ ਮਹਿਲਾ ਕਰਮਚਾਰੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਨ੍ਹਾਂ ਸਵੇਰੇ ਅਤੇ ਸ਼ਾਮ ਦੇ ਸਮੇਂ ਵਿਸ਼ੇਸ਼ ਪੁਲਿਸ ਗਸ਼ਤ ਕੀਤੀ ਜਾਵੇ।’ \
-ਆਭਾ ਬਾਂਸਲ, ਚੇਅਰਪਰਸਨ ਅਮੈਯ ਫਾਊਂਡੇਸ਼ਨ।
ਵਿਕਾਸ ਕਾਰਜਾਂ ਨੂੰ ਮਿਲੇਗੀ ਤਰਜੀਹ : ਮੇਅਰ
ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਫੋਕਲ ਪੁਆਇੰਟ ਦੇ ਵਿਕਾਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਨਗਰ ਨਿਗਮ ਉਦਯੋਗਿਕ ਖੇਤਰ ਨੂੰ ਤਰਜੀਹ ਦੇਵੇਗਾ। ਸਿਟੀ ਬੱਸ ਸੇਵਾ ਸ਼ੁਰੂ ਕਰਨ ਦੀ ਯੋਜਨਾ 'ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ, ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ, ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪੁਲਿਸ ਨਾਲ ਤਾਲਮੇਲ ਕੀਤਾ ਜਾਵੇਗਾ।
ਫੋਕਲ ਪੁਆਇੰਟ ਦੀਆਂ ਮੁੱਖ ਸਮੱਸਿਆਵਾਂ
ਟੁੱਟੀਆਂ ਸੜਕਾਂ ਅਤੇ ਬਰਸਾਤ ਦੌਰਾਨ ਜਲ ਭਰਾਅ
ਪਾਰਕਿੰਗ ਦੀ ਢੁੱਕਵੀਂ ਵਿਵਸਥਾ ਨਹੀਂ
ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ
ਸਿਟੀ ਬੱਸ/ਸੀਟੀਯੂ ਸੇਵਾ ਦਾ ਅਭਾਵ
ਸਟਰੀਟ ਲਾਈਟਾਂ ਅਤੇ ਸਫ਼ਾਈ ਪ੍ਰਬੰਧ ਬਦਹਾਲ
ਪਾਰਕਾਂ ਦੀ ਮਾੜੀ ਹਾਲਤ
ਪੁਲਿਸ ਗਸ਼ਤ ਘੱਟ, ਮਹਿਲਾ ਸੁਰੱਖਿਆ ਨੂੰ ਲੈ ਕੇ ਚਿੰਤਾ
ਉਦਯੋਗਪਤੀਆਂ ਦੀ ਮੰਗ: ਟੈਕਸ ਦੇ ਅਨੁਪਾਤ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ