ਹਾਦਸਿਆਂ ਨੂੰ ਸੱਦਾ: ਨਾਜਾਇਜ਼ ਖੜ੍ਹੇ ਭਾਰੀ ਵਾਹਨ ਬਣੇ ਜਾਨਲੇਵਾ; ਸੜਕ ਦੀ ਚੌੜਾਈ ਘਟਣ ਕਾਰਨ ਲੱਗ ਰਹੇ ਲੰਮੇ ਜਾਮ, ਲੋਕਾਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ ਡੇਰਾਬੱਸੀ-ਬਰਵਾਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਭਗਵਾਨਪੁਰ ਨੇੜੇ ਦਰਜਨਾਂ ਉਦਯੋਗਿਕ ਇਕਾਈਆਂ ਦੇ ਬਾਹਰ ਸੜਕ ਕਿਨਾਰੇ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਜਾਂਦੇ ਭਾਰੀ ਵਾਹਨ ਤੇ ਟਰੱਕ ਆਵਾਜਾਈ ’ਚ ਵੱਡਾ ਅੜਿੱਕਾ ਬਣ ਰਹੇ ਹਨ। ਇਸ ਸਮੱਸਿਆ ਕਾਰਨ ਜਿੱਥੇ ਰੋਜ਼ਾਨਾ ਟ੍ਰੈਫਿਕ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ, ਉੱਥੇ ਹੀ ਇਹ ਵਾਹਨ ਅਕਸਰ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।
Publish Date: Wed, 18 Nov 2026 11:19 AM (IST)
Updated Date: Wed, 18 Nov 2026 11:21 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਭਗਵਾਨਪੁਰ ਨੇੜੇ ਦਰਜਨਾਂ ਉਦਯੋਗਿਕ ਇਕਾਈਆਂ ਦੇ ਬਾਹਰ ਸੜਕ ਕਿਨਾਰੇ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਜਾਂਦੇ ਭਾਰੀ ਵਾਹਨ ਤੇ ਟਰੱਕ ਆਵਾਜਾਈ ’ਚ ਵੱਡਾ ਅੜਿੱਕਾ ਬਣ ਰਹੇ ਹਨ। ਇਸ ਸਮੱਸਿਆ ਕਾਰਨ ਜਿੱਥੇ ਰੋਜ਼ਾਨਾ ਟ੍ਰੈਫਿਕ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ, ਉੱਥੇ ਹੀ ਇਹ ਵਾਹਨ ਅਕਸਰ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।
ਇਲਾਕਾ ਨਿਵਾਸੀਆਂ ਤੇ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਭਗਵਾਨਪੁਰ ਨੇੜੇ ਸੜਕ ਦੇ ਦੋਵੇਂ ਪਾਸੇ ਕਈ ਵੱਡੀਆਂ ਫੈਕਟਰੀਆਂ ਸਥਿਤ ਹਨ। ਇਨ੍ਹਾਂ ਫੈਕਟਰੀਆਂ ’ਚ ਮਾਲ ਲੋਡ ਤੇ ਅਣਲੋਡ ਕਰਨ ਲਈ ਆਉਣ ਵਾਲੇ ਟਰੱਕਾਂ ਤੇ ਟਰਾਲਿਆਂ ਦੇ ਚਾਲਕ ਆਪਣੇ ਵਾਹਨ ਫੈਕਟਰੀਆਂ ਦੇ ਅੰਦਰ ਖੜ੍ਹੇ ਕਰਨ ਦੀ ਬਜਾਏ ਮੁੱਖ ਸੜਕ ਦੇ ਕਿਨਾਰਿਆਂ ’ਤੇ ਹੀ ਖੜ੍ਹੇ ਕਰ ਦਿੰਦੇ ਹਨ।
ਇਸ ਕਾਰਨ ਸੜਕ ਦੀ ਚੌੜਾਈ ਕਾਫ਼ੀ ਘੱਟ ਜਾਂਦੀ ਹੈ ਅਤੇ ਸਾਹਮਣਿਓਂ ਆਉਂਦੇ ਵਾਹਨਾਂ ਨੂੰ ਕਰਾਸ ਕਰਨ ਲਈ ਜਗ੍ਹਾ ਨਹੀਂ ਬਚਦੀ। ਸਭ ਤੋਂ ਵੱਧ ਪਰੇਸ਼ਾਨੀ ਦੁਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਝੱਲਣੀ ਪੈ ਰਹੀ ਹੈ। ਰਾਤ ਦੇ ਸਮੇਂ ਹਨੇਰੇ ’ਚ ਸੜਕ ਕਿਨਾਰੇ ਬਿਨਾਂ ਰਿਫਲੈਕਟਰਾਂ ਜਾਂ ਪਾਰਕਿੰਗ ਲਾਈਟਾਂ ਤੋਂ ਖੜ੍ਹੇ ਇਹ ਭਾਰੀ ਵਾਹਨ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਕਈ ਵਾਰ ਵਾਹਨ ਚਾਲਕ ਇਨ੍ਹਾਂ ’ਚ ਵੱਜ ਕੇ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸਕੂਲੀ ਬੱਸਾਂ ਤੇ ਐਂਬੂਲੈਂਸਾਂ ਨੂੰ ਵੀ ਇਸ ਜਾਮ ’ਚੋਂ ਨਿਕਲਣ ਲਈ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ।
ਫੈਕਟਰੀ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ, ਪਰ ਕੋਈ ਅਸਰ ਨਹੀਂ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਈ ਵਾਰ ਫੈਕਟਰੀ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਅਸਰ ਨਹੀਂ ਹੋਇਆ। ਇਲਾਕਾ ਨਿਵਾਸੀਆਂ ਨੇ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਨਾਜਾਇਜ਼ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਫੈਕਟਰੀ ਪ੍ਰਬੰਧਕਾਂ ਨੂੰ ਆਪਣੇ ਵਾਹਨ ਅੰਦਰ ਖੜ੍ਹੇ ਕਰਨ ਦੀ ਹਦਾਇਤ ਦਿੱਤੀ ਜਾਵੇ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।