- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
11 ਜੁਲਾਈ 2018 ਨੂੰ ਸਰਬਜੀਤ ਕੌਰ ਨੇ ਫ਼ੋਨ ’ਤੇ ਆਪਣੇ ਭਰਾ ਚੇਤਨ ਸਿੰਘ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਨੇ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਸ ਨੇ ਭਰਾ ਨੂੰ ਸਹੁਰੇ ਘਰੋਂ ਲੈ ਜਾਣ ਦੀ ਗੁਹਾਰ ਲਗਾਈ ਸੀ। ਅਗਲੇ ਦਿਨ 12 ਜੁਲਾਈ ਨੂੰ ਚੇਤਨ ਨੇ ਕਈ ਵਾਰ ਭੈਣ ਨੂੰ ਫ਼ੋਨ ਕੀਤਾ, ਪਰ ਸੰਪਰਕ ਨਹੀਂ ਹੋ ਸਕਿਆ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ: ਲਗਪਗ 8 ਸਾਲ ਪੁਰਾਣੇ ਪਤਨੀ ਦੇ ਕਤਲ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਪਤੀ ਜਸਮਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮ੍ਰਿਤਕਾ ਦੀ ਨਨਾਣ ਦਲਵੀਰ ਕੌਰ ਅਤੇ ਜਠਾਣੀ ਸੁਰਿੰਦਰ ਕੌਰ ਨੂੰ ਬਰੀ ਕਰ ਦਿੱਤਾ ਹੈ। ਮਾਮਲੇ ਦੇ ਇੱਕ ਹੋਰ ਮੁਲਜ਼ਮ ਗੁਰਮੇਲ ਸਿੰਘ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ।
ਮੁਹਾਲੀ ਦੀ ਅਦਾਲਤ ਨੇ ਪਿੰਡ ਹੁਲਕਾ (ਬਨੂੜ) ਦੇ ਵਸਨੀਕ ਜਸਮਿੰਦਰ ਸਿੰਘ ਉਰਫ਼ ਜੱਸ ਨੂੰ ਦੋਸ਼ੀ ਕਰਾਰ ਦਿੰਦਿਆਂ ਧਾਰਾ 302 ਤਹਿਤ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਧਾਰਾ 498-ਏ ਤਹਿਤ 3 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।
14 ਸਾਲ ਪਹਿਲਾਂ ਹੋਇਆ ਸੀ ਵਿਆਹ
ਸ਼ਿਕਾਇਤਕਰਤਾ ਚੇਤਨ ਸਿੰਘ ਨੇ ਬਨੂੜ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਕਰੀਬ 14 ਸਾਲ ਪਹਿਲਾਂ ਪਿੰਡ ਹੁਲਕਾ ਦੇ ਵਸਨੀਕ ਜਸਮਿੰਦਰ ਸਿੰਘ ਨਾਲ ਹੋਇਆ ਸੀ। ਦੋਵਾਂ ਦਾ ਇੱਕ ਪੁੱਤਰ ਕਰਮਵੀਰ ਸਿੰਘ ਹੈ, ਜਿਸ ਦੀ ਉਮਰ ਉਸ ਸਮੇਂ ਲਗਭਗ 13 ਸਾਲ ਸੀ।
ਸ਼ਿਕਾਇਤ ਮੁਤਾਬਕ ਵਿਆਹ ਤੋਂ ਬਾਅਦ ਤੋਂ ਹੀ ਜਸਮਿੰਦਰ ਸਿੰਘ ਸਰਬਜੀਤ ਕੌਰ ਨੂੰ ਤੰਗ-ਪਰੇਸ਼ਾਨ ਕਰਦਾ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ। ਕਈ ਵਾਰ ਉਸ ਨੂੰ ਘਰੋਂ ਵੀ ਕੱਢ ਦਿੱਤਾ ਗਿਆ ਸੀ। ਪਰਿਵਾਰ ਅਤੇ ਪੰਚਾਇਤ ਦੇ ਦਖ਼ਲ ਤੋਂ ਬਾਅਦ ਉਸ ਨੂੰ ਮੁੜ ਸਹੁਰੇ ਘਰ ਭੇਜਿਆ ਗਿਆ, ਪਰ ਪਤੀ ਦੇ ਰਵੱਈਏ ਵਿੱਚ ਕੋਈ ਤਬਦੀਲੀ ਨਹੀਂ ਆਈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਜਸਮਿੰਦਰ ਸਿੰਘ ਦੇ ਆਪਣੀ ਭਾਬੀ ਨਾਲ ਸਬੰਧ ਸਨ। ਜਦੋਂ ਸਰਬਜੀਤ ਕੌਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਸ਼ਿਕਾਇਤ ਵਿੱਚ ਦਲਵੀਰ ਕੌਰ ਅਤੇ ਉਸ ਦੇ ਪਤੀ ਗੁਰਮੇਲ ਸਿੰਘ ’ਤੇ ਵੀ ਮੁਲਜ਼ਮ ਦਾ ਸਾਥ ਦੇਣ ਦੇ ਦੋਸ਼ ਲਾਏ ਗਏ ਸਨ। ਇਸ ਤੋਂ ਇਲਾਵਾ ਦਾਜ ਦੀ ਮੰਗ ਅਤੇ ਮੰਗ ਪੂਰੀ ਨਾ ਹੋਣ ’ਤੇ ਸਰਬਜੀਤ ਕੌਰ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਸੀਹੇ ਦੇਣ ਦੀ ਗੱਲ ਵੀ ਕਹੀ ਗਈ ਸੀ।
ਫ਼ੋਨ ’ਤੇ ਭਰਾ ਤੋਂ ਮੰਗੀ ਸੀ ਮਦਦ, ਅਗਲੇ ਦਿਨ ਹੋਈ ਮੌਤ
11 ਜੁਲਾਈ 2018 ਨੂੰ ਸਰਬਜੀਤ ਕੌਰ ਨੇ ਫ਼ੋਨ ’ਤੇ ਆਪਣੇ ਭਰਾ ਚੇਤਨ ਸਿੰਘ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਨੇ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਸ ਨੇ ਭਰਾ ਨੂੰ ਸਹੁਰੇ ਘਰੋਂ ਲੈ ਜਾਣ ਦੀ ਗੁਹਾਰ ਲਗਾਈ ਸੀ। ਅਗਲੇ ਦਿਨ 12 ਜੁਲਾਈ ਨੂੰ ਚੇਤਨ ਨੇ ਕਈ ਵਾਰ ਭੈਣ ਨੂੰ ਫ਼ੋਨ ਕੀਤਾ, ਪਰ ਸੰਪਰਕ ਨਹੀਂ ਹੋ ਸਕਿਆ।
ਸ਼ਾਮ ਕਰੀਬ 7 ਵਜੇ ਉਸ ਨੇ ਗੁਰਮੇਲ ਸਿੰਘ ਨੂੰ ਫ਼ੋਨ ਕੀਤਾ। ਫ਼ੋਨ ਦਲਵੀਰ ਕੌਰ ਨੇ ਚੁੱਕਿਆ ਅਤੇ ਦੱਸਿਆ ਕਿ ਸਰਬਜੀਤ ਕੌਰ ਨੂੰ ਸੈਕਟਰ-32 ਹਸਪਤਾਲ, ਚੰਡੀਗੜ੍ਹ ਲਿਜਾਇਆ ਜਾ ਰਿਹਾ ਹੈ ਕਿਉਂਕਿ ਉਹ ਬੋਲ ਨਹੀਂ ਪਾ ਰਹੀ ਸੀ। ਹਾਲਾਂਕਿ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਜਦੋਂ ਸਾਬਕਾ ਸਰਪੰਚ ਦੇ ਨਾਲ ਜੀ.ਐਮ.ਸੀ.ਐਚ.-32 ਦੇ ਮੁਰਦਾਘਰ ਪਹੁੰਚਿਆ ਤਾਂ ਉਸ ਨੇ ਭੈਣ ਦੀ ਗਰਦਨ 'ਤੇ ਨਿਸ਼ਾਨ ਦੇਖੇ। ਇਸ ਤੋਂ ਬਾਅਦ ਬਨੂੜ ਪੁਲਿਸ ਨੇ ਪਤੀ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਕਤਲ, ਦਾਜ ਤਸੀਹੇ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਅਦਾਲਤ ਨੇ ਪਤੀ ਨੂੰ ਕਤਲ ਅਤੇ ਤਸੀਹੇ ਦੇਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਹੈ।