ਅੱਧੀ ਰਾਤ ਨੂੰ ਹਾਈ ਵੋਲਟੇਜ ਡਰਾਮਾ: ਸਹੁਰਿਆਂ ਤੋਂ ਤੰਗ ਆ ਕੇ ਅੱਧੀ ਰਾਤ ਟਾਵਰ 'ਤੇ ਚੜ੍ਹਿਆ ਨੌਜਵਾਨ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਮੁਹਾਲੀ ਵਿੱਚ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇੱਕ ਨੌਜਵਾਨ ਅੱਧੀ ਰਾਤ ਨੂੰ ਬੀਐੱਸਐੱਨਐੱਲ ਐਕਸਚੇਂਜ ਦੇ ਉੱਚੇ ਟਾਵਰ 'ਤੇ ਚੜ੍ਹ ਗਿਆ। ਟਾਵਰ 'ਤੇ ਚੜ੍ਹਨ ਤੋਂ ਬਾਅਦ ਨੌਜਵਾਨ ਨੇ ਉੱਪਰੋਂ ਹੀ ਖੁਦਕੁਸ਼ੀ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ।
Publish Date: Tue, 16 Jun 2026 11:35 AM (IST)
Updated Date: Tue, 16 Jun 2026 11:37 AM (IST)

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਵਿੱਚ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇੱਕ ਨੌਜਵਾਨ ਅੱਧੀ ਰਾਤ ਨੂੰ ਬੀਐੱਸਐੱਨਐੱਲ ਐਕਸਚੇਂਜ ਦੇ ਉੱਚੇ ਟਾਵਰ 'ਤੇ ਚੜ੍ਹ ਗਿਆ। ਟਾਵਰ 'ਤੇ ਚੜ੍ਹਨ ਤੋਂ ਬਾਅਦ ਨੌਜਵਾਨ ਨੇ ਉੱਪਰੋਂ ਹੀ ਖੁਦਕੁਸ਼ੀ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ।
ਨੌਜਵਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਕਿਸੇ ਦੂਸਰੇ ਲੜਕੇ ਨਾਲ ਚੈਟਿੰਗ ਕਰਦੇ ਹੋਏ ਰੰਗੇ ਹੱਥੀਂ ਫੜਿਆ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਪਤੀ-ਪਤਨੀ ਵਿਚਾਲੇ ਕਾਫੀ ਵਿਵਾਦ ਸ਼ੁਰੂ ਹੋ ਗਿਆ। ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਪਤਨੀ ਘਰੋਂ ਉਸ ਦੇ ਬੇਟੇ ਅਤੇ ਡੇਢ ਲੱਖ ਰੁਪਏ ਨਕਦ ਲੈ ਕੇ ਚਲੀ ਗਈ ਹੈ। ਜਦੋਂ ਉਹ ਇਸ ਬਾਰੇ ਗੱਲ ਕਰਨ ਗਿਆ ਤਾਂ ਸਹੁਰਾ ਪੱਖ ਉਸ ਦੀ ਕੋਈ ਮਦਦ ਨਹੀਂ ਕਰ ਰਿਹਾ ਅਤੇ ਉਲਟਾ ਉਸ ਦੀ ਪਤਨੀ ਨੂੰ ਲੁਕਾ ਕੇ ਰੱਖ ਰਿਹਾ ਹੈ। ਨੌਜਵਾਨ ਮੁਤਾਬਕ, ਸਹੁਰੇ ਵਾਲੇ ਪਹਿਲਾਂ ਵੀ ਕਈ ਵਾਰ ਉਸਦੀ ਪਤਨੀ ਨੂੰ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਉਸ ਨੂੰ ਇਸ ਦੀ ਜਾਣਕਾਰੀ ਤੱਕ ਨਹੀਂ ਦਿੰਦੇ ਸਨ।
ਸਵੇਰ ਤੱਕ ਡਟਿਆ ਰਿਹਾ ਨੌਜਵਾਨ
ਟਾਵਰ ਦੇ ਬਿਲਕੁਲ ਉੱਪਰ ਬੈਠ ਕੇ ਨੌਜਵਾਨ ਨੇ ਇੱਕ ਵੀਡੀਓ ਵੀ ਬਣਾਈ, ਜੋ ਸਾਹਮਣੇ ਆਈ ਹੈ। ਨੌਜਵਾਨ ਦੀ ਪਛਾਣ ਸੋਨੀ ਸਿੰਘ (36 ਸਾਲ) ਵਜੋਂ ਹੋਈ ਹੈ, ਜੋ ਕਿ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਏਸੀ ਰਿਪੇਅਰਿੰਗ ਦਾ ਕੰਮ ਕਰਦਾ ਹੈ। ਰਾਤ ਭਰ ਪ੍ਰਸ਼ਾਸਨਿਕ ਅਧਿਕਾਰੀ ਉਸਨੂੰ ਸਮਝਾ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਸਵੇਰ ਤੱਕ ਟਾਵਰ 'ਤੇ ਹੀ ਡਟਿਆ ਰਿਹਾ।