ਮੁਹਾਲੀ ’ਚ ਸੜਕ ’ਤੇ ਡਿੱਗਿਆ ਭਾਰੀ ਦਰੱਖਤ, ਵੱਡਾ ਹਾਦਸਾ ਟਲ਼ਿਆ; ਆਵਾਜਾਈ ਹੋਈ ਪ੍ਰਭਾਵਿਤ
ਮੁਹਾਲੀ ’ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਭਾਵੇਂ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਜ਼ਰੂਰ ਮਿਲੀ ਹੈ ਪਰ ਨਾਲ ਹੀ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ। ਇਸੇ ਦੌਰਾਨ ਸ਼ੁੱਕਰਵਾਰ ਨੂੰ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ, ਜਦੋਂ ਫੇਜ਼-2 ਅਤੇ ਫੇਜ਼-4 ਨੂੰ ਆਪਸ ’ਚ ਵੰਡਣ ਵਾਲੀ ਮੁੱਖ ਸੜਕ ’ਤੇ ਅਚਾਨਕ ਇਕ ਬਹੁਤ ਪੁਰਾਣਾ ਅਤੇ ਭਾਰੀ ਦਰੱਖਤ ਜੜ੍ਹੋਂ ਉਖੜ ਕੇ ਸੜਕ ਦੇ ਵਿਚਕਾਰ ਡਿੱਗ ਗਿਆ। ਜਿਸ ਕਾਰਨ ਇਸ ਸੜਕ ਉੱਤੇ ਕਾਫ਼ੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਹੈ।
Publish Date: Sat, 11 Jul 2026 12:56 PM (IST)
Updated Date: Sat, 11 Jul 2026 01:00 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ’ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਭਾਵੇਂ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਜ਼ਰੂਰ ਮਿਲੀ ਹੈ ਪਰ ਨਾਲ ਹੀ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ।
ਇਸੇ ਦੌਰਾਨ ਸ਼ੁੱਕਰਵਾਰ ਨੂੰ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ, ਜਦੋਂ ਫੇਜ਼-2 ਅਤੇ ਫੇਜ਼-4 ਨੂੰ ਆਪਸ ’ਚ ਵੰਡਣ ਵਾਲੀ ਮੁੱਖ ਸੜਕ ’ਤੇ ਅਚਾਨਕ ਇਕ ਬਹੁਤ ਪੁਰਾਣਾ ਅਤੇ ਭਾਰੀ ਦਰੱਖਤ ਜੜ੍ਹੋਂ ਉਖੜ ਕੇ ਸੜਕ ਦੇ ਵਿਚਕਾਰ ਡਿੱਗ ਗਿਆ। ਜਿਸ ਕਾਰਨ ਇਸ ਸੜਕ ਉੱਤੇ ਕਾਫ਼ੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਹੈ।
ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ ਨਿਆ ਸ਼ਹਿਰ ਅਤੇ ਪੁੱਡਾ ਦੇ ਸੇਵਾਮੁਕਤ ਐਕਸੀਅਨ ਐੱਨਐੱਸ ਕਲਸੀ ਨੇ ਦੱਸਿਆ ਕਿ ਭਾਰੀ ਦਰੱਖਤ ਡਿੱਗਣ ਕਾਰਨ ਦੋਵਾਂ ਫੇਜ਼ਾਂ ਨੂੰ ਜੋੜਨ ਵਾਲੀ ਮੁੱਖ ਸੜਕ ਦਾ ਇਕ ਹਿੱਸਾ ਪੂਰੀ ਤਰ੍ਹਾਂ ਬਲਾਕ ਹੋ ਗਿਆ ਹੈ। ਜਿਸ ਕਾਰਨ ਪੀਟੀਐੱਲ ਚੌਕ ਅਤੇ ਡਿਪਲਾਸਟ ਚੌਕ ’ਤੇ ਜਾਮ ਵਰਗੀ ਸਥਿਤੀ ਬਣ ਗਈ। ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਨੂੰ ਦੂਜੇ ਰਸਤਿਆਂ ਰਾਹੀਂ ਡਾਇਵਰਟ ਕਰਨਾ ਪਿਆ।
ਰਾਹਤ ਦੀ ਗੱਲ ਇਹ ਰਹੀ ਕਿ ਜਿਸ ਵੇਲੇ ਇਹ ਦਰੱਖਤ ਡਿੱਗਿਆ, ਉਸ ਵੇਲੇ ਸੜਕ 'ਤੇ ਕੋਈ ਵਾਹਨ ਹੇਠਾਂ ਨਹੀਂ ਸੀ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਹਾਲਾਂਕਿ, ਸੜਕ ਕਿਨਾਰੇ ਖੜ੍ਹੀਆਂ ਇਕ-ਦੋ ਗੱਡੀਆਂ ਦੇ ਇਸ ਦੀ ਲਪੇਟ ਵਿਚ ਆਉਣ ਦੀ ਖ਼ਬਰ ਹੈ।
ਸੜਕਾਂ ਤੇ ਰਿਹਾਇਸ਼ੀ ਖੇਤਰਾਂ ’ਚ ਖੜ੍ਹੇ ਹਨ ਉੱਚੇ ਦਰੱਖਤ
ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਸ਼ਹਿਰ ਵਿਚ ਜ਼ਿਆਦਾਤਰ ਸੜਕਾਂ ਅਤੇ ਰਿਹਾਇਸ਼ੀ ਖੇਤਰ ਵਿਚ ਬਹੁਤ ਪੁਰਾਣੇ ਅਤੇ ਕਾਫ਼ੀ ਉੱਚੇ ਦਰੱਖਤ ਖੜ੍ਹੇ ਹਨ। ਇਨ੍ਹਾਂ ’ਚੋਂ ਵੱਡੀ ਗਿਣਤੀ ਵਿਚ ਰੁੱਖਾਂ ਦੇ ਤਣੇ ਅੰਦਰੋਂ ਖੋਖਲੇ ਹੋ ਚੁੱਕੇ ਹਨ। ਤੇਜ਼ ਹਵਾਵਾਂ ਅਤੇ ਹਨੇਰੀ ਚੱਲਣ ਨਾਲ ਇਨ੍ਹਾਂ ਦਰੱਖਤਾਂ ਦੇ ਟੁੱਟ ਕੇ ਡਿੱਗਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿਛਲੇ ਸਮੇਂ ਦੌਰਾਨ ਵੀ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ। ਲਿਹਾਜ਼ਾ ਨਗਰ ਨਿਗਮ ਅਤੇ ਗਮਾਡਾ ਨੂੰ ਹੁਣ ਇਸ ਸਬੰਧੀ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਹਰ ਸਾਲ ਤੇਜ਼ ਮੀਂਹ ਤੇ ਤੇਜ਼ ਹਵਾਵਾਂ ਕਾਰਨ ਡਿੱਗਦੇ ਹਨ ਰੁੱਖ
ਵਾਤਾਵਰਣ ਪ੍ਰੇਮੀ ਗੁਰਮੇਲ ਸਿੰਘ ਮੌਜੇਵਾਲ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਹਰੇਕ ਸਾਲ ਭਾਰੀ ਬਾਰਿਸ਼ ਹੋਣ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਸ਼ਹਿਰ ਵਿਚ ਦਰੱਖਤ ਡਿੱਗ ਜਾਂਦੇ ਹਨ। ਕੁੱਝ ਸਮਾਂ ਪਹਿਲਾਂ ਵੀ ਹਨ੍ਹੇਰੀ ਝੱਖੜ ਕਾਰਨ ਸ਼ਹਿਰ ਵਿਚ ਕਾਫ਼ੀ ਥਾਵਾਂ ’ਤੇ ਵਾਹਨਾਂ ਅਤੇ ਬਿਜਲੀ ਦੀਆਂ ਤਾਰਾਂ ਉੱਤੇ ਦਰੱਖਤ ਡਿੱਗਣ ਕਾਰਨ ਆਮ ਨਾਗਰਿਕਾਂ ਦੇ ਨਾਲ-ਨਾਲ ਪਾਵਰਕਾਮ ਨੂੰ ਵੀ ਵਿੱਤੀ ਨੁਕਸਾਨ ਹੋਇਆ ਸੀ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿਚ ਪੁਰਾਣੇ ਅਤੇ ਉੱਚੇ ਦਰੱਖਤਾਂ ਦੀ ਛੰਗਾਈ ਕੀਤੀ ਜਾਵੇ।