ਖੁਸ਼ਖ਼ਬਰੀ: ਪੰਜਾਬ ਦੇ ਸਰਕਾਰੀ ਸਕੂਲਾਂ 'ਚ 1013 ਲੈਕਚਰਾਰਾਂ ਦੀ ਭਰਤੀ, ਬੇਰੁਜ਼ਗਾਰ ਨੌਜਵਾਨਾਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਦਰਵਾਜ਼ੇ; ਸਿੱਖਿਆ ਢਾਂਚੇ 'ਚ ਹੋਵੇਗਾ ਸੁਧਾਰ
ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਡਾਇਰੈਕਟੋਰੇਟ ਨੇ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੈਕਚਰਾਰਾਂ ਦੀ ਘਾਟ ਦੂਰ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਿਆ ਹੈ। ਵਿਭਾਗ ਵੱਲੋਂ 1013 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ 829 ਨਵੀਆਂ ਨਿਯਮਤ ਅਤੇ 184 ਬੈਕਲਾਗ ਅਸਾਮੀਆਂ ਸ਼ਾਮਲ ਹਨ।
Publish Date: Tue, 23 Jun 2026 09:18 AM (IST)
Updated Date: Tue, 23 Jun 2026 09:19 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ - ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਡਾਇਰੈਕਟੋਰੇਟ ਨੇ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੈਕਚਰਾਰਾਂ ਦੀ ਘਾਟ ਦੂਰ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਿਆ ਹੈ। ਵਿਭਾਗ ਵੱਲੋਂ 1013 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ 829 ਨਵੀਆਂ ਨਿਯਮਤ ਅਤੇ 184 ਬੈਕਲਾਗ ਅਸਾਮੀਆਂ ਸ਼ਾਮਲ ਹਨ।
ਇਸ ਭਰਤੀ ਨਾਲ ਨਾ ਸਿਰਫ਼ ਲੰਬੇ ਸਮੇਂ ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਪੋਸਟ-ਗਰੈਜੂਏਟ ਅਤੇ ਬੀਐੱਡ ਪਾਸ ਨੌਜਵਾਨਾਂ ਨੂੰ ਮੌਕਾ ਮਿਲੇਗਾ, ਸਗੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਵੀ ਕਾਫ਼ੀ ਹੱਦ ਤੱਕ ਦੂਰ ਹੋਵੇਗੀ। ਬੈਕਲਾਗ ਅਸਾਮੀਆਂ ਭਰਨ ਨਾਲ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਮੌਜੂਦਾ ਸਮੇਂ ਵਿੱਚ ਕਈ ਸਰਕਾਰੀ ਸਕੂਲ ਅੰਗਰੇਜ਼ੀ, ਪੰਜਾਬੀ, ਇਤਿਹਾਸ, ਰਾਜਨੀਤੀ ਸ਼ਾਸਤਰ, ਕਾਮਰਸ, ਗਣਿਤ ਅਤੇ ਸਾਇੰਸ ਵਿਸ਼ਿਆਂ ਦੇ ਲੈਕਚਰਾਰਾਂ ਦੀ ਘਾਟ ਨਾਲ ਜੂਝ ਰਹੇ ਹਨ। ਨਵੀਆਂ ਭਰਤੀਆਂ ਨਾਲ ਸਕੂਲਾਂ ਵਿੱਚ ਸਟਾਫ਼ ਦਾ ਸੰਤੁਲਨ ਬਣੇਗਾ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਤੋਂ ਨਿਯਮਤ ਪੜ੍ਹਾਈ ਦਾ ਲਾਭ ਮਿਲੇਗਾ।
ਵਿਦਿਆਰਥੀਆਂ ਨੂੰ ਮਿਲੇਗੀ ਵਧੀਆ ਗਾਈਡੈਂਸ
ਸਾਇੰਸ ਅਤੇ ਕਾਮਰਸ ਦੇ ਵਿਦਿਆਰਥੀਆਂ ਲਈ ਇਹ ਭਰਤੀ ਵਿਸ਼ੇਸ਼ ਤੌਰ ’ਤੇ ਲਾਹੇਵੰਦ ਸਾਬਤ ਹੋਵੇਗੀ। ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਗਣਿਤ ਵਰਗੇ ਵਿਸ਼ਿਆਂ ਦੇ ਮਾਹਰ ਲੈਕਚਰਾਰ ਮਿਲਣ ਨਾਲ ਜੇਈਈ, ਨੀਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਹੀ ਵਧੀਆ ਮਾਰਗਦਰਸ਼ਨ ਮਿਲ ਸਕੇਗਾ।
ਸਰਕਾਰੀ ਸਕੂਲਾਂ ਦਾ ਨਤੀਜਾ ਹੋਵੇਗਾ ਬਿਹਤਰ
ਹਰ ਵਿਸ਼ੇ ਲਈ ਮਾਹਰ ਲੈਕਚਰਾਰ ਉਪਲਬਧ ਹੋਣ ਨਾਲ ਵਿਦਿਆਰਥੀਆਂ ਦੀਆਂ ਨਿਯਮਤ ਕਲਾਸਾਂ ਲੱਗਣਗੀਆਂ ਅਤੇ ਸਾਲਾਨਾ ਨਤੀਜਿਆਂ ਵਿੱਚ ਵੀ ਸੁਧਾਰ ਆਉਣ ਦੀ ਉਮੀਦ ਹੈ। ਇਸ ਨਾਲ ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ’ਤੇ ਵਾਧੂ ਬੋਝ ਵੀ ਘਟੇਗਾ।
23 ਜੂਨ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ
ਭਰਤੀ ਡਾਇਰੈਕਟੋਰੇਟ ਦੇ ਇੰਚਾਰਜ ਹਰਪ੍ਰੀਤ ਸਿੰਘ ਅਨੁਸਾਰ 23 ਜੂਨ ਨੂੰ ਵਿਸਥਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਯੋਗਤਾ, ਕੈਟਾਗਰੀਵਾਰ ਅਸਾਮੀਆਂ ਅਤੇ ਹੋਰ ਵੇਰਵੇ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਜਾਣਗੇ। ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ।
ਅਫ਼ਵਾਹਾਂ ਤੋਂ ਬਚਣ ਦੀ ਅਪੀਲ
ਸੁਪਰਡੈਂਟ ਸੰਜੀਵ ਸ਼ਰਮਾ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਭਰਤੀ ਸਬੰਧੀ ਸਿਰਫ਼ ਸਿੱਖਿਆ ਵਿਭਾਗ ਦੀ ਅਧਿਕਾਰਤ ਜਾਣਕਾਰੀ ’ਤੇ ਹੀ ਭਰੋਸਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਜਾਂ ਯੂਟਿਊਬ ’ਤੇ ਫੈਲ ਰਹੀ ਅਪ੍ਰਮਾਣਿਤ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਵਿਸ਼ਾਵਾਰ ਨਵੀਆਂ ਅਸਾਮੀਆਂ
ਇਤਿਹਾਸ 200, ਪੋਲੀਟੀਕਲ ਸਾਇੰਸ 118, ਅੰਗਰੇਜ਼ੀ 111, ਗਣਿਤ 91, ਪੰਜਾਬੀ 71, ਕਾਮਰਸ 71, ਫਿਜ਼ਿਕਸ 46, ਅਰਥ ਸ਼ਾਸਤਰ 35, ਕੈਮਿਸਟਰੀ 28, ਹਿੰਦੀ 25, ਬਾਇਓਲੋਜੀ 25 ਅਤੇ ਜੌਗਰਾਫੀ 8 ਅਸਾਮੀਆਂ।
ਵਿਸ਼ਾਵਾਰ ਬੈਕਲਾਗ ਅਸਾਮੀਆਂ
ਅੰਗਰੇਜ਼ੀ 30, ਕਾਮਰਸ 27, ਪੰਜਾਬੀ 26, ਅਰਥ ਸ਼ਾਸਤਰ 15, ਗਣਿਤ 14, ਪੋਲੀਟੀਕਲ ਸਾਇੰਸ 13, ਕੈਮਿਸਟਰੀ 13, ਬਾਇਓਲੋਜੀ 12, ਫਿਜ਼ਿਕਸ 12, ਇਤਿਹਾਸ 10, ਜੌਗਰਾਫੀ 6 ਅਤੇ ਹਿੰਦੀ 4 ਅਸਾਮੀਆਂ।