
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਅੰਦਰੂਨੀ ਗਲੀਆਂ ਤੱਕ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਵਿਵਸਥਾ ਦੀ ਹਾਲਤ ਇਸ ਕਦਰ ਵਿਗੜ ਚੁੱਕੀ ਹੈ ਕਿ ਬਿਸ਼ਨਪੁਰਾ ਅਤੇ ਪੀਰਮੁਛੱਲਾ ਸਥਿਤ ਡੰਪਿੰਗ ਪੁਆਇੰਟਾਂ 'ਤੇ ਕੂੜੇ ਦੇ ਵੱਡੇ-ਵੱਡੇ ਪਹਾੜ ਖੜ੍ਹੇ ਹੋ ਗਏ ਹਨ, ਜਿਸ ਨਾਲ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿਚ ਲੋਕਾਂ ਦਾ ਰਹਿਣਾ ਦੂਭਰ ਹੋ ਗਿਆ ਹੈ।

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਵੱਲੋਂ ਸ਼ਹਿਰ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ਦੇ ਕੀਤੇ ਜਾ ਰਹੇ ਤਮਾਮ ਦਾਅਵੇ ਮਹਿਜ਼ ਕਾਗ਼ਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਸ਼ਹਿਰ ਵਿਚੋਂ ਰੋਜ਼ਾਨਾ ਕੂੜਾ ਚੁੱਕਣ, ਉਸ ਨੂੰ ਨਿਰਧਾਰਤ ਡੰਪਿੰਗ ਪੁਆਇੰਟਾਂ ਤੱਕ ਪਹੁੰਚਾਉਣ ਅਤੇ ਵਿਗਿਆਨਿਕ ਤਰੀਕੇ ਨਾਲ ਨਿਪਟਾਰਾ ਕਰਨ ਲਈ ਕੌਂਸਲ ਵੱਲੋਂ ਇਕ ਨਿੱਜੀ ਕੰਪਨੀ ਨੂੰ ਟੈਂਡਰ ਅਲਾਟ ਕੀਤਾ ਗਿਆ ਹੈ।
ਇਸ ਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਅੰਦਰੂਨੀ ਗਲੀਆਂ ਤੱਕ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਵਿਵਸਥਾ ਦੀ ਹਾਲਤ ਇਸ ਕਦਰ ਵਿਗੜ ਚੁੱਕੀ ਹੈ ਕਿ ਬਿਸ਼ਨਪੁਰਾ ਅਤੇ ਪੀਰਮੁਛੱਲਾ ਸਥਿਤ ਡੰਪਿੰਗ ਪੁਆਇੰਟਾਂ 'ਤੇ ਕੂੜੇ ਦੇ ਵੱਡੇ-ਵੱਡੇ ਪਹਾੜ ਖੜ੍ਹੇ ਹੋ ਗਏ ਹਨ, ਜਿਸ ਨਾਲ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿਚ ਲੋਕਾਂ ਦਾ ਰਹਿਣਾ ਦੂਭਰ ਹੋ ਗਿਆ ਹੈ।
ਸੂਤਰਾਂ ਅਨੁਸਾਰ ਬਿਸ਼ਨਪੁਰਾ ਸਥਿਤ ਡੰਪਿੰਗ ਗਰਾਊਂਡ ਵਿਚ ਹਾਲਾਤ ਸਭ ਤੋਂ ਵੱਧ ਚਿੰਤਾਜਨਕ ਬਣੇ ਹੋਏ ਹਨ। ਇੱਥੇ ਪਹਿਲਾਂ ਤੋਂ ਮੌਜੂਦ ਹਜ਼ਾਰਾਂ ਟਨ ਲੈਗੇਸੀ ਵੇਸਟ (ਪੁਰਾਣਾ ਕੂੜਾ) ਦਾ ਨਿਪਟਾਰਾ ਅਜੇ ਤੱਕ ਨਹੀਂ ਹੋ ਸਕਿਆ ਸੀ ਕਿ ਹੁਣ ਰੋਜ਼ਾਨਾ ਆਉਣ ਵਾਲਾ ਨਵਾਂ ਕੂੜਾ ਵੀ ਬਿਨਾਂ ਕਿਸੇ ਪ੍ਰੋਸੈਸਿੰਗ ਦੇ ਇੱਥੇ ਹੀ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਬਦਬੂ ਫੈਲ ਰਹੀ ਹੈ ਅਤੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਸਤਾ ਰਿਹਾ ਹੈ। ਅਜਿਹੀ ਹੀ ਸਥਿਤੀ ਪੀਰਮੁਛੱਲਾ ਡੰਪਿੰਗ ਪੁਆਇੰਟ ਦੀ ਵੀ ਹੈ, ਜਿੱਥੇ ਕੂੜਾ ਨਾ ਚੁੱਕੇ ਜਾਣ ਕਾਰਨ ਫੈਲੀ ਭੈੜੀ ਬਦਬੂ ਤੋਂ ਪਰੇਸ਼ਾਨ ਹੋ ਕੇ ਸੈਂਕੜੇ ਨਿਵਾਸੀਆਂ ਨੇ ਨਗਰ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਸੀ।
ਲਾਪਰਵਾਹੀ ਬਰਦਾਸ਼ਤ ਨਹੀਂ
ਲੋਕਾਂ ਦੇ ਵਧਦੇ ਲੋਕਰੋਹ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨਗਰ ਕੌਂਸਲ ਪ੍ਰਸ਼ਾਸਨ ਹਰਕਤ ਵਿਚ ਆਇਆ ਹੈ। ਨਗਰ ਕੌਂਸਲ ਦਫ਼ਤਰ ਵਿਚ ਅਧਿਕਾਰੀਆਂ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਸਬੰਧਤ ਕੰਪਨੀ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਕੂੜਾ ਚੁੱਕਣਾ ਅਤੇ ਇਸ ਦਾ ਨਿਪਟਾਰਾ ਕਰਨਾ ਕੰਪਨੀ ਦੀ ਜ਼ਿੰਮੇਵਾਰੀ ਹੈ। ਡੰਪ ਪੁਆਇੰਟਾਂ ਤੋਂ ਕੂੜੇ ਦਾ ਬੋਝ ਘਟਾਉਣ ਲਈ ਹੁਣ ਰਾਤ ਸਮੇਂ ਵੀ ਵਿਸ਼ੇਸ਼ ਮੁਹਿੰਮ ਚਲਾ ਕੇ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸ਼ਹਿਰ ਵਿਚ ਸਫ਼ਾਈ ਵਿਵਸਥਾ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਨਿਯਮਾਂ ਅਨੁਸਾਰ ਕੂੜਾ ਚੁੱਕਿਆ ਜਾ ਰਿਹਾ ਹੈ। ਡੰਪ ਪੁਆਇੰਟਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਜੇਕਰ ਕੰਪਨੀ ਵੱਲੋਂ ਕੂੜਾ ਚੁੱਕਣ ਜਾਂ ਨਿਪਟਾਰੇ ਦੇ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਢਿੱਲ ਵਰਤੀ ਗਈ, ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਰਵਿੰਦਰ ਸਿੰਘ ਭੱਟੀ, ਕਾਰਜਸਾਧਕ ਅਫ਼ਸਰ (ਈਓ), ਨਗਰ ਕੌਂਸਲ ਜ਼ੀਰਕਪੁਰ।