- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੀ ਮਾਂ ਸੁਮਨ ਬਖ਼ਸ਼ੀ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਆਪਣੇ ਪੁੱਤਰ ਵਿਕਰਮ ਨਾਲ ਇੱਥੇ ਰਹਿੰਦੀ ਸੀ, ਜਦਕਿ ਉਸ ਦੇ ਪਤੀ ਪੁਨੀਤ ਬਖ਼ਸ਼ੀ ਉਨ੍ਹਾਂ ਤੋਂ ਵੱਖ ਰਹਿੰਦੇ ਹਨ। ਸੁਮਨ ਮੁਤਾਬਕ 5 ਅਕਤੂਬਰ ਦੀ ਰਾਤ ਨੂੰ ਲਗਭਗ 8 ਵਜੇ ਵਿਕਰਮ ਜਿਮ ਤੋਂ ਵਾਪਸ ਆ ਕੇ ਆਪਣੇ ਕਮਰੇ ਵਿਚ ਚਲਾ ਗਿਆ।

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਪਟਿਆਲਾ ਰੋਡ ਸਥਿਤ ਗੇਟਵੇਅ ਆਫ਼ ਡਰੀਮਜ਼ ਸੁਸਾਇਟੀ ਵਿਚ ਇਕ 21 ਸਾਲਾ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਿਕਰਮ ਬਖ਼ਸ਼ੀ ਵਜੋਂ ਹੋਈ ਹੈ, ਜੋ ਡੀਏਵੀ ਕਾਲਜ ਸੈਕਟਰ-10 ਚੰਡੀਗੜ੍ਹ ਵਿਚ ਬੀਬੀਏ ਦਾ ਵਿਦਿਆਰਥੀ ਸੀ। ਉਸ ਨੇ ਕਥਿਤ ਤੌਰ 'ਤੇ ਆਪਣੇ ਹੀ ਕਮਰੇ ਵਿਚ ਛਾਤੀ 'ਚ ਚਾਕੂ ਮਾਰ ਲਿਆ। ਗੰਭੀਰ ਹਾਲਤ ਵਿਚ ਉਸ ਨੂੰ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਮੰਗਲਵਾਰ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੀ ਮਾਂ ਸੁਮਨ ਬਖ਼ਸ਼ੀ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਆਪਣੇ ਪੁੱਤਰ ਵਿਕਰਮ ਨਾਲ ਇੱਥੇ ਰਹਿੰਦੀ ਸੀ, ਜਦਕਿ ਉਸ ਦੇ ਪਤੀ ਪੁਨੀਤ ਬਖ਼ਸ਼ੀ ਉਨ੍ਹਾਂ ਤੋਂ ਵੱਖ ਰਹਿੰਦੇ ਹਨ। ਸੁਮਨ ਮੁਤਾਬਕ 5 ਅਕਤੂਬਰ ਦੀ ਰਾਤ ਨੂੰ ਲਗਭਗ 8 ਵਜੇ ਵਿਕਰਮ ਜਿਮ ਤੋਂ ਵਾਪਸ ਆ ਕੇ ਆਪਣੇ ਕਮਰੇ ਵਿਚ ਚਲਾ ਗਿਆ। ਰਾਤ 10:30 ਵਜੇ ਦੇ ਕਰੀਬ ਜਦੋਂ ਉਹ ਪੁੱਤਰ ਦੇ ਕਮਰੇ 'ਚ ਗਈ ਤਾਂ ਵਿਕਰਮ ਖ਼ੂਨ ਨਾਲ ਲੱਥਪੱਥ ਜ਼ਮੀਨ 'ਤੇ ਪਿਆ ਸੀ। ਉਸ ਦੀ ਛਾਤੀ 'ਤੇ ਚਾਕੂ ਦਾ ਗਹਿਰਾ ਜ਼ਖ਼ਮ ਸੀ ਅਤੇ ਮੂੰਹ 'ਚੋਂ ਖ਼ੂਨ ਨਿਕਲ ਰਿਹਾ ਸੀ। ਮਾਂ ਦੇ ਰੌਲਾ ਪਾਉਣ 'ਤੇ ਗੁਆਂਢੀਆਂ ਦੀ ਮਦਦ ਨਾਲ ਵਿਕਰਮ ਨੂੰ ਤੁਰੰਤ ਵੀਆਈਪੀ ਰੋਡ ਸਥਿਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਪੀਜੀਆਈ ਵਿਚ ਇਲਾਜ ਦੌਰਾਨ ਮੰਗਲਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ।
ਦੂਜੇ ਪਾਸੇ ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਸਾਫ਼ ਕੀਤਾ ਹੈ ਕਿ ਉਸ ਦੇ ਪੁੱਤਰ ਨੇ ਖ਼ੁਦ ਹੀ ਆਪਣੀ ਛਾਤੀ ’ਚ ਚਾਕੂ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਕਿਸੇ ਵੀ ਵਿਅਕਤੀ 'ਤੇ ਕੋਈ ਸ਼ੱਕ ਜਾਂ ਦੋਸ਼ ਨਹੀਂ ਜਤਾਇਆ ਹੈ। ਫਿਲਹਾਲ ਪੁਲਿਸ ਨੇ ਮਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੌਕੇ ਵਾਰਦਾਤ ਤੋਂ ਮਿਲੇ ਸਬੂਤਾਂ, ਚਾਕੂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।