- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਧੀਆਂ ਨੇ ਦੱਸਿਆ ਕਿ ਰਾਮੂਵਾਲੀਆ ਨੇ 1984 ਦੇ ਧਰਮ ਯੁੱਧ ਮੋਰਚੇ ’ਚ ਸਰਗਰਮ ਭੂਮਿਕਾ ਨਿਭਾਈ ਸੀ। ਸਾਕਾ ਨੀਲਾ ਤਾਰਾ ਦੌਰਾਨ ਉਹ ਕਰੀਬ ਡੇਢ ਮਹੀਨਾ ਭੇਦਭਰੀ ਹਾਲਤ ’ਚ ਲਾਪਤਾ ਰਹੇ। ਉਸ ਸਮੇਂ ਪਰਿਵਾਰ ਨੂੰ ਉਨ੍ਹਾਂ ਦੇ ਸ਼ਹੀਦ ਹੋਣ ਦਾ ਖ਼ਦਸ਼ਾ ਸੀ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਰਹਿੰਦਿਆਂ ਰਾਮੂਵਾਲੀਆ ਨੇ ਵਿਦੇਸ਼ਾਂ ’ਚ ਫਸੇ ਪੰਜਾਬੀ ਨੌਜਵਾਨਾਂ ਅਤੇ ਮੁਸੀਬਤ ’ਚ ਘਿਰੀਆਂ ਧੀਆਂ-ਭੈਣਾਂ ਦੀ ਮਦਦ ਲਈ ਕਈ ਉਪਰਾਲੇ ਕੀਤੇ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਦੀ ਸਿਹਤ ਨਾਸਾਜ਼ ਹੈ। ਬਿਰਧ ਅਵਸਥਾ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਕਾਰਨ ਉਹ ਇਸ ਸਮੇਂ ਮੁਹਾਲੀ ਦੇ ਫੇਜ਼-9 ਸਥਿਤ ਆਪਣੇ ਘਰ ’ਚ ਹਨ। ਉਨ੍ਹਾਂ ਦੀਆਂ ਧੀਆਂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਅਤੇ ਨਵਜੋਤ ਕੌਰ ਉਨ੍ਹਾਂ ਦੀ ਦੇਖਭਾਲ ਕਰ ਰਹੀਆਂ ਹਨ। ਇਸ ਔਖੇ ਸਮੇਂ ਦੌਰਾਨ ਦੋਵੇਂ ਧੀਆਂ ਆਪਣੇ ਪਿਤਾ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਗਈਆਂ।
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਦੋਵਾਂ ਧੀਆਂ ਨੇ ਆਪਣੇ ਪਿਤਾ ਦੇ ਸੰਘਰਸ਼ਮਈ ਜੀਵਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਿਸ ਬਾਪੂ ਦੀ ਉਂਗਲ ਫੜ ਕੇ ਉਨ੍ਹਾਂ ਤੁਰਨਾ ਸਿੱਖਿਆ ਅਤੇ ਜ਼ਿੰਦਗੀ ’ਚ ਅੱਗੇ ਵਧੀਆਂ, ਅੱਜ ਉਸ ਦੀ ਸੇਵਾ ਕਰਨਾ ਉਨ੍ਹਾਂ ਲਈ ਪਰਿਵਾਰਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਰਾਮੂਵਾਲੀਆ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਨੂੰ ਤਰਜੀਹ ਦਿੱਤੀ ਅਤੇ ਮੁਸ਼ਕਲ ’ਚ ਫਸੇ ਪੰਜਾਬੀਆਂ ਦੀ ਮਦਦ ਲਈ ਹਮੇਸ਼ਾ ਅੱਗੇ ਰਹੇ।
ਬਿਮਾਰੀ ’ਚ ਵੀ ਧੀਆਂ ਨੂੰ ਦਿੱਤਾ ਹੌਸਲਾ
ਧੀਆਂ ਨਾਲ ਮੁਲਾਕਾਤ ਦੌਰਾਨ ਰਾਮੂਵਾਲੀਆ ਨੇ ਦੋਵਾਂ ਨੂੰ ਬੁੱਕਲ ’ਚ ਲਿਆ ਅਤੇ ਆਪਣੀ ਹਾਲਤ ਨੂੰ ‘ਚੜ੍ਹਦੀ ਕਲਾ’ ’ਚ ਦੱਸਦਿਆਂ ਉਨ੍ਹਾਂ ਨੂੰ ਹੌਸਲਾ ਦਿੱਤਾ। ਇਸ ਦੌਰਾਨ ਉਨ੍ਹਾਂ ਆਪਣੀ ਪ੍ਰਸਿੱਧ ਕਵਿਤਾ ‘ਅੰਬਰ ਦੀਏ ਪਰੀਏ’ ਵੀ ਧੀਆਂ ਨੂੰ ਸੁਣਾਈ। ਇਸ ਪਲ ਦੌਰਾਨ ਦੋਵੇਂ ਧੀਆਂ ਭਾਵੁਕ ਹੋ ਗਈਆਂ।
ਸੰਘਰਸ਼ਮਈ ਜੀਵਨ ਨੂੰ ਕੀਤਾ ਯਾਦ
ਧੀਆਂ ਨੇ ਦੱਸਿਆ ਕਿ ਰਾਮੂਵਾਲੀਆ ਨੇ 1984 ਦੇ ਧਰਮ ਯੁੱਧ ਮੋਰਚੇ ’ਚ ਸਰਗਰਮ ਭੂਮਿਕਾ ਨਿਭਾਈ ਸੀ। ਸਾਕਾ ਨੀਲਾ ਤਾਰਾ ਦੌਰਾਨ ਉਹ ਕਰੀਬ ਡੇਢ ਮਹੀਨਾ ਭੇਦਭਰੀ ਹਾਲਤ ’ਚ ਲਾਪਤਾ ਰਹੇ। ਉਸ ਸਮੇਂ ਪਰਿਵਾਰ ਨੂੰ ਉਨ੍ਹਾਂ ਦੇ ਸ਼ਹੀਦ ਹੋਣ ਦਾ ਖ਼ਦਸ਼ਾ ਸੀ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਰਹਿੰਦਿਆਂ ਰਾਮੂਵਾਲੀਆ ਨੇ ਵਿਦੇਸ਼ਾਂ ’ਚ ਫਸੇ ਪੰਜਾਬੀ ਨੌਜਵਾਨਾਂ ਅਤੇ ਮੁਸੀਬਤ ’ਚ ਘਿਰੀਆਂ ਧੀਆਂ-ਭੈਣਾਂ ਦੀ ਮਦਦ ਲਈ ਕਈ ਉਪਰਾਲੇ ਕੀਤੇ।
ਗਲਤ ਪੋਸਟਾਂ ਤੋਂ ਸੁਚੇਤ ਰਹਿਣ ਦੀ ਅਪੀਲ
ਰਾਮੂਵਾਲੀਆ ਦੀਆਂ ਧੀਆਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਸਿਹਤ ਸਬੰਧੀ ਚੱਲ ਰਹੀਆਂ ਗਲਤ ਪੋਸਟਾਂ ਦਾ ਖੰਡਨ ਕੀਤਾ। ਉਨ੍ਹਾਂ ਸਮਰਥਕਾਂ ਅਤੇ ਪੰਜਾਬ ਵਾਸੀਆਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਦੌਰਾਨ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਵੀ ਉਨ੍ਹਾਂ ਦੀ ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਜਾ ਰਹੀ ਹੈ।