ਕਰੋੜਾਂ ਦੀ ਛੋਟ ਦੇਣ ਦਾ ਮਾਮਲਾ ਭਖਿਆ, GMADA ਵੱਲੋਂ 57 ਕਰੋੜ ਦੀ ਦੇਣਦਾਰੀ ਮਾਫ਼ ਕਰਨ 'ਤੇ FIR ਦੀ ਤਿਆਰੀ; ED ਨੇ ਪੰਜਾਬ ਪੁਲਿਸ ਨੂੰ ਲਿਖੀ ਚਿੱਠੀ
ED ਨੇ 22 ਤੋਂ 24 ਸਤੰਬਰ ਦਰਮਿਆਨ ਗਮਾਡਾ ਦੇ ਦਫ਼ਤਰ 'ਚ ਲਗਪਗ 50 ਘੰਟੇ ਤਕ ਚੱਲੀ ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਨੂੰ ਵੀ ਆਪਣੇ ਪੱਤਰ ਦਾ ਆਧਾਰ ਬਣਾਇਆ ਹੈ। ਏਜੰਸੀ ਜ਼ਮੀਨ ਦੇ ਸੌਦੇ ਅਤੇ ਬਕਾਇਆ ਰਕਮ ਮੁਆਫ਼ ਕਰਨ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ।
Publish Date: Sun, 25 Oct 2026 12:05 PM (IST)
Updated Date: Sun, 25 Oct 2026 12:07 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਮੋਹਾਲੀ 'ਚ ਜ਼ਮੀਨ ਦੇ ਸੌਦੇ 'ਚ ਕਥਿਤ ਬੇਨਿਯਮੀਆਂ ਤੇ ਬਿਲਡਰ ਨੂੰ ਲਗਪਗ 57 ਕਰੋੜ ਰੁਪਏ ਦੀ ਦੇਣਦਾਰੀ 'ਚ ਰਾਹਤ ਦੇਣ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਸੀਨੀਅਰ ਅਧਿਕਾਰੀਆਂ ਤੇ ਦਿੱਲੀ ਦੀ ਕੰਪਨੀ ਰੇਮਿਗੇਟ ਬਿਲਡਐਸਟੇਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਖ਼ਿਲਾਫ਼ FIR ਦਰਜ ਕਰਨ ਲਈ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ।
ਇਹ ਮਾਮਲਾ ਸੈਕਟਰ-62 'ਚ ਸਥਿਤ 1.13 ਏਕੜ ਦੀ ਫੂਡ ਕੋਰਟ ਸਾਈਟ ਨਾਲ ਜੁੜਿਆ ਹੋਇਆ ਹੈ। ਸੂਤਰਾਂ ਅਨੁਸਾਰ, ED ਦੀ ਕਾਰਵਾਈ ਗਮਾਡਾ ਦੇ ਮੁੱਖ ਇੰਜੀਨੀਅਰ ਅਜੈ ਗਰਗ ਦੇ ਬਿਆਨ ਅਤੇ ਜਾਂਚ ਦੌਰਾਨ ਇਕੱਠੇ ਕੀਤੇ ਗਏ ਦਸਤਾਵੇਜ਼ਾਂ 'ਤੇ ਆਧਾਰਿਤ ਹੈ। ਅਜੈ ਗਰਗ ਤੋਂ ਅਗਸਤ 'ਚ ਪੁੱਛਗਿੱਛ ਕੀਤੀ ਗਈ ਸੀ। ਏਜੰਸੀ ਉਸ ਪ੍ਰਕਿਰਿਆ ਦੀ ਜਾਂਚ ਕਰ ਰਹੀ ਹੈ, ਜਿਸ ਤਹਿਤ ਕੰਪਨੀ ਨੂੰ ਬਕਾਇਆ ਰਕਮ 'ਚ ਛੋਟ ਦਿੱਤੀ ਗਈ ਸੀ। ਇਹ ਛੋਟ ਮੁੱਖ ਸਕੱਤਰ-ਕਮ-ਚੇਅਰਮੈਨ ਕੇਏਪੀ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਗਮਾਡਾ ਦੀ ਮੀਟਿੰਗ 'ਚ ਮਨਜ਼ੂਰ ਕੀਤੀ ਗਈ ਸੀ।
ਇਸ ਸਾਈਟ ਦੀ ਸਤੰਬਰ 2015 'ਚ 32.50 ਕਰੋੜ ਰੁਪਏ 'ਚ ਨਿਲਾਮੀ ਕੀਤੀ ਗਈ ਸੀ। ED ਨੇ ਅਗਸਤ 'ਚ ਗਮਾਡਾ ਦੇ ਮੁੱਖ ਇੰਜੀਨੀਅਰ ਅਜੈ ਗਰਗ, ਸਾਬਕਾ ਮੁੱਖ ਇੰਜੀਨੀਅਰ ਸੁਨੀਲ ਕਾਂਸਲ ਅਤੇ ਉਸ ਸਮੇਂ ਦੇ ਅਸਟੇਟ ਅਧਿਕਾਰੀ ਹਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਸੀ। ਉਨ੍ਹਾਂ ਤੋਂ ਜਾਂਚ ਦੇ ਸਿਲਸਿਲੇ 'ਚ ਰਿਕਾਰਡ ਅਤੇ ਦਸਤਾਵੇਜ਼ੀ ਸਬੂਤ ਮੰਗੇ ਗਏ ਸਨ। ਇਹ ਜਾਂਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA), 2002 ਤਹਿਤ ਕੀਤੀ ਜਾ ਰਹੀ ਹੈ।
ਛਾਪੇ ਦੌਰਾਨ ਮਿਲੇ ਦਸਤਾਵੇਜ਼ ਵੀ ਜਾਂਚ ਦੇ ਘੇਰੇ 'ਚ
ਸੂਤਰਾਂ ਮੁਤਾਬਕ, ED ਨੇ 22 ਤੋਂ 24 ਸਤੰਬਰ ਦਰਮਿਆਨ ਗਮਾਡਾ ਦੇ ਦਫ਼ਤਰ 'ਚ ਲਗਪਗ 50 ਘੰਟੇ ਤਕ ਚੱਲੀ ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਨੂੰ ਵੀ ਆਪਣੇ ਪੱਤਰ ਦਾ ਆਧਾਰ ਬਣਾਇਆ ਹੈ। ਏਜੰਸੀ ਜ਼ਮੀਨ ਦੇ ਸੌਦੇ ਅਤੇ ਬਕਾਇਆ ਰਕਮ ਮੁਆਫ਼ ਕਰਨ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ।
ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ (DGP) ਨੂੰ ED ਵੱਲੋਂ FIR ਦਰਜ ਕਰਨ ਲਈ ਚਿੱਠੀ ਲਿਖੇ ਜਾਣ ਤੋਂ ਬਾਅਦ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਬਿਲਡਰ ਨੂੰ ਦਿੱਤੀ ਗਈ 40 ਕਰੋੜ ਰੁਪਏ ਦੀ ਛੋਟ ਵਾਪਸ ਲੈ ਲਈ। ਪ੍ਰਮੁੱਖ ਸਕੱਤਰ ਨੇ ਰੀਵਿਜ਼ਨ ਅਥਾਰਟੀ ਵਜੋਂ ਕੰਪਨੀ ਦੀ ਰੀਵਿਜ਼ਨ ਪਟੀਸ਼ਨ ਖਾਰਜ ਕਰਦਿਆਂ 5 ਫਰਵਰੀ, 2026 ਨੂੰ ਗਮਾਡਾ ਦੇ ਅਪੀਲੀ ਅਥਾਰਟੀ-ਕਮ-ਵਧੀਕ ਮੁੱਖ ਪ੍ਰਸ਼ਾਸਕ ਵੱਲੋਂ ਜਾਰੀ ਹੁਕਮ ਨੂੰ ਰੱਦ ਕਰ ਦਿੱਤਾ।
ਰੇਮਿਗੇਟ ਮਾਮਲੇ 'ਚ ਪ੍ਰਮੋਟਰ ਗ੍ਰਿਫ਼ਤਾਰ
ਪਿਛਲੇ ਹਫ਼ਤੇ ED ਨੇ ਰੇਮਿਗੇਟ ਜਾਂਚ ਦੇ ਸਿਲਸਿਲੇ 'ਚ ਜਗਮੋਹਨ ਗਰਗ ਨੂੰ ਗ੍ਰਿਫ਼ਤਾਰ ਕੀਤਾ ਸੀ। ਗਰਗ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਦੇ ਪ੍ਰਮੋਟਰ ਹਨ। ਰੇਮਿਗੇਟ ਬਿਲਡਐਸਟੇਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਤਿਰੂਪਤੀ ਦੇ ਪ੍ਰਮੋਟਰਾਂ ਦੇ ਕੰਟਰੋਲ ਹੇਠ ਆਉਣ ਵਾਲੀ ਸਬੰਧਤ ਕੰਪਨੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਗਰਗ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ED ਦੀ ਜਾਂਚ ਦਾ ਮੁੱਖ ਕੇਂਦਰ ਬਿਲਡਰ ਨੂੰ ਦਿੱਤੀ ਗਈ ਰਾਹਤ, ਜ਼ਮੀਨ ਦੇ ਸੌਦੇ ਨਾਲ ਜੁੜੇ ਫ਼ੈਸਲੇ ਅਤੇ ਇਸ ਮਾਮਲੇ 'ਚ ਕਥਿਤ ਬੇਨਿਯਮੀਆਂ ਦੀਆਂ ਸਥਿਤੀਆਂ ਹਨ।