ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਪਰਿਵਾਰਕ ਮੈਂਬਰਾਂ ਦਾ SIR 2026 ਤਹਿਤ ਭਰਿਆ ਐਨਿਊਮਰੇਸ਼ਨ ਫਾਰਮ
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਅਗਵਾਈ ਹੇਠ ਐੱਸ.ਆਈ.ਆਰ.2026 ਮੁਹਿੰਮ ਤਹਿਤ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰਾਂ ਨੂੰ ਐਨਿਊਮਰੇਸ਼ਨ ਫਾਰਮ ਭਰਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
Publish Date: Mon, 13 Jul 2026 03:28 PM (IST)
Updated Date: Mon, 13 Jul 2026 03:35 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਅਗਵਾਈ ਹੇਠ ਐੱਸ.ਆਈ.ਆਰ.2026 ਮੁਹਿੰਮ ਤਹਿਤ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰਾਂ ਨੂੰ ਐਨਿਊਮਰੇਸ਼ਨ ਫਾਰਮ ਭਰਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸਵੀਪ ਟੀਮ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਚੋਣ ਦਫ਼ਤਰ ਦੀ ਤਹਿਸੀਲਦਾਰ ਹਰਪ੍ਰੀਤ ਕੌਰ ਅਤੇ ਚੋਣ ਕਾਨੂੰਨਗੋ ਸੁਰਿੰਦਰ ਬੱਤਰਾ ਵੱਲੋਂ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਐੱਸ.ਆਈ.ਆਰ.2026 ਤਹਿਤ ਉਨ੍ਹਾਂ ਦੇ ਪਿਤਾ ਦਾ, ਮਾਤਾ ਦਾ ਅਤੇ ਉਨ੍ਹਾਂ ਦਾ ਐਨਿਊਮਰੇਸ਼ਨ ਫਾਰਮ ਭਰਵਾਉਣ ਦੀ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਯਕੀਨੀ ਬਣਾਇਆ ਗਿਆ।
ਅਰਸ਼ਦੀਪ ਸਿੰਘ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਨਾਲ ਇੰਗਲੈਂਡ ਦੌਰੇ ’ਤੇ ਹਨ, ਇਸ ਲਈ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਆਪਣੇ ਐਨਿਊਮਰੇਸ਼ਨ ਫਾਰਮ ਵੀ ਭਰੇ ਅਤੇ ਅਰਸ਼ਦੀਪ ਸਿੰਘ ਦਾ ਐਨਿਊਮਰੇਸ਼ਨ ਫਾਰਮ ਵੀ ਨਿਯਮਾਂ ਅਨੁਸਾਰ ਬੀ. ਐੱਲ. ਓ. ਨੂੰ ਮੁਹੱਈਆ ਕਰਵਾਇਆ।
ਇਸ ਮੌਕੇ ਅਰਸ਼ਦੀਪ ਸਿੰਘ ਦੇ ਪਰਿਵਾਰ ਨੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐਨਿਊਮਰੇਸ਼ਨ ਫਾਰਮ ਜਲਦ ਤੋਂ ਜਲਦ ਭਰ ਕੇ ਸਪੈਸ਼ਲ ਇੰਟੈਂਸਿਵ ਰਵੀਜ਼ਨ 2026 ਮੁਹਿੰਮ ’ਚ ਸਰਗਰਮ ਭਾਗੀਦਾਰੀ ਨਿਭਾਉਣ ਤਾਂ ਜੋ ਵੋਟਰ ਸੂਚੀਆਂ ਦੀ ਸ਼ੁੱਧਤਾ, ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਜ਼ਿਲ੍ਹਾ ਸਵੀਪ ਟੀਮ ਨੇ ਕਿਹਾ ਕਿ ਸਮਾਜ ਦੇ ਉੱਘੇ ਵਿਅਕਤੀਆਂ ਦੀ ਭਾਗੀਦਾਰੀ ਲੋਕਾਂ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵੋਟਰ ਦਾ ਐਨਿਊਮਰੇਸ਼ਨ ਫਾਰਮ ਭਰਨਾ ਅਤੇ ਸਮੇਂ ਸਿਰ ਜਮ੍ਹਾਂ ਕਰਵਾਉਣਾ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ਼ ਹੈ, ਜਿਸ ਨਾਲ ਸਹੀ ਅਤੇ ਨਿਰਪੱਖ ਵੋਟਰ ਸੂਚੀਆਂ ਦੀ ਤਿਆਰੀ ਯਕੀਨੀ ਬਣਾਈ ਜਾ ਸਕਦੀ ਹੈ।